ਬਾਬਾ ਸਾਹਿਬ ਜੀ ਦੇ ਦੱਸੇ ਹੋਏ ਮਾਰਗ ‘ਤੇ ਚੱਲ ਕੇ ਹੀ ਬਰਾਬਰੀ ਵਾਲਾ ਸਮਾਜ ਸਿਰਜਿਆ ਜਾ ਸਕਦਾ ਹੈ : ਹੈਪੀ, ਬੰਟੀ
ਹੁਸ਼ਿਆਰਪੁਰ 16 ਅਪ੍ਰੈਲ ( ਤਰਸੇਮ ਦੀਵਾਨਾ ) – ਬੇਗਮਪੁਰਾ ਟਾਈਗਰ ਫੋਰਸ ਦੇ ਚੇਅਰਮੈਨ ਤਰਸੇਮ ਦੀਵਾਨਾ ਅਤੇ ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੇਗਮਪੁਰਾ ਟਾਈਗਰ ਫੋਰਸ ਵੱਲੋਂ ਇਲਾਕਾ ਹਰਿਆਣਾ ਭੁੰਗਾ ਵਿਖੇ ਭਾਰਤੀ ਸੰਵਿਧਾਨ ਦੇ ਨਿਰਮਾਤਾ, ਨਾਰੀ ਸ਼ਕਤੀ ਨੂੰ ਸਮਾਜ ਵਿੱਚ ਬਰਾਬਰ ਦਾ ਹੱਕ ਦੁਆਉਣ ਵਾਲੇ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਉ ਅੰਬੇਡਕਰ ਜੀ ਦਾ 135ਵਾਂ ਜਨਮ ਦਿਹਾੜਾ ਬੇਗਮਪੁਰਾ ਟਾਈਗਰ ਫੋਰਸ ਦੇ ਹੋਣਹਾਰ ਅਤੇ ਨਿਧੁੱੜਕ ਆਗੂ ਅਨਿਲ ਕੁਮਾਰ ਬੰਟੀ ਪ੍ਰਧਾਨ ਹਲਕਾ ਸ਼ਾਮ 84 ਦੀ ਅਗਵਾਈ ਹੇਠ ਬਹੁਤ ਹੀ ਸ਼ਰਧਾ, ਉਤਸ਼ਾਹ ਅਤੇ ਭਾਵਨਾ ਨਾਲ ਮਨਾਇਆ ਗਿਆ ਇਸ ਸਮਾਗਮ ਵਿੱਚ ਫੋਰਸ ਦੇ ਜਿਲ੍ਹਾ ਪ੍ਰਧਾਨ ਹੈਪੀ ਫਤਿਹਗੜ੍ਹ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ।ਸਮਾਗਮ ਵਿੱਚ ਫੋਰਸ ਦੇ ਅਹੁਦੇਦਾਰਾਂ ਅਤੇ ਇਲਾਕਾ ਨਿਵਾਸੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।
ਸਮਾਗਮ ਦੀ ਸ਼ੁਰੂਆਤ ਬਾਬਾ ਸਾਹਿਬ ਜੀ ਦੀ ਤਸਵੀਰ ‘ਤੇ ਫੁੱਲ ਮਾਲਾਵਾਂ ਅਰਪਿਤ ਕਰਕੇ ਕੀਤੀ ਗਈ ਅਤੇ ਇਸ ਮੌਕੇ ਹਾਜ਼ਰ ਸੰਗਤ ਨੇ ਬਾਬਾ ਸਾਹਿਬ ਵੱਲੋਂ ਮਾਨਵਤਾ ਅਤੇ ਦਲਿਤ ਸਮਾਜ ਦੇ ਉਥਾਨ ਲਈ ਕੀਤੇ ਗਏ ਸੰਘਰਸ਼ ਨੂੰ ਯਾਦ ਕੀਤਾ। ਬੇਗਮਪੁਰਾ ਟਾਈਗਰ ਫੋਰਸ ਦੇ ਆਗੂਆਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਡਾ.ਭੀਮ ਰਾਉ ਅੰਬੇਡਕਰ ਜੀ ਸਿਰਫ਼ ਇੱਕ ਸਮਾਜ ਦੇ ਰਹਿਬਰ ਨਹੀਂ ਸਨ, ਸਗੋਂ ਉਹ ਪੂਰੀ ਇਨਸਾਨੀਅਤ ਲਈ ਪ੍ਰੇਰਨਾ ਸਰੋਤ ਹਨ। ਉਨ੍ਹਾਂ ਨੇ ‘ਪੜ੍ਹੋ, ਜੁੜੋ ਅਤੇ ਸੰਘਰਸ਼ ਕਰੋ’ ਦੇ ਨਾਅਰੇ ‘ਤੇ ਚੱਲਣ ਦਾ ਸੱਦਾ ਦਿੱਤਾ । ਆਗੂਆਂ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਬਾਬਾ ਸਾਹਿਬ ਦੇ ਦੱਸੇ ਹੋਏ ਮਾਰਗ ‘ਤੇ ਚੱਲ ਕੇ ਹੀ ਇੱਕ ਬਰਾਬਰੀ ਵਾਲਾ ਸਮਾਜ ਸਿਰਜਿਆ ਜਾ ਸਕਦਾ ਹੈ।
ਨਸ਼ਿਆਂ ਵਰਗੀਆਂ ਅਲਾਮਤਾਂ ਦਾ ਤਿਆਗ ਕਰਕੇ ਵਿੱਦਿਆ ਦੇ ਖੇਤਰ ਵਿੱਚ ਅੱਗੇ ਵੱਧਣ
ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਵਰਗੀਆਂ ਅਲਾਮਤਾਂ ਦਾ ਤਿਆਗ ਕਰਕੇ ਵਿੱਦਿਆ ਦੇ ਖੇਤਰ ਵਿੱਚ ਅੱਗੇ ਵੱਧਣ। ਇਸ ਮੌਕੇ ਬੇਗਮਪੁਰਾ ਟਾਈਗਰ ਫੋਰਸ ਦੇ ਨੁਮਾਇੰਦਿਆਂ ਨੇ ਅਹਿਦ ਲਿਆ ਕਿ ਉਹ ਹਮੇਸ਼ਾ ਦੱਬੇ-ਕੁਚਲੇ ਲੋਕਾਂ ਦੀ ਆਵਾਜ਼ ਬਣਨਗੇ ਅਤੇ ਬਾਬਾ ਸਾਹਿਬ ਦੇ ਅਧੂਰੇ ਸੁਪਨਿਆਂ ਨੂੰ ਪੂਰਾ ਕਰਨ ਲਈ ਸਮਾਜਿਕ ਲੜਾਈ ਜਾਰੀ ਰੱਖਣਗੇ। ਉਹਨਾਂ ਕਿਹਾ ਕਿ ਡਾ.ਅੰਬੇਡਕਰ ਜੀ ਸਿਰਫ਼ ਇੱਕ ਵਿਅਕਤੀ ਨਹੀਂ ਸਗੋਂ ਇੱਕ ਵਿਚਾਰਧਾਰਾ ਸਨ, ਜਿਨ੍ਹਾਂ ਨੇ ਸਮਾਜ ਨੂੰ ਬਰਾਬਰੀ, ਨਿਆਂ ਅਤੇ ਅਧਿਕਾਰਾਂ ਦੀ ਲੜਾਈ ਲੜਨ ਦਾ ਰਾਹ ਦਿਖਾਇਆ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਦੇ ਸੰਘਰਸ਼ ਅਤੇ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।
ਉਨ੍ਹਾਂ ਨੇ ਕਿਹਾ ਕਿ ਸਮਾਜਿਕ ਬਰਾਬਰੀ ਅਤੇ ਸਿੱਖਿਆ ਦੇ ਬਿਨਾਂ ਕਿਸੇ ਵੀ ਸਮਾਜ ਦੀ ਤਰੱਕੀ ਸੰਭਵ ਨਹੀਂ। ਇਸ ਲਈ ਹਰ ਇੱਕ ਨੌਜਵਾਨ ਨੂੰ ਚਾਹੀਦਾ ਹੈ ਕਿ ਉਹ ਸਿੱਖਿਆ ਨੂੰ ਆਪਣੀ ਜ਼ਿੰਦਗੀ ਦਾ ਮੂਲ ਮੰਤਵ ਬਣਾਵੇ। ਸਮਾਗਮ ਦੇ ਅਖੀਰ ਵਿੱਚ ਬੇਗਮਪੁਰਾ ਟਾਈਗਰ ਫੋਰਸ ਦੇ ਆਗੂਆਂ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਸਮਾਜ ਸੇਵੀ ਕੰਮਾਂ ਵਿੱਚ ਯੋਗਦਾਨ ਪਾਉਣ ਵਾਲੀਆਂ ਸ਼ਖਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਪੰਚ ਬਿੱਟੂ ਸ਼ੇਰਗੜ੍ਹ,ਅਮਰੀਕ ਸਿੰਘ ਰਾਜੂ, ਤਜਿੰਦਰ ਸਿੰਘ, ਰਮਨ ਕਲੋਤਾ, ਸੁਖਜਿੰਦਰ ਸਿੰਘ, ਹਰਜਿੰਦਰ ਸਿੰਘ, ਬੂਟਾ ਰਾਮ,ਮਨਪ੍ਰੀਤ ਹਰਿਆਣਾ, ਗੁਰਦੀਪ ਬਲਾਕ ਪ੍ਰਧਾਨ ਮੇਹਟੀਆਣਾ, ਕੁਲਵੰਤ ਰਿਹਾਣਾ ਕਲਾਂ, ਰਵੀ, ਮਨੀ, ਨਿੱਕੂ ਸੁੰਦਰ ਨਗਰ, ਰਾਮ ਮੂਰਤੀ, ਆਦਿ ਹਾਜ਼ਰ ਸਨ !

