ਹੁਸ਼ਿਆਰਪੁਰ 30 ਮਈ ( ਤਰਸੇਮ ਦੀਵਾਨਾ ) – ਆਦਿ ਧਰਮ ਸਾਧੂ ਸਮਾਜ ਦੇ ਰਾਸ਼ਟਰੀ ਪ੍ਰਧਾਨ ਸੰਤ ਸਰਵਣ ਦਾਸ ਜੀ ਸਲੇਮਪੁਰ ਟਾਬਰੀ ਲੁਧਿਆਣਾ ਅਤੇ ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ ਰਜਿ. ਦੇ ਰਾਸ਼ਟਰੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਨੇ ਰਹਿਬਰ-ਏ-ਕੌਮ, ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਨਾਰੀ ਮੁਕਤੀ ਦਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਦੇ ਮਹਾਨ ਜੀਵਨ ਅਤੇ ਉਨ੍ਹਾਂ ਦੇ ਇਤਿਹਾਸਕ ਯੋਗਦਾਨ ਨੂੰ ਸੱਜਦਾ ਕਰਦਿਆਂ ਕਿਹਾ ਕਿ ਬਾਬਾ ਸਾਹਿਬ ਡਾ. ਬੀ. ਆਰ. ਅੰਬੇਦਕਰ ਸਿਰਫ਼ ਕਿਸੇ ਇੱਕ ਵਰਗ ਦੇ ਨੇਤਾ ਨਹੀਂ ਸਨ, ਬਲਕਿ ਉਹ ਸਮੁੱਚੀ ਮਨੁੱਖਤਾ ਦੇ ਰਹਿਬਰ ਸਨ, ਜਿਨ੍ਹਾਂ ਨੇ ਭਾਰਤ ਵਿੱਚ ਵੱਸਦੇ ਹਰ ਧਰਮ, ਜਾਤ ਅਤੇ ਵਰਗ ਦੇ ਲੋਕਾਂ ਲਈ ਬਰਾਬਰ ਦੇ ਹੱਕ ਯਕੀਨੀ ਬਣਾਏ। ਜਿਸ ਕਰਕੇ ਅੱਜ ਭਾਰਤ ਦਾ ਹਰ ਨਾਗਰਿਕ ਆਜ਼ਾਦੀ, ਸਮਾਨਤਾ ਅਤੇ ਸਨਮਾਨ ਦੀ ਜ਼ਿੰਦਗੀ ਜੀ ਰਿਹਾ ਹੈ, ਤਾਂ ਇਸ ਦਾ ਪੂਰਾ ਸਿਹਰਾ ਬਾਬਾ ਸਾਹਿਬ ਵੱਲੋਂ ਲਿਖੇ ਪਵਿੱਤਰ ਸੰਵਿਧਾਨ ਨੂੰ ਜਾਂਦਾ ਹੈ।
ਉਹਨਾਂ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ ਕਿ ਬਾਬਾ ਸਾਹਿਬ ਨੇ ਭਾਰਤੀ ਨਾਰੀ ਨੂੰ ਸਦੀਆਂ ਦੀ ਗੁਲਾਮੀ ਅਤੇ ਕੁਰੀਤੀਆਂ ਦੀਆਂ ਜ਼ੰਜੀਰਾਂ ਵਿੱਚੋਂ ਮੁਕਤ ਕਰਵਾਇਆ। ‘ਹਿੰਦੂ ਕੋਡ ਬਿੱਲ’ ਰਾਹੀਂ ਉਨ੍ਹਾਂ ਨੇ ਔਰਤਾਂ ਨੂੰ ਸਿੱਖਿਆ, ਜਾਇਦਾਦ ਵਿੱਚ ਹਿੱਸਾ ਅਤੇ ਵੋਟ ਪਾਉਣ ਵਰਗੇ ਇਤਿਹਾਸਕ ਅਧਿਕਾਰ ਦੇ ਕੇ ਮਰਦਾਂ ਦੇ ਬਰਾਬਰ ਖੜ੍ਹਾ ਕੀਤਾ। ਅੱਜ ਜੇਕਰ ਸਾਡੀਆਂ ਧੀਆਂ ਹਰ ਖੇਤਰ ਵਿੱਚ ਦੇਸ਼ ਦਾ ਨਾਂ ਰੌਸ਼ਨ ਕਰ ਰਹੀਆਂ ਹਨ, ਤਾਂ ਉਹ ਬਾਬਾ ਸਾਹਿਬ ਦੀ ਹੀ ਬਦੌਲਤ ਹੈ !
ਉਹਨਾਂ ਕਿਹਾ ਕਿ ਬਾਬਾ ਸਾਹਿਬ ਨੇ ਸੰਵਿਧਾਨ ਵਿੱਚ ਅਜਿਹੀਆਂ ਧਾਰਾਵਾਂ ਸ਼ਾਮਲ ਕੀਤੀਆਂ, ਜਿਸ ਨਾਲ ਦੱਬੇ-ਕੁਚਲੇ, ਪਿਛੜੇ, ਮਜ਼ਦੂਰਾਂ, ਕਿਸਾਨਾਂ ਅਤੇ ਮੁਲਾਜ਼ਮਾਂ ਸਮੇਤ ਹਰ ਵਰਗ ਦੇ ਹਿੱਤਾਂ ਦੀ ਰਾਖੀ ਹੋਈ। ਉਨ੍ਹਾਂ ਨੇ ਦੇਸ਼ ਵਿੱਚ ‘ਇੱਕ ਵੋਟ, ਇੱਕ ਮੁੱਲ’ ਦਾ ਸਿਧਾਂਤ ਲਾਗੂ ਕਰਕੇ ਲੋਕਤੰਤਰ ਦੀ ਅਸਲ ਪਰਿਭਾਸ਼ਾ ਤੈਅ ਕੀਤੀ ! ਉਹਨਾਂ ਸਮੂਹ ਸੰਗਤਾਂ ਅਤੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਬਾਬਾ ਸਾਹਿਬ ਦੇ ਦੱਸੇ ਹੋਏ ਮਾਰਗ “ਪੜ੍ਹੋ, ਜੁੜੋ ਅਤੇ ਸੰਘਰਸ਼ ਕਰੋ” ‘ਤੇ ਚੱਲਣ। ਉਨ੍ਹਾਂ ਕਿਹਾ ਕਿ ਸੰਵਿਧਾਨ ਅਤੇ ਇਸ ਵਿੱਚ ਮਿਲੇ ਅਧਿਕਾਰਾਂ ਦੀ ਰਾਖੀ ਕਰਨਾ ਸਾਡਾ ਸਾਰਿਆਂ ਦਾ ਪਰਮ ਕਰਤੱਵ ਹੈ।

