ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਆਲੋਵਾਲ, ਨਕੋਦਰ ਵਿਖੇ ਮੈਗਾ ਪੀ.ਟੀ.ਐਮ. ‘ਚ ਕੀਤੀ ਸ਼ਿਰਕਤ
ਜਲੰਧਰ 20 ਦਸੰਬਰ (ਜਸਵਿੰਦਰ ਸਿੰਘ ਆਜ਼ਾਦ)- ਪੰਜਾਬ ਸਰਕਾਰ ਦੇ ਉਪਰਾਲੇ ਮੈਗਾ ਪੀ.ਟੀ.ਐਮ. ਤਹਿਤ ਸਰਕਾਰੀ ਸਕੂਲ ਅਲੋਵਾਲ, ਨਕੋਦਰ ਵਿਖੇ ਮਾਪੇ-ਅਧਿਆਪਕ ਮਿਲਣੀ ਦੌਰਾਨ ਸੀਨੀਅਰ ਪੁਲਿਸ ਕਪਤਾਨ ਜਲੰਧਰ (ਦਿਹਾਤੀ) ਹਰਵਿੰਦਰ ਸਿੰਘ ਵਿਰਕ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਓਂਕਾਰ ਸਿੰਘ ਬਰਾੜ, ਉਪ ਪੁਲਿਸ ਕਪਤਾਨ ਸਬ-ਡਵੀਜ਼ਨ ਨਕੋਦਰ ਅਤੇ ਹਰਮਿੰਦਰ ਸਿੰਘ, ਸਬ ਇੰਸਪੈਕਟਰ ਅਤੇ ਮੁੱਖ ਅਫ਼ਸਰ ਥਾਣਾ ਸਿਟੀ ਨਕੋਦਰ ਵੀ ਮੌਜੂਦ ਸਨ। ਐਸ.ਐਸ.ਪੀ. ਹਰਵਿੰਦਰ ਸਿੰਘ ਵਿਰਕ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਬੱਚਿਆਂ ਦੇ ਸਰਵਪੱਖੀ ਵਿਕਾਸ ਵਿੱਚ ਅਧਿਆਪਕਾਂ ਅਤੇ ਮਾਪਿਆਂ ਦੀ ਭੂਮਿਕਾ ਅਤਿ ਮਹੱਤਵਪੂਰਣ ਹੈ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਅਧਿਆਪਕਾਂ ਨੂੰ ਬੱਚਿਆਂ ਵਿੱਚ ਸਿਰਫ਼ ਅਕਾਦਮਿਕ ਸਿੱਖਿਆ ਹੀ ਨਹੀਂ, ਸਗੋਂ ਨੈਤਿਕ ਕਦਰਾਂ-ਕੀਮਤਾਂ, ਅਨੁਸ਼ਾਸਨ ਅਤੇ ਚੰਗੇ ਸੰਸਕਾਰ ਵੀ ਵਿਕਸਿਤ ਕਰਨੇ ਚਾਹੀਦੇ ਹਨ।
ਐਸ.ਐਸ.ਪੀ. ਸ਼੍ਰੀ ਵਿਰਕ ਨੇ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹਨ, ਜਿਨ੍ਹਾਂ ਨੂੰ ਸਹੀ ਦਿਸ਼ਾ, ਸਕਾਰਾਤਮਕ ਸੋਚ ਅਤੇ ਮਿਹਨਤ ਦੀ ਪ੍ਰੇਰਨਾ ਦੇ ਕੇ ਹੀ ਇੱਕ ਉਜਵਲ ਭਵਿੱਖ ਵੱਲ ਅਗੇ ਵਧਾਇਆ ਜਾ ਸਕਦਾ ਹੈ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਬੱਚਿਆਂ ਨਾਲ ਦੋਸਤਾਨਾ ਸਬੰਧ ਬਣਾਈ ਰੱਖਣ ਅਤੇ ਉਨ੍ਹਾਂ ਦੀ ਪੜ੍ਹਾਈ ਤੇ ਵਿਹਾਰ ‘ਤੇ ਨਿਰੰਤਰ ਧਿਆਨ ਦਿੱਤਾ ਜਾਵੇ।
ਸਮਾਗਮ ਦੇ ਅੰਤ ਵਿੱਚ ਸਕੂਲ ਪ੍ਰਬੰਧਨ, ਅਧਿਆਪਕਾਂ ਅਤੇ ਮਾਪਿਆਂ ਨੇ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਅਜਿਹੇ ਸਹਿਯੋਗਾਤਮਕ ਅਤੇ ਜਾਗਰੂਕਤਾ ਭਰੇ ਉਪਰਾਲਿਆਂ ਦੀ ਸ਼ਲਾਘਾ ਕੀਤੀ।

