ਜਲੰਧਰ ਕਮਿਸ਼ਨਰੇਟ ਪੁਲਿਸ ਨੇ 3 ਲਾਪਤਾ ਬੱਚਿਆਂ ਨੂੰ ਪਰਿਵਾਰਾਂ ਨਾਲ ਮਿਲਾਇਆ

ਪੁਲਿਸ

– ਨਾਬਾਲਗ ਲੜਕੀਆਂ ਨੂੰ ਅਗਵਾ ਕਰਨ ਵਾਲਾ ਵਿਅਕਤੀ ਗ੍ਰਿਫਤਾਰ

ਜਲੰਧਰ 23 ਅਪ੍ਰੈਲ (ਜਸਵਿੰਦਰ ਸਿੰਘ ਆਜ਼ਾਦ)- ਕਮਿਸ਼ਨਰੇਟ ਪੁਲਿਸ ਜਲੰਧਰ ਨੇ ਇੱਕ ਵਾਰ ਫਿਰ ਜਨਤਕ ਸੁਰੱਖਿਆ ਪ੍ਰਤੀ ਆਪਣੀ ਅਟੱਲ ਵਚਨਬੱਧਤਾ ਦਾ ਪ੍ਰਦਰਸ਼ਨ ਕਰਦਿਆਂ ਤਿੰਨ ਨਾਬਾਲਗ ਲੜਕੀਆਂ ਨੂੰ ਕਪੂਰਥਲਾ ਤੋਂ ਬਰਾਮਦ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।

ਵੇਰਵਾ ਸਾਂਝਾ ਕਰਦੇ ਹੋਏ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਇਕ ਸ਼ਿਕਾਇਤ ਦੇ ਆਧਾਰ ‘ਤੇ 20 ਫਰਵਰੀ 2025 ਨੂੰ ਪੁਲਿਸ ਸਟੇਸ਼ਨ ਡਿਵੀਜ਼ਨ-8, ਜਲੰਧਰ ਵਿਖੇ ਐਫ.ਆਈ.ਆਰ. (ਨੰਬਰ 41, ਧਾਰਾ 127 (6) ਬੀ.ਐਨ.ਐਸ.) ਦਰਜ ਕੀਤੀ ਗਈ ਸੀ ਕਿ ਇੱਕ 9 ਸਾਲਾ ਲੜਕੀ ਨੂੰ ਇੱਕ ਵਿਅਕਤੀ ਦੁਆਰਾ ਅਗਵਾ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਏ 21 ਅਪ੍ਰੈਲ 2025 ਨੂੰ ਪੁਲਿਸ ਟੀਮ ਨੇ ਦੋਸ਼ੀ ਰਾਜੇਸ਼ ਪਾਂਡੇ ਪੁੱਤਰ ਤ੍ਰਿਵੇਣੀ (ਵਾਸੀ ਪਾਰਾ, ਪੀਐਸ ਖੇਹਰੀਘਾਟ, ਜ਼ਿਲ੍ਹਾ ਬਹਿਰੀਚ, ਉੱਤਰ ਪ੍ਰਦੇਸ਼) ਨੂੰ ਕਪੂਰਥਲਾ ਤੋਂ ਗ੍ਰਿਫ਼ਤਾਰ ਕੀਤਾ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮ ਨੇ ਅਗਵਾ ਹੋਈ 9 ਸਾਲਾ ਬੱਚੀ ਨੂੰ ਦੋ ਹੋਰ ਨਾਬਾਲਗ ਕੁੜੀਆਂ ਸਮੇਤ ਸਫਲਤਾਪੂਰਵਕ ਬਰਾਮਦ ਕਰ ਲਿਆ ਹੈ।

ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਕਿਹਾ ਕਿ ਮੈ਼ਡੀਕਲ ਜਾਂਚ ਤੋਂ ਬਾਅਦ ਐਫ.ਆਈ.ਆਰ ਵਿੱਚ ਪੋਕਸੋ ਐਕਟ ਦੀਆਂ ਧਾਰਾਵਾਂ 5 ਅਤੇ 6 ਦਾ ਵਾਧਾ ਜੁਰਮ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਦੋਸ਼ੀ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਮਿਸ਼ਨਰੇਟ ਪੁਲਿਸ ਜਲੰਧਰ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।

By admin

Related Post