ਹੁਸ਼ਿਆਰਪੁਰ 15 ਮਈ ( ਤਰਸੇਮ ਦੀਵਾਨਾ ) – ਸਮਾਜਿਕ ਜਾਗਰੂਕਤਾ ਲਈ ਕਾਰਜਰਤ ਸੰਸਥਾ “ਸਵੇਰਾ” ਨੇ ਪੰਜਾਬ ਰਾਜ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੇਨਤੀ ਕੀਤੀ ਹੈ ਕਿ ਸਰਕਾਰੀ ਵਿਭਾਗਾਂ ਵਿੱਚ ਆਊਟਸੋਰਸਿੰਗ, ਕੰਟਰੈਕਟ ਤੇ ਕਾਰਜਰਤ ਅਸਥਾਈ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਤੁਰੰਤ ਨਿਯਮਤ ਕੀਤਾ ਜਾਵੇ। ਸਰਕਾਰੀ ਸੇਵਾ ਦੌਰਾਨ ਨੌਕਰੀ ਵਲੋਂ ਸੁਰੱਖਿਅਤ ਕਰਮਚਾਰੀ ਹੀ ਸਮਰਪਿਤ ਭਾਵਨਾ ਨਾਲ ਕੰਮ ਕਰ ਸਕਦਾ ਹੈ। ਸਰਕਾਰ ਤਾਂ ਹੀ ਕੁਸ਼ਲ ਸ਼ਾਸ਼ਨ ਦੇ ਸਕਦੀ ਹੈ ਜੇਕਰ ਉਹਨਾਂ ਲੋਕਾਂ ਦਾ ਭਵਿੱਖ ਸੁਰੱਖਿਅਤ ਹੋਵੇਗਾ ਜਿਹਨਾਂ ਨੇ ਸਾਫ-ਸੁਥਰਾ ਸ਼ਾਸ਼ਨ ਦੇਣ ਵਿੱਚ ਅਹਿਮ ਭੂਮਿਕਾ ਅਦਾ ਕਰਨੀ ਹੈ। “ਸਵੇਰਾ” ਦੇ ਅਹੁਦੇਦਾਰਾਂ ਡਾ.ਅਜੇ ਬੱਗਾ, ਹਰੀਸ਼ ਸੈਣੀ, ਡਾ.ਸਰਦੂਲ ਸਿੰਘ ਅਤੇ ਡਾ.ਅਵਨੀਸ਼ ਓਹਰੀ ਨੇ ਜਾਰੀ ਬਿਆਨ ਵਿੱਚ ਆਖਿਆ ਕਿ ਸਰਕਾਰੀ ਸੇਵਾਵਾਂ ਜਨਤਕ ਭਲਾਈ ਦੀ ਰੀੜ ਦੀ ਹੱਡੀ ਹਨ।
ਸਰਕਾਰੀ ਵਿਭਾਗ ਉਦੋਂ ਤੱਕ ਕੁਸ਼ਲਤਾ ਨਾਲ ਨਹੀਂ ਚੱਲ ਸਕਦੇ ਜਦ ਤੱਕ ਇਹਨਾਂ ਵਿਭਾਗਾਂ ਵਿੱਚ ਸੇਵਾਵਾਂ ਦੇਣ ਵਾਲੇ ਕਰਮਚਾਰੀ ਖੁਦ ਭਵਿੱਖ ਦੀ ਅਸੁਰੱਖਿਆ ਵਿੱਚ ਜੀਅ ਰਹੇ ਹਨ। ਅਸਥਾਈ ਅਧਾਰ ਤੇ ਭਰਤੀ ਕੀਤੇ ਕਰਮਚਾਰੀ ਉਹੀ ਜਿੰਮੇਵਾਰੀ ਅਤੇ ਉਹੀ ਕੰਮ ਕਰਦੇ ਹਨ ਜਿਹੜੇ ਕਿ ਪੱਕੇ ਕਰਮਚਾਰੀ ਕਰਦੇ ਹਨ। ਪਰ ਅਸਥਾਈ ਕਰਮਚਾਰੀਆਂ ਕੋਲ ਨੌਕਰੀ ਦੀ ਸੁਰੱਖਿਆ, ਪੈਨਸ਼ਨ ਅਤੇ ਬਰਾਬਰ ਕੰਮ ਲਈ ਬਰਾਬਰ ਤਨਖਾਹ ਨਹੀਂ ਹੁੰਦੀ। ਇਸ ਤਰ੍ਹਾਂ ਸਰਕਾਰੀ ਸੰਸਥਾਵਾਂ ਦੇ ਅੰਦਰ ਹੀ ਦੋਹਰੀ ਪ੍ਰਣਾਲੀ ਬਣ ਜਾਂਦੀ ਹੈ, ਜੋ ਸਟਾਫ ਦਾ ਮਨੋਬਲ ਡੇਗਦੀ ਹੈ ਅਤੇ ਸੇਵਾ ਦੀ ਗੁਣਵੱਤਾ ਨੂੰ ਕਮਜੋਰ ਕਰਦੀ ਹੈ। ਕੰਟਰੈਕਟ ਮੁਲਾਜਮ ਅਚਾਨਕ ਬਰਖਾਸਤਗੀ ਅਤੇ ਸ਼ੋਸ਼ਣ ਦੇ ਡਰ ਵਿੱਚ ਜਿਉਂਦੇ ਹਨ।
ਬਹੁਤ ਸਾਰੇ ਕਰਮਚਾਰੀ ਸਾਲਾਂ ਤੱਕ ਤਜਰਬਾ ਅਤੇ ਮਹਾਰਤ ਹਾਸਲ ਕਰਨ ਦੇ ਬਾਵਜੂਦ ਤਰੱਕੀ ਅਤੇ ਸਥਿਰਤਾ ਤੋਂ ਵਾਂਝੇ ਰਹਿ ਜਾਂਦੇ ਹਨ
ਬਹੁਤ ਸਾਰੇ ਕਰਮਚਾਰੀ ਸਾਲਾਂ ਤੱਕ ਤਜਰਬਾ ਅਤੇ ਮਹਾਰਤ ਹਾਸਲ ਕਰਨ ਦੇ ਬਾਵਜੂਦ ਤਰੱਕੀ ਅਤੇ ਸਥਿਰਤਾ ਤੋਂ ਵਾਂਝੇ ਰਹਿ ਜਾਂਦੇ ਹਨ। ਅਹੁਦੇਦਾਰਾਂ ਨੇ ਇਹ ਵੀ ਆਖਿਆ ਕਿ ਜਦੋਂ ਅਸਥਾਈ ਤੌਰ ਤੇ ਕੰਮ ਕਰਨ ਵਾਲੇ ਕਰਮਚਾਰੀ ਆਪਣੇ ਹੱਕਾਂ ਦੀ ਮੰਗ ਕਰਦੇ ਹੋਏ ਹੜਤਾਲ ਤੇ ਜਾਂਦੇ ਹਨ ਤਾਂ ਉਹਨਾਂ ਨੂੰ ਕੰਮ ਵਿੱਚ ਵਿਘਨ ਪਾਉਣ ਵਾਲੇ ਕਰਾਰ ਦਿੱਤਾ ਜਾਂਦਾ ਹੈ ਨਾ ਕਿ ਸਿਸਟਮ ਦੀ ਕਮੀ ਨੂੰ ਉਜਾਗਰ ਕਰਨ ਵਾਲੇ। “ਸਵੇਰਾ” ਦੇ ਕਨਵੀਨਰ ਡਾ.ਅਜੇ ਬੱਗਾ ਨੇ ਭਵਿੱਖ ਵਿੱਚ ਸਰਕਾਰੀ ਸੇਵਾਵਾਂ ਵਿੱਚ ਸਾਰੀਆਂ ਨਿਯੁਕਤੀਆਂ ਪਹਿਲੇ ਦਿਨ ਤੋਂ ਹੀ ਨਿਯਮਤ ਅਤੇ ਪੱਕੇ ਕਰਨ ਦੇ ਅਧਾਰ ਤੇ ਕੀਤੇ ਜਾਣ ਦੀ ਮੰਗ ਕੀਤੀ ਹੈ ।

