ਚੰਗਾ ਬਈ ਅਲਵਿਦਾ ਧਰਮਿੰਦਰ ਬਾਈ
ਹੁਸ਼ਿਆਰਪੁਰ 25 ਨਵੰਬਰ ( ਤਰਸੇਮ ਦੀਵਾਨਾ ) – ਪ੍ਰਸਿੱਧ ਲੇਖਕ ਰਘਵੀਰ ਸਿੰਘ ਟੇਰਕਿਆਨਾ ਨੇ ਆਪਣੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਪੂਰੇ ਗਲੋਬ ਦੁਆਲੇ ਤੇ ਸਾਰੀ ਧਰਤੀ ਉੱਤੇ ਐਕਟਰ ਧਰਮਿੰਦਰ ਕਈ ਦਹਾਕਿਆਂ ਤੋਂ ਸੂਰਜ ,ਚੰਦ ,ਸਿਤਾਰੇ ਵਾਂਗ ਚਮਕਦਾ ਆ ਰਿਹਾ ਸੀ ਪਰ ਕੁਦਰਤ ਦੇ ਵਿਧਾਨ ਮੁਤਾਬਕ ਉਹ ਵੀ ਅਚਾਨਕ ਇਸ ਬ੍ਰਹਿਮੰਡ ਵਿੱਚੋਂ ਅਲੋਪ ਹੋ ਗਿਆ ਹੈ ਜਿਸ ਦਾ ਦਰਦ ਸਿਰਫ ਪੰਜਾਬੀਆਂ ਜਾਂ ਫ਼ਿਲਮ ਨਗਰੀ ਵਿੱਚ ਵੱਸਦੇ ਮੁੰਬਈ ਵਾਲਿਆਂ ਨੂੰ ਹੀ ਨਹੀਂ ਬਲਕਿ ਧਰਤੀ ਦੇ ਕਿਸੇ ਵੀ ਹਿੱਸੇ ਉੱਤੇ ਵੱਸਦੇ ਹਰ ਉਸ ਇਨਸਾਨ ਨੂੰ ਹੈ ਜਿਸ ਨੇ ਵੀ ਐਕਟਰ ਧਰਮਿੰਦਰ ਨੂੰ ਕਿਸੇ ਫ਼ਿਲਮ ਵਿੱਚ ਐਕਟਿੰਗ ਕਰਦੇ ਵੇਖਿਆ ਹੈ ਤੇ ਧਰਮਿੰਦਰ ਦੇ ਅਜਿਹੀ ਕਿਸਮ ਦੇ ਸਰੋਤੇ, ਦਰਸ਼ਕ ਤੇ ਪ੍ਰਸ਼ੰਸਕ ਲੱਖਾਂ ਕਰੋੜਾਂ ਵਿੱਚ ਨਹੀਂ ਬਲਕਿ ਅਰਬਾਂ ਵਿੱਚ ਹਨ ।
ਟੇਰਕਿਆਨਾ ਨੇ ਕਿਹਾ ਕਿ ਸਲਾਮ ਹੈ ਉਸ ਮਹਾਨ ਕਲਾਕਾਰ ਦੀ ਕਲਾ ਨੂੰ ਜਿਸ ਨੇ ਵਿਲੱਖਣ ਤੇ ਅਨੋਖੀ ਐਕਟਿੰਗ ਕਰਕੇ ਫਿਲਮਾਂ ਰਾਹੀਂ ਸਾਡੇ ਸਮੁੱਚੇ ਸਮਾਜ ਨੂੰ ਕਈ ਤਰਾਂ ਨਾਲ ਜਾਗਰੂਕ ਕੀਤਾ । ਟੇਰਕਿਆਨਾ ਨੇ ਦੱਸਿਆ ਕਿ ਬਿਨਾ ਮੰਗਿਆਂ ਹੀ ਧਰਮਿੰਦਰ ਨੂੰ ਕੋਈ ਵੀ ਪਾਰਟੀ ਭਾਰਤ ਦੀ ਪਾਰਲੀਮੈਂਟ ਦੀ ਚੋਣ ਵੇਲੇ ਲੋਕ ਸਭਾ ਦੀ ਚੋਣ ਵੇਲੇ ਟਿਕਟ ਨਾਲ ਨਿਵਾਜਣ ਲਈ ਤੱਤਪਰ ਰਹਿੰਦੀ ਰਹੀ ਕਿਉਂਕਿ ਧਰਮਿੰਦਰ ਦੀ ਮਕਬੂਲੀਅਤ ਹੀ ਏਨੀ ਸੀ ਕਿ ਉਹ ਕਿਤਿਓ ਖੜ ਜਾਣ ਅਰਾਮ ਨਾਲ ਜਿੱਤ ਜਾਣ ਦੀ ਸਮਰੱਥਾ ਰੱਖਦੇ ਸਨ ਤੇ ਜਿੱਤਦੇ ਵੀ ਰਹੇ ਹਨ । ਫ਼ਿਲਮਾਂ ਦੀ ਦੁਨੀਆਂ ਵਿੱਚ ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਜੋੜੀ ਸੰਸਾਰ ਪ੍ਰਸਿੱਧ ਜੋੜੀ ਰਹੀ ਪਰ ਅੱਜ ਉਹ ਜੋੜੀ ਦੇ ਟੁੱਟ ਜਾਣ ਕਰਕੇ ਕਈਆਂ ਦੇ ਮੰਨ ਨੂੰ ਠੇਸ ਪਹੁੰਚੀ ਹੈ ।ਧਰਮਿੰਦਰ ਸਾਡੇ ਚੇਤਿਆਂ ‘ਚੋਂ ਕਦੇ ਵੀ ਮਨਫੀ ਨਹੀਂ ਹੋ ਸਕਦਾ।

