ਹੁਸ਼ਿਆਰਪੁਰ 22 ਜੂਨ ( ਤਰਸੇਮ ਦੀਵਾਨਾ ) ਯੁੱਧ ਨਸ਼ਿਆਂ ਦੇ ਵਿਰੁੱਧ ਅਭਿਆਨ ਸਰਕਾਰ ਦਾ ਸ਼ਲਾਘਾਯੋਗ ਕਾਰਜ ਹੈ, ਪਰ ਇਸ ਤੋਂ ਇਲਾਵਾ ਚੋਰੀਆਂ, ਗੁੰਡਾਗਰਦੀ, ਲੁੱਟਖੋਹ ਦੀਆਂ ਘਟਨਾਵਾਂ ਨੂੰ ਰੋਕਣ ਦੇ ਲਈ ਥਾਣਿਆਂ ਵਿੱਚ ਪੁਲਿਸ ਮੁਲਾਜ਼ਮਾਂ ਦੀ ਪੂਰਤੀ ਕਰੇ ਪੰਜਾਬ ਸਰਕਾਰ, ਉਪਰੋਕਤ ਗੱਲਾ ਦਾ ਪ੍ਰਗਟਾਵਾ ਮੁਹੱਲਾ ਭੀਮ ਨਗਰ ਦੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰੂਦੁਆਰਾ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਪੁਰਹੀਰਾ ਦੇ ਨੰਬਰਦਾਰ ਰਣਜੀਤ ਸਿੰਘ ਰਾਣਾ ਨੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਇੱਕ ਪ੍ਰੈਸ ਵਾਰਤਾ ਦੌਰਾਨ ਕੀਤਾ ਉਹਨਾਂ ਕਿਹਾ ਕਿ ਸਾਰਿਆਂ ਥਾਣਿਆਂ ਵਿੱਚ ਜ਼ਰੂਰਤ ਦੇ ਮੁਤਾਬਿਕ ਪੁਲਿਸ ਮੁਲਾਜ਼ਮ ਮੌਜੂਦ ਨਹੀ ਹਨ ਜਿਸ ਕਾਰਨ ਅਪਰਾਧਿਕ ਅਕਸ ਵਾਲੇ ਲੋਕਾਂ ਨੂੰ ਪਤਾ ਹੈ ਕਿ ਜਿੰਨੀ ਦੇਰ ਤੱਕ ਇੱਥੇ ਪੁਲਿਸ ਨੇ ਆਉਣਾ ਹੈ ਉਨ੍ਹੀ ਦੇਰ ਤੱਕ ਤਾਂ ਆਪਾ ਘਟਨਾ ਨੂੰ ਅੰਜਾਮ ਦੇ ਕੇ ਸੂਬੇ ਤੋਂ ਬਾਹਰ ਨਿਕਲ ਜਾਣਾ ਹੈ । ਉਹਨਾਂ ਕਿਹਾ ਕਿ ਅਕਸਰ ਦੇਖਣ ਵਿੱਚ ਆਇਆ ਹੈ ਕਿ ਸ਼ਹਿਰ ਵਿੱਚ ਪੁਲਿਸ ਥਾਣਿਆਂ ਵਿੱਚ 1-2 ਮੁਲਾਜ਼ਮ ਹੀ ਹੁੰਦੇ ਹਨ ਅਤੇ ਰਾਤ ਨੂੰ ਪੁਲਿਸ ਮੁਲਾਜ਼ਮਾਂ ਵੱਲੋਂ ਥਾਣਿਆਂ ਦੇ ਗੇਟ ਅੰਦਰੋਂ ਬੰਦ ਕਰ ਦਿੱਤੇ ਜਾਂਦੇ ਹਨ।
ਅਕਸਰ ਛੋਟੇ-ਛੋਟੇ ਕੰਮਾਂ ਦੇ ਲਈ ਥਾਣਿਆਂ ਵਿੱਚ ਜਨਤਾ ਨੂੰ ਘੰਟਿਆਂ ਬੱਧੀ ਇੰਤਜ਼ਾਰ ਕਰਦੇ ਦੇਖਿਆ ਜਾਂਦਾ ਹੈ
ਉਹਨਾਂ ਕਿਹਾ ਕਿ ਅਕਸਰ ਛੋਟੇ-ਛੋਟੇ ਕੰਮਾਂ ਦੇ ਲਈ ਥਾਣਿਆਂ ਵਿੱਚ ਜਨਤਾ ਨੂੰ ਘੰਟਿਆਂ ਬੱਧੀ ਇੰਤਜ਼ਾਰ ਕਰਦੇ ਦੇਖਿਆ ਜਾਂਦਾ ਹੈ। ਉਨ੍ਹਾਂ ਨੇ ਮੁੱਖਮੰਤਰੀ ਪੰਜਾਬ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਥਾਣਿਆਂ ਵਿੱਚ ਪੁਲਿਸ ਮੁਲਾਜ਼ਮਾਂ ਦੀ ਘਾਟ ਪੂਰੀ ਕੀਤੀ ਜਾਵੇ, ਚਾਹੇ ਤਾਂ ਨਵੀਂ ਭਰਤੀ ਦੁਆਰਾ ਕੀਤੀ ਜਾਵੇ ਜਾ ਫਿਰ ਪੀ.ਏ.ਪੀ. ਜਲੰਧਰ ਅਤੇ ਜਹਾਨਖੇਲਾਂ ਵਿੱਚ ਭਰਤੀ ਹੋਏ ਨਵੇਂ ਜਵਾਨਾਂ ਨੂੰ ਥਾਣਿਆਂ ਵਿੱਚ ਲਗਾ ਕੇ ਮੁਲਾਜ਼ਮਾਂ ਦੀ ਘਾਟ ਨੂੰ ਪੂਰਾ ਕੀਤਾ ਜਾਵੇ ਤਾਂਕਿ ਲੋਕ ਸੁੱਖ ਦਾ ਸਾਹ ਲੈ ਸਕਣ। ਉਨ੍ਹਾਂ ਕਿਹਾ ਕਿ ਜਿਸ ਐਸ ਐਚ ਓ ਦੇ ਇਲਾਕੇ ਵਿੱਚ ਜ਼ਿਆਦਾ ਅਪਰਾਧਿਕ ਘਟਨਾਵਾਂ ਹੁੰਦੀਆਂ ਹਨ ਉਸ ਐਸਐਚਉ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਤਾਂਕਿ ਪੁਲਿਸ ਆਪਣੀ ਡਿਉਟੀ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਮਜਬੂਰ ਹੋ ਜਾਵੇ । ਉਹਨਾ ਕਿਹਾ ਕਿ ਜਿਨ੍ਹਾਂ ਜ਼ੋਰ ਪੰਜਾਬ ਪੁਲਿਸ ਲੋਕਾਂ ਦੇ ਚਲਾਨ ਕੱਟਣ ਵਿੱਚ ਲਗਾ ਰਹੀ ਹੈ ਜੇ ਇਨ੍ਹਾਂ ਜ਼ੋਰ ਇਸ ਤਰ੍ਹਾਂ ਦੇ ਚੋਰਾਂ ਨੂੰ ਫੜਨ ਵਿੱਚ ਲਗਾਏ ਤਾਂ ਲੋਕ ਸੁੱਖ ਦਾ ਸਾਂਹ ਲੈ ਸਕਣਗੇ ਕਿਉਂਕਿ ਚੋਰਾਂ ਦੇ ਡਰ ਤੋਂ ਲੋਕ ਆਪਣੇ ਘਰ ਤੋਂ 2 ਘੰਟੇ ਦੇ ਲਈ ਵੀ ਤਾਲਾ ਲਗਾ ਕੇ ਕਿੱਧਰੇ ਜਾਣ ਤੋਂ ਡਰਦੇ ਹਨ।