ਹੁਸ਼ਿਆਰਪੁਰ 11 ਦਸੰਬਰ (ਤਰਸੇਮ ਦੀਵਾਨਾ ) – ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਬਰਿੰਦਰ ਸਿੰਘ ਪ੍ਰਮਾਰ ਨੇ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ 14 ਦਸੰਬਰ ਨੂੰ ਹੋਣ ਵਾਲੀ ਵੋਟਿੰਗ ਤੋਂ ਪਹਿਲਾਂ ਸਮੂਹ ਵੋਟਰਾਂ ਨੂੰ ਸੁਚੇਤ ਕੀਤਾ ਕਿ ‘ਆਪ’ ਪਾਰਟੀ ਦੇ ਆਗੂਆ ਵਲੋਂ ਦਿਖਾਏ ਜਾਣ ਵਾਲੇ ਕਿਸੇ ਵੀ ਝੂਠੇ ਸਬਜਬਾਗ ‘ਤੇ ਬਿਲਕੁਲ ਭਰੋਸਾ ਨਾ ਕੀਤਾ ਜਾਵੇ ਕਿਉਂਕਿ ਹਰ ਚੋਣ ਤੋਂ ਪਹਿਲਾਂ ਆਪ ਪਾਰਟੀ ਦੇ ਆਗੂ ਝੂਠ ਬੋਲ ਕੇ ਵੋਟਰਾਂ ਨੂੰ ਵਰਗਲਾਉਂਦੇ ਹਨ ਅਤੇ ਵੋਟਾਂ ਤੋਂ ਬਾਅਦ ਆਪਣੇ ਵਾਅਦਿਆਂ ਤੋਂ ਸਾਫ ਮੁਕਰ ਜਾਂਦੇ ਹਨ। ਉਹਨਾਂ ਕਿਹਾ ਕਿ ਪਿਛਲੀਆਂ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਭਗਵੰਤ ਮਾਨ ਨੇ ਇੱਕ ਮਹੀਨੇ ‘ਚ ਪੰਜਾਬ ਨੂੰ ਚਿੱਟਾ ਮੁੱਕਤ ਕਰਨ ਦੀ ਗੱਲ ਕਹੀ ਸੀ, ਪਰ ਚਾਰ ਸਾਲ ਬੀਤਣ ਦੇ ਬਾਅਦ ਵੀ ਪੰਜਾਬ ਚਿੱਟੇ ਦੀ ਮੰਡੀ ਬਣਿਆ ਹੋਇਆ ਹੈ ਅਤੇ ਲਾਅ ਐਂਡ ਆਰਡਰ ਦਾ ਬਹੁਤ ਮਾੜਾ ਹਾਲ ਹੈ ।
ਉਹਨਾਂ ਕਿਹਾ ਕਿ ਆਪਣੇ ਆਪ ਨੂੰ ਮਾਸਟਰ ਦਾ ਮੁੰਡਾ ਦੱਸ ਕੇ ਭਗਵੰਤ ਮਾਨ ਸਕੂਲ ਅਧਿਆਪਕਾਂ ਦੇ ਜਜਬਾਤਾਂ ਨਾਲ ਖੇਡਿਆ, ਉਹਨਾਂ ਦੀਆ ਵੋਟਾਂ ਲਈਆਂ ਤੇ ਮੁੱਖ ਮੰਤਰੀ ਬਣ ਕੇ ਉਹਨਾਂ ਨੂੰ ਪੁਲਿਸ ਤੋਂ ਕੁਟਵਾਇਆ। ਚੋਣਾ ਤੋਂ ਪਹਿਲਾਂ ਰਜਿਸਟਰੀਆਂ ਲਈ ਐਨ.ਓ.ਸੀ. ਖਤਮ ਕਰਨ ਦੇ ਦਾਅਵੇ ਕੀਤੇ ਪਰ ਐਨਉਸੀ ਲਈ ਅੱਜ ਵੀ ਤਹਿਸੀਲਾਂ ਵਿੱਚ ਲੋਕ ਖੱਜਲ ਖੁਆਰ ਹੋ ਰਹੇ ਹਨ। ਉਹਨਾ ਕਿਹਾ ਕਿ ਮਾਨ ਸਰਕਾਰ ਨੇ ਕਿਸਾਨਾਂ ਨੂੰ ਝੂਠੇ ਲਾਅਰੇ ਲਾਏ ਅਤੇ ਬਾਅਦ ਵਿੱਚ ਉਹਨਾਂ ਤੇ ਵੀ ਤਸ਼ੱਦਦ ਕੀਤਾ। ਉਹਨਾਂ ਕਿਹਾ ਕਿ ਔਰਤਾਂ ਨੂੰ ਇੱਕ ਹਜਾਰ ਰੁਪਏ ਮਹੀਨਾ ਭੱਤਾ ਦੇਣ ਦਾ ਵਾਅਦਾ ਨਿਰਾ ਝੂਠ ਸਾਬਿਤ ਹੋਇਆ।
ਉਹਨਾਂ ਨੇ ਪੰਜਾਬ ਭਰ ਦੇ ਸਮੂਹ ਪਿੰਡਾਂ ਦੇ ਵੋਟਰਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਆਮ ਆਦਮੀ ਪਾਰਟੀ ਨੂੰ ਭੁੱਲ ਕੇ ਵੀ ਵੋਟ ਨਾ ਪਾਈ ਜਾਵੇ। ਉਹਨਾ ਕਿਹਾ ਕਿ ਜੇਕਰ ਪੰਜਾਬ ਨੂੰ ਦੁਬਾਰਾ ਤਰੱਕੀ ਦੀਆਂ ਲੀਹਾਂ ‘ਤੇ ਲਿਆਉਣਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰਾਂ ਨੂੰ ਵੱਧ ਤੋ ਵੱਧ ਵੋਟਾ ਨਾਲ ਜਿਤਾਕੇ 2027 ਵਿੱਚ ਸੂਬੇ ਦੀ ਸੱਤਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹੱਥਾਂ ਵਿੱਚ ਦੇਣ ਦਾ ਰਾਹ ਪੱਧਰਾ ਕੀਤਾ ਜਾਵੇ।

