ਹੁਸ਼ਿਆਰਪੁਰ, 22 ਸਤੰਬਰ (ਤਰਸੇਮ ਦੀਵਾਨਾ)- ਜਲੰਧਰ ਧਰਮਸ਼ਾਲਾ ਨੈਸ਼ਨਲ ਹਾਈਵੇਅ ‘ਤੇ ਹੁਸ਼ਿਆਰਪੁਰ ਨਜ਼ਦੀਕ ਨਸਰਾਲਾ ਵਿਖ਼ੇ ਤੇਜ਼ ਰਫਤਾਰ ਬੋਲੈਰੋ ਅਤੇ ਸਕੂਟਰੀ ਦਰਮਿਆਨ ਜਬਰਸਤ ਹਾਦਸਾ ਵਾਪਰ ਗਿਆ ਜਿਸ ਨਾਲ ਸਕੂਟਰੀ ਪੂਰੀ ਤਰ੍ਹਾਂ ਨੁਕਸਾਨੀ ਗਈ | ਇਸ ਹਾਦਸੇ ਵਿੱਚ ਸਕੂਟਰੀ ਸਵਾਰ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮੇਘੋਵਾਲ ਗੁਰੂ ਕਾ (ਗੰਜਿਆਂ) ਵਾਸੀ ਸਿਮਰਜੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਆਪਣੀ ਐਕਟਿਵਾ ਸਕੂਟਰੀ ਨੰਬਰ ਪੀਬੀ 07 ਬੀਈ 2502 ‘ਤੇ ਸਵਾਰ ਹੋ ਕੇ ਹੁਸ਼ਿਆਰਪੁਰ ਵੱਲ ਆ ਰਿਹਾ ਸੀ ਕਿ ਨਸਰਾਲਾ ਨਜ਼ਦੀਕ ਪਿਛਿਓਂ ਆ ਰਹੀ ਤੇਜ਼ ਰਫਤਾਰ ਬੋਲੈਰੋ ਕਾਰ ਨੰਬਰ ਸੀਐੱਚ 01 ਟੀਸੀ 2075 ਦੇ ਚਾਲਕ ਨੇ ਲਾਪਰਵਾਹੀ ਨਾਲ ਵਾਹਨ ਚਲਾਉਂਦੇ ਹੋਏ ਉਸ ਦੀ ਸਕੂਟਰੀ ਵਿੱਚ ਲਿਆ ਕੇ ਮਾਰੀ ਜਿਸ ਨਾਲ ਸਕੂਟਰੀ ਤਬਾਹ ਹੋ ਗਈ ਅਤੇ ਸਕੂਟਰੀ ਸਵਾਰ ਨੌਜਵਾਨ ਸਿਮਰਜੀਤ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਤੁਰੰਤ ਰਾਹਗੀਰਾਂ ਨੇ ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਚ ਇਲਾਜ ਲਈ ਦਾਖਲ ਕਰਵਾਇਆ | ਹਾਦਸੇ ਐਨਾ ਭਿਆਨਕ ਸੀ ਕਿ ਤੇਜ਼ ਰਫਤਾਰ ਬੋਲੈਰੋ ਬੇਕਾਬੂ ਹੋ ਕੇ ਕਾਫੀ ਦੂਰ ਖਤਾਨਾ ਵਿੱਚ ਜਾ ਵੜੀ | ਥਾਣਾ ਬੁੱਲੋਵਾਲ ਅਧੀਨ ਆਉਂਦੀ ਚੋਂਕੀ ਨਸਰਾਲਾ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਹੈ |