ਆਮ ਆਦਮੀ ਕਲੀਨਿਕਾਂ ‘ਚ ਵਟਸਐਪ ਚੈਟਬੋਟ ਦੀ ਸ਼ੁਰੂਆਤ ਸਿਹਤ ਸੇਵਾਵਾਂ ਨੂੰ ਹੋਰ ਆਸਾਨ, ਤੇਜ਼ ਤੇ ਪ੍ਰਭਾਵਸ਼ਾਲੀ ਬਣਾਏਗੀ : ਮੋਹਿੰਦਰ ਭਗਤ

ਕੈਬਨਿਟ ਮੰਤਰੀ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਪ੍ਰਗਟਾਇਆ

ਕਿਹਾ ਪੰਜਾਬ ਸਰਕਾਰ ਨੇ ਸਿਹਤ ਦੇ ਖੇਤਰ ’ਚ ਕ੍ਰਾਂਤੀ ਲਿਆਂਦੀ, ਨਵੀਂ ਸੇਵਾ ਸੂਬੇ ਦੇ ਲੋਕਾਂ ਲਈ ਵੱਡੀ ਸੁਵਿਧਾ ਸਾਬਤ ਹੋਵੇਗੀ

ਜਲੰਧਰ 3 ਅਗਸਤ (ਜਸਵਿੰਦਰ ਸਿੰਘ ਆਜ਼ਾਦ)- ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਨੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਅੱਜ ਸੂਬੇ ਦੇ ਸਾਰੇ ਆਮ ਆਦਮੀ ਕਲੀਨਿਕਾਂ ਵਿੱਚ ਵਟਸਐਪ ਚੈਟਬੋਟ ਸੇਵਾ ਦੀ ਸ਼ੁਰੂਆਤ ਕਰਨ ‘ਤੇ ਉਨ੍ਹਾਂ ਦਾ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਇਹ ਤਕਨੀਕੀ ਪਹਿਲ ਸਿਹਤ ਸੇਵਾਵਾਂ ਨੂੰ ਹੋਰ ਆਸਾਨ, ਤੇਜ਼ ਤੇ ਪ੍ਰਭਾਵਸ਼ਾਲੀ ਬਣਾਏਗੀ।

ਕੈਬਿਨਟ ਮੰਤਰੀ ਨੇ ਕਿਹਾ ਕਿ ਹੁਣ ਮਰੀਜ਼ਾਂ ਨੂੰ ਆਪਣੀਆਂ ਦਵਾਈਆਂ, ਟੈਸਟ ਰਿਪੋਰਟਾਂ, ਅਪਾਇੰਟਮੈਂਟ ਰਿਮਾਈਂਡਰ ਅਤੇ ਸਿਹਤ ਸਬੰਧੀ ਹੋਰ ਜਾਣਕਾਰੀਆਂ ਸਿੱਧਾ ਆਪਣੇ ਵਟਸਐਪ ’ਤੇ ਮਿਲ ਸਕਣਗੀਆਂ। ਉਨ੍ਹਾਂ ਕਿਹਾ ਕਿ ਇਸ ਸੇਵਾ ਸਦਕਾ ਲੋਕਾਂ ਨੂੰ ਕਲੀਨਿਕਾਂ ਦੀਆਂ ਲਾਈਨਾਂ ‘ਚ ਖੜ੍ਹੇ ਹੋਣ ਦੀ ਲੋੜ ਨਹੀਂ ਰਹੇਗੀ।

ਉਨ੍ਹਾਂ ਦੱਸਿਆ ਕਿ ਇਹ ਆਟੋਮੈਟਿਕ ਚੈਟਬੋਟ ਸਿਸਟਮ ਮਰੀਜ਼ਾਂ ਦੀ ਜਾਣਕਾਰੀ ਨੂੰ ਸੁਰੱਖਿਅਤ ਢੰਗ ਨਾਲ ਸੰਭਾਲੇਗਾ ਅਤੇ ਕਾਗਜ਼ੀ ਰਿਕਾਰਡ ਤੋਂ ਵੀ ਮੁਕਤੀ ਮਿਲੇਗੀ, ਜਿਸ ਨਾਲ ਜਿਥੇ ਸਮਾਂ ਬਚੇਗਾ ਉਥੇ ਕਾਰਗੁਜ਼ਾਰੀ ਵਿੱਚ ਵੀ ਤੇਜ਼ੀ ਆਵੇਗੀ।

ਸ਼੍ਰੀ ਭਗਤ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਿਹਤ ਦੇ ਖੇਤਰ ਵਿੱਚ ਕ੍ਰਾਂਤੀ ਲਿਆਂਦੀ ਹੈ ਅਤੇ ਆਮ ਆਦਮੀ ਕਲੀਨਿਕਾਂ ਰਾਹੀਂ ਲੋਕਾਂ ਨੂੰ ਉਨ੍ਹਾਂ ਦੀਆਂ ਬਰੂਹਾਂ ’ਤੇ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਇਨ੍ਹਾਂ ਕਲੀਨਿਕਾਂ ਵਿੱਚ ਵਟਸਐਪ ਸੇਵਾ ਦੀ ਸ਼ੁਰੂਆਤ ਨਾਲ ਪੰਜਾਬ ਦਾ ਸਿਹਤ ਮਾਡਲ ਹੋਰ ਮਜ਼ਬੂਤ ਹੋਇਆ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਦਵਾਈਆਂ ਦੀ ਲਿਸਟ ਤੇ ਜਾਣਕਾਰੀ, ਲੈਬ ਟੈਸਟ ਰਿਪੋਰਟਾਂ, ਅਪਾਇੰਟਮੈਂਟ ਦੀ ਸੂਚਨਾ ਅਤੇ ਆਮ ਸਿਹਤ ਸਬੰਧੀ ਪ੍ਰਸ਼ਨਾਂ ਦੇ ਜਵਾਬ ਮਰੀਜ਼ ਇਸ ਵਟਸਐਪ ਸੇਵਾ ਰਾਹੀਂ ਪ੍ਰਾਪਤ ਕਰ ਸਕਣਗੇ। ਉਨ੍ਹਾਂ ਕਿਹਾ ਕਿ ਇਹ ਨਵੀਂ ਸੇਵਾ ਸੂਬੇ ਦੀ ਆਮ ਜਨਤਾ ਲਈ ਇੱਕ ਵੱਡੀ ਸੁਵਿਧਾ ਸਾਬਤ ਹੋਵੇਗੀ ਅਤੇ ਸਰਕਾਰੀ ਸਿਹਤ ਸੇਵਾਵਾਂ ਦੀ ਪਹੁੰਚ ਨਵੀਂ ਉਚਾਈਆਂ ਤੱਕ ਲੈ ਜਾਵੇਗੀ।

By admin

Related Post