ਹੁਸ਼ਿਆਰਪੁਰ, 2 ਅਕਤੂਬਰ (ਤਰਸੇਮ ਦੀਵਾਨਾ) — ਪੰਜਾਬ ਸਟੇਟ ਬਲੱਡ ਟ੍ਰਾਂਸਫਿਊਜ਼ਨ ਕੌਂਸਲ ਵੱਲੋਂ ਸੈਂਚੂਰੀਅਨ ਬਲੱਡ ਡੋਨਰ ਡਾ. ਅਜੇ ਬੱਗਾ ਦੀਆਂ ਨਿਸ਼ਕਾਮ ਅਤੇ ਲੰਬੇ ਸਮੇਂ ਤੋਂ ਜਾਰੀ ਖੂਨਦਾਨ ਸੇਵਾਵਾਂ ਨੂੰ ਮਾਨਤਾ ਦਿੰਦਿਆਂ ਉਨ੍ਹਾਂ ਨੂੰ “ਲਾਈਫ ਟਾਈਮ ਅਚੀਵਮੈਂਟ ਅਵਾਰਡ” ਨਾਲ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਵੱਕਾਰੀ ਸਨਮਾਨ ਸਵੈ-ਇੱਛੁਕ ਖੂਨਦਾਨ, ਖੂਨ ਸੰਚਾਰ ਸੇਵਾਵਾਂ ਅਤੇ ਮਾਨਵਤਾ ਦੀ ਭਲਾਈ ਲਈ ਡਾ. ਬੱਗਾ ਵੱਲੋਂ ਪਾਏ ਗਏ ਮਹੱਤਵਪੂਰਨ ਯੋਗਦਾਨ ਦੀ ਪ੍ਰਮੁੱਖ ਮਾਨਤਾ ਹੈ। ਡਾ. ਬੱਗਾ ਵੱਲੋਂ ਲੰਬੇ ਸਮੇਂ ਤੋਂ ਲੋਕਾਂ ਨੂੰ ਖੂਨਦਾਨ ਲਈ ਪ੍ਰੇਰਿਤ ਕਰਨ ਦੇ ਨਾਲ-ਨਾਲ ਇਸ ਨੂੰ ਸਮਾਜਿਕ ਭਾਈਚਾਰਕ ਸਾਂਝ, ਆਪਸੀ ਪਿਆਰ ਅਤੇ ਕੌਮੀ ਏਕਤਾ ਨੂੰ ਮਜ਼ਬੂਤ ਕਰਨ ਦੇ ਪ੍ਰਭਾਵਸ਼ਾਲੀ ਸਾਧਨ ਵਜੋਂ ਉਭਾਰਿਆ ਜਾਂਦਾ ਰਿਹਾ ਹੈ।
ਇਹ ਅਵਾਰਡ ਡਾ. ਅਜੇ ਬੱਗਾ ਨੂੰ ਆਉਂਦੀ 5 ਅਕਤੂਬਰ ਨੂੰ ਨੈਸ਼ਨਲ ਵਲੰਟਰੀ ਬਲੱਡ ਡੋਨੇਸ਼ਨ ਦਿਹਾੜੇ ਮੌਕੇ ਪੰਜਾਬ ਮਿਉਂਸਪਲ ਭਵਨ, ਚੰਡੀਗੜ੍ਹ ਵਿਖੇ ਹੋਣ ਵਾਲੇ ਰਾਜ ਪੱਧਰੀ ਸਮਾਗਮ ਦੌਰਾਨ ਵਿਸ਼ੇਸ਼ ਤੌਰ ’ਤੇ ਪ੍ਰਦਾਨ ਕੀਤਾ ਜਾਵੇਗਾ। ਬਲੱਡ ਟ੍ਰਾਂਸਫਿਊਜ਼ਨ ਕੌਂਸਲ ਵੱਲੋਂ ਮਿਲ ਰਹੇ ਇਸ ਮਾਣ-ਸਨਮਾਨ ’ਤੇ ਡਾ. ਅਜੇ ਬੱਗਾ ਨੇ ਕੌਂਸਲ, ਸਮੂਹ ਖੂਨਦਾਨੀਆਂ ਅਤੇ ਇਸ ਸੇਵਾ ਦੇ ਸਫ਼ਰ ਵਿੱਚ ਹਰ ਪੜਾਅ ’ਤੇ ਸਾਥ ਦੇਣ ਵਾਲੇ ਸਾਰੇ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਸਨਮਾਨ ਉਨ੍ਹਾਂ ਲਈ ਨਿੱਜੀ ਖੁਸ਼ੀ ਦੇ ਨਾਲ-ਨਾਲ ਖੂਨਦਾਨ ਦੀ ਮਹਾਨ ਸੇਵਾ ਨਾਲ ਜੁੜੇ ਹਰ ਵਿਅਕਤੀ ਦਾ ਸਨਮਾਨ ਹੈ।
ਆਪਣੇ ਵਿਚਾਰ ਸਾਂਝੇ ਕਰਦਿਆਂ ਡਾ. ਅਜੇ ਬੱਗਾ ਨੇ ਕਿਹਾ ਕਿ ਨਿਸ਼ਕਾਮ ਭਾਵਨਾ ਨਾਲ ਕੀਤਾ ਗਿਆ ਖੂਨਦਾਨ ਮਨੁੱਖ ਨੂੰ ਅੰਦਰੂਨੀ ਸੰਤੋਸ਼, ਮਾਨਸਿਕ ਸ਼ਾਂਤੀ ਅਤੇ ਸੇਵਾ ਦੀ ਅਸਲ ਖੁਸ਼ੀ ਪ੍ਰਦਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਮਨੁੱਖ ਵੱਲੋਂ ਦਾਨ ਕੀਤਾ ਗਿਆ ਖੂਨ ਕਿਸੇ ਲੋੜਵੰਦ ਮਰੀਜ਼ ਲਈ ਜ਼ਿੰਦਗੀ ਬਚਾਉਣ ਦਾ ਸਹਾਰਾ ਬਣ ਸਕਦਾ ਹੈ। ਖ਼ਾਸ ਕਰਕੇ ਐਮਰਜੈਂਸੀ ਹਾਲਾਤਾਂ, ਹਾਦਸਿਆਂ, ਸਰਜਰੀਆਂ ਅਤੇ ਹੋਰ ਗੰਭੀਰ ਮੈਡੀਕਲ ਸਥਿਤੀਆਂ ਵਿੱਚ ਖੂਨ ਦੀ ਉਪਲਬਧਤਾ ਮਰੀਜ਼ ਦੀ ਜ਼ਿੰਦਗੀ ਲਈ ਬੇਹੱਦ ਮਹੱਤਵਪੂਰਨ ਹੁੰਦੀ ਹੈ। ਉਨ੍ਹਾਂ ਕਿਹਾ ਕਿ ਖੂਨਦਾਨ ਸਿਰਫ਼ ਇੱਕ ਵਿਅਕਤੀ ਦੀ ਮਦਦ ਨਹੀਂ, ਸਗੋਂ ਸਮੁੱਚੀ ਮਾਨਵਤਾ ਦੀ ਸੇਵਾ ਹੈ।
ਡਾ. ਬੱਗਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਤੰਦਰੁਸਤ ਅਤੇ ਯੋਗ ਵਿਅਕਤੀ ਖੂਨਦਾਨ ਪ੍ਰਤੀ ਆਪਣੀ ਸਮਾਜਿਕ ਜ਼ਿੰਮੇਵਾਰੀ ਨੂੰ ਸਮਝਣ ਅਤੇ ਲੋੜਵੰਦਾਂ ਦੀ ਜ਼ਿੰਦਗੀ ਬਚਾਉਣ ਲਈ ਅੱਗੇ ਆਉਣ। ਉਨ੍ਹਾਂ ਕਿਹਾ ਕਿ ਨਿਯਮਤ ਅਤੇ ਸਵੈ-ਇੱਛੁਕ ਖੂਨਦਾਨ ਨਾਲ ਹਸਪਤਾਲਾਂ ਵਿੱਚ ਖੂਨ ਦੀ ਉਪਲਬਧਤਾ ਯਕੀਨੀ ਬਣਾਉਣ ਵਿੱਚ ਵੱਡੀ ਮਦਦ ਮਿਲਦੀ ਹੈ। ਉਨ੍ਹਾਂ ਨੌਜਵਾਨਾਂ ਸਮੇਤ ਸਮਾਜ ਦੇ ਹਰ ਵਰਗ ਨੂੰ ਖੂਨਦਾਨ ਮੁਹਿੰਮ ਨਾਲ ਜੁੜਨ ਅਤੇ ਹੋਰਨਾਂ ਨੂੰ ਵੀ ਇਸ ਮਹਾਨ ਸੇਵਾ ਲਈ ਪ੍ਰੇਰਿਤ ਕਰਨ ਦਾ ਸੱਦਾ ਦਿੱਤਾ।

