Breaking
Fri. Oct 10th, 2025

ਜਲੰਧਰ ਪ੍ਰਸ਼ਾਸਨ ਵਲੋਂ 56 ਸੜਕੀ ਦੁਰਘਟਨਾਵਾਂ ਵਾਲੇ ਬਲੈਕ ਸਪੌਟਾਂ ਦੀ ਪਹਿਚਾਣ, ਡਿਪਟੀ ਕਮਿਸ਼ਨਰ ਵਲੋਂ ਤੁਰੰਤ ਠੀਕ ਕਰਨ ਦੇ ਆਦੇਸ਼

ਜਲੰਧਰ ਪ੍ਰਸ਼ਾਸਨ

– ਬਲੈਕ ਸਪੌਟ ਥਾਵਾਂ ਨੂੰ ਠੀਕ ਕਰਨ ਬਾਰੇ ਇਕ ਹਫ਼ਤੇ ਦੇ ਵਿੱਚ-ਵਿੱਚ ਰਿਪੋਰਟ ਸੌਂਪਣ ਦੀਆਂ ਹਦਾਇਤਾਂ, ਕਿਸ਼ਨਗੜ੍ਹ ਜੰਕਸ਼ਨ ਵਿਖੇ ਹਾਦਸਿਆਂ ਨੂੰ ਰੋਕਣ ਲਈ ਨਵੀਆਂ ਟਰੈਫਿਕ ਲਾਈਟਾਂ ਨੂੰ ਪ੍ਰਵਾਨਗੀ

ਜਲੰਧਰ 9 ਅਕਤੂਬਰ (ਜਸਵਿੰਦਰ ਸਿੰਘ ਆਜ਼ਾਦ)- ਸੜਕ ਸੁਰੱਖਿਆ ਨੂੰ ਹੋਰ ਮਜਬੂਤ ਬਣਾਉਣ ਵੱਲ ਕਦਮ ਚੁੱਕਦਿਆਂ ਜਲੰਧਰ ਪ੍ਰਸ਼ਾਸਨ ਵਲੋਂ ਜ਼ਿਲ੍ਹੇ ਵਿੱਚ ਹਾਦਸਾ ਹੋਣ ਵਾਲੀਆਂ 56 ਥਾਵਾਂ ਦੀ ਪਹਿਚਾਣ ਕੀਤੀ ਗਈ ਹੈ ਅਤੇ ਸੜਕੀ ਹਾਦਸਿਆਂ ਦੀ ਰੋਕਥਾਮ ਲਈ ਇਨ੍ਹਾਂ ਥਾਵਾਂ ਉਤੇ ਤੁਰੰਤ ਲੋੜੀਂਦੇ ਮਾਪਦੰਡਾਂ ਅਨੁਸਾਰ ਸੁਧਾਰ ਸ਼ੁਰੂ ਕੀਤੇ ਗਏ ਹਨ। ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਡਾ.ਹਿਮਾਂਸ਼ੂ ਅਗਰਵਾਲ ਨੇ ਸਬੰਧਿਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਜਦੋਂ ਤੱਕ ਹਾਦਸਿਆਂ ਵਾਲੀਆਂ ਥਾਵਾਂ ਠੀਕ ਨਹੀਂ ਹੋ ਜਾਂਦੀਆਂ, ਉਦੋਂ ਤੱਕ ਰਾਹਗੀਰਾਂ ਨੂੰ ਸੁਚੇਤ ਕਰਨ ਲਈ ਸਾਈਨ ਬੋਰਡ ਲਗਵਾਏ ਜਾਣ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਨ੍ਹਾਂ ਹਾਦਸਿਆਂ ਵਾਲੀਆਂ ਥਾਵਾਂ ਦੀ ਪਹਿਚਾਣ ਕੀਤੀ ਗਈ ਹੈ, ਉਨਾਂ ਵਿੱਚ ਜਲੰਧਰ-1 ਵਿੱਚ 24 ਥਾਵਾਂ, ਜਲੰਧਰ-2 ਵਿੱਚ 11, ਸ਼ਾਹਕੋਟ ਵਿੱਚ 9, ਨਕੋਦਰ ਵਿੱਚ 8, ਫਿਲੌਰ ਵਿੱਚ 3 ਅਤੇ ਆਦਮਪੁਰ ਸਬ ਡਵੀਜ਼ਨ ਵਿੱਚ 1 ਥਾਂ ਸ਼ਾਮਿਲ ਹੈ।

ਇਨ੍ਹਾਂ ਥਾਵਾਂ ਦੀ ਪਹਿਚਾਣ ਵੱਖ-ਵੱਖ ਵਿਭਾਗਾਂ ਵਲੋਂ ਕਈ ਮਹੀਨੇ ਲਗਾਤਾਰ ਦੁਰਘਟਨਾਵਾਂ ਵਾਲੀਆਂ ਥਾਵਾਂ ਦਾ ਸਰਵੇ ਕਰਨ ਉਪਰੰਤ ਪੇਸ਼ ਕੀਤੀਆਂ ਗਈਆਂ ਰਿਪੋਰਟਾਂ ਦੇ ਅਧਾਰ ’ਤੇ ਕੀਤੀ ਗਈ ਹੈ। ਉਨ੍ਹਾਂ ਸਬੰਧਿਤ ਵਿਭਾਗਾਂ ਨੂੰ ਜ਼ੋਰ ਦੇ ਕੇ ਕਿਹਾ ਕਿ ਜ਼ਿਲ੍ਹੇ ਵਿੱਚ ਸੜਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਬਿਹਤਰ ਆਪਸੀ ਤਾਲਮੇਲ ਨਾਲ ਲੋੜੀਂਦੀ ਕਾਰਵਾਈ ਕਰਨੀ ਚਾਹੀਦੀ ਹੈ।

ਇਕ ਹੋਰ ਮਹੱਤਵਪੂਰਨ ਉਪਰਾਲਾ ਕਰਦਿਆਂ ਪ੍ਰਸ਼ਾਸਨ ਵਲੋਂ ਨੈਸ਼ਨਲ ਹਾਈਵੇ ਉਤੇ ਸਥਿਤ ਸਭ ਤੋਂ ਵੱਧ ਰੁਝੇਵਿਆਂ ਭਰੇ ਕਿਸ਼ਨਗੜ੍ਹ ਚੌਕ, ਜਿਥੇ ਕਿ ਦੁਰਘਟਨਾਵਾਂ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ,ਵਿਖੇ ਨਵੀਂ ਟਰੈਫਿਕ ਲਾਈਟਾਂ ਲਗਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਇਹ ਪ੍ਰੋਜੈਕਟ 12.86 ਲੱਖ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਵੇਗਾ ਅਤੇ ਇਸ ਨਾਲ ਜਿਥੇ ਅਵਾਜਾਈ ਨੂੰ ਸੁਚਾਰੂ ਢੰਗ ਨਾਲ ਯਕੀਨੀ ਬਣਾਇਆ ਜਾ ਸਕੇਗਾ, ਉਥੇ ਹੀ ਵਾਹਨਾਂ ਦੀਆਂ ਲੱਗਣ ਵਾਲੀਆਂ ਲੰਬੀਆਂ ਕਤਾਰਾਂ ਤੋਂ ਰਾਹਤ ਮਿਲੇਗੀ।

ਜਿਥੇ ਸਰਵਿਸ ਲੇਟ ਹਾਈਵੇ ਨਾਲ ਮਿਲਦੀ ਹੈ, ਉਥੇ ਬਲਿੰਕਰ ਅਤੇ ਰਿਫਲੈਕਟਰ ਆਦਿ ਲਗਾਏ ਜਾਣ

ਡਾ. ਅਗਰਵਾਲ ਵਲੋਂ ਭੋਗਪੁਰ, ਆਦਮਪੁਰ ਅਤੇ ਫੋਕਲ ਪੁਆਇੰਟ ਖੇਤਰ ਵਿੱਚ ਨਿਰਵਿਘਨ ਅਵਾਜਾਈ ਨੂੰ ਜਾਰੀ ਰੱਖਣ ਲਈ ਅਪਣਾਏ ਜਾਣ ਵਾਲੇ ਮਾਪਦੰਡਾਂ ਦਾ ਵੀ ਜਾਇਜ਼ਾ ਲਿਆ ਗਿਆ। ਉਨ੍ਹਾ ਪੁਲਿਸ ਨੂੰ ਹਦਾਇਤਾਂ ਕੀਤੀਆਂ ਕਿ ਹਾਈਵੇ ਉਤੇ ਅਣ ਉਚਿੱਤ ਤਰਕੇ ਨਾਲ ਖਾਸ ਕਰਕੇ ਤਿਉਹਾਰੀ ਸੀਜ਼ਨ ਦੌਰਾਨ ਵਾਹਨਾਂ ਦੀ ਪਾਰਕਿੰਗ ਕਰਨ ਵਾਲਿਆਂ ਖਿਲਾਫ਼ ਸ਼ਖਤ ਕਾਰਵਾਈ ਕੀਤੀ ਜਾਵੇ । ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਨੂੰ ਹਦਾਇਤ ਕੀਤੀ ਗਈ ਕਿ ਜਿਥੇ ਸਰਵਿਸ ਲੇਟ ਹਾਈਵੇ ਨਾਲ ਮਿਲਦੀ ਹੈ, ਉਥੇ ਬਲਿੰਕਰ ਅਤੇ ਰਿਫਲੈਕਟਰ ਆਦਿ ਲਗਾਏ ਜਾਣ।

ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੇ ਟਰੈਫਿਕ ਪੁਲਿਸ ਨੂੰ ਹਦਾਇਤ ਕੀਤੀ ਕਿ 27 ਅਕਤੂਬਰ ਤੱਕ ਸਾਰੀਆਂ ਕਾਰਜਸ਼ੀਲ ਟਰੈਫਿਕ ਲਾਈਟਾਂ ਸਬੰਧੀ ਰਿਪੋਰਟ ਪੇਸ਼ ਕੀਤੀ ਜਾਵੇ। ਉਨ੍ਹਾਂ ਸਿੱਖਿਆ ਵਿਭਾਗ ਅਤੇ ਟਰੈਫਿਕ ਪੁਲਿਸ ਨੂੰ ਵੀ ਸਲਾਹ ਦਿੱਤੀ ਕਿ ਵਿਦਿਅਕ ਸੰਸਥਾਵਾਂ ਦੇ ਨੇੜੇ ਨਿਰਵਿਘਨ ਅਵਾਜਾਈ ਰੋਕਣ ਲਈ ਸਕੂਲ ਦੇ ਸਮੇਂ ਨੂੰ 10 ਤੋਂ 15 ਮਿੰਟ ਘਟਾ ਦੇਣ।

ਮੀਟਿੰਗ ਦੌਰਾਨ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਦੇ ਅਧਿਕਾਰੀਆਂ ਨੇ ਦੱਸਿਆ ਕਿ ਬਿੱਧੀਪੁਰ ਤੋਂ ਫਗਵਾੜਾ ਤੱਕ ਸੜਕ ਨੂੰ ਮੁਰੰਮਤ ਕਰਨ ਅਤੇ ਰੀਲੇਰਿੰਗ ਕਰਨ ਲਈ 93 ਕਰੋੜ ਰੁਪਏ ਦਾ ਵਿਸਥਾਰਿਤ ਪ੍ਰੋਜੈਕਟ ਹੈਡਕੁਆਰਟਰ ਭੇਜਿਆ ਗਿਆ ਹੈ। ਜ਼ਿਕਰਯੋਗ ਹੈ ਕਿ ਪ੍ਰਸਤਾਵ ਵਿੱਚ ਪੀ.ਏ.ਪੀ.ਫਲਾਈਓਵਰ ਵਿਖੇ ਇਕ ਵਾਧੂ ਲੇਨ ਬਣਾਉਣਾ ਵੀ ਸ਼ਾਮਿਲ ਹੈ, ਜਿਸ ਦਾ ਮੁੱਖ ਮੰਤਵ ਇਸ ਸਭ ਤੋਂ ਰੁਝੇਵਿਆਂ ਭਰੇ ਸਥਾਨ ਉਤੇ ਵਾਹਨਾਂ ਦੀ ਸੁਖਾਲੀ ਅਵਾਜਾਈ ਨੂੰ ਯਕੀਨੀ ਬਣਾਕੇ ਅਵਾਜਾਈ ਦੀ ਸਮੱਸਿਆ ਨੂੰ ਹੱਲ ਕਰਨਾ ਹੈ। ਇਕ ਵਾਰ ਪ੍ਰੋਜੈਕਟ ਦੇ ਪ੍ਰਵਾਨ ਹੋ ਜਾਣ ਨਾਲ ਸੜਕ ਸੁਰੱਖਿਆ ਵਿੱਚ ਮਹੱਤਵਪੂਰਨ ਸੁਧਾਰ ਹੋਣ ਦੇ ਨਾਲ-ਨਾਲ ਬਿਹਤਰ ਆਪਸੀ ਸੰਪਰਕ ਨੂੰ ਯਕੀਨੀ ਬਣਾਉਣ ਦੀ ਉਮੀਦ ਹੈ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ, ਅਮਨਿੰਦਰ ਕੌਰ, ਆਰ.ਟੀ.ਓ. ਅਮਨਪਾਲ ਸਿੰਘ ਅਤੇ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੇ ਮੈਂਬਰਾਂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।

By admin

Related Post