ਜਲੰਧਰ 12 ਜੂਨ (ਜਸਵਿੰਦਰ ਸਿੰਘ ਆਜ਼ਾਦ)- ਗ਼ਦਰੀ ਗੁਲਾਬ ਬੀਬੀ ਗੁਲਾਬ ਕੌਰ ਦੇ ਵਿਛੋੜੇ ਦੀ ਸ਼ਤਾਬਦੀ (1925-2025) ਮੁਹਿੰਮ ਦੀ ਸਿਖ਼ਰ ਪਹਿਲੀ ਨਵੰਬਰ 34ਵਾਂ ਮੇਲਾ ਗ਼ਦਰੀ ਬਾਬਿਆਂ ਦਾ ਯਾਦਗਾਰੀ ਮੀਲ ਪੱਥਰ ਹੋ ਸਕੇ, ਇਸ ਲਈ ਨਿਰੰਤਰ ਮੁਹਿੰਮ ਚਲਾਉਣ ਦੀ ਲੜੀ ਵਜੋਂ ਦੇਸ਼ ਭਗਤ ਯਾਦਗਾਰ ਹਾਲ ਨੂੰ ਮੁਹਿੰਮ ਦਾ ਮਰਕਜ਼ ਸਥਾਪਤ ਕਰਨ ਲਈ ਅੱਜ ਵਿਸ਼ੇਸ਼ ਕਦਮ ਚੁੱਕੇ ਗਏ।
ਪਹਿਲੇ ਕਦਮ ਵਜੋਂ ਗ਼ਦਰੀ ਗੁਲਾਬ ਕੌਰ ਦੇ ਸਮਕਾਲੀ ਸਾਥੀ ਸ਼ਹੀਦ ਕਰਤਾਰ ਸਿੰਘ ਸਰਾਭਾ ਮੰਚ, ਗ਼ਦਰੀ ਗੁਲਾਬ ਕੌਰ ਯਾਦਗਾਰੀ ਹਾਲ, ਬਾਬਾ ਜਵਾਲਾ ਸਿੰਘ ਹਾਲ, ਪ੍ਰੋ. ਬਰਕਤ ਉੱਲਾ ਹਾਲ, ਸ਼ਹੀਦ ਵਿਸ਼ਨੂੰ ਗਣੇਸ਼ ਪਿੰਗਲੇ ਹਾਲ, ਬਾਬਾ ਭਗਤ ਸਿੰਘ ਬਿਲਗਾ ਕਿਤਾਬ ਘਰ ਦੇ ਜੁੜਵੇਂ ਰੀਡਿੰਗ ਰੂਮ, ਗੰਧਰਵ ਸੈਨ ਕੋਛੜ ਯਾਦਗਾਰੀ ਥੀਏਟਰ ਵਿੱਚ ਆਹਲਾ ਦਰਜ਼ੇ ਦੀ ਸਾਊਂਡ ਲਗਾਉਣ ਦਾ ਵਡੇਰਾ ਪ੍ਰੋਜੈਕਟ ਨੇਪਰੇ ਚਾੜਨ ਲਈ ਅੱਜ ਵਿਸ਼ੇਸ਼ ਉੱਦਮ ਕੀਤਾ ਗਿਆ। ਇਸ ਵਿੱਚ ਵਿੱਤ ਪੱਖੋਂ ਸੁਰਿੰਦਰ ਕੁਮਾਰੀ ਕੋਛੜ ਨੇ ਵਿਸ਼ੇਸ਼ ਯੋਗਦਾਨ ਪਾਇਆ।
ਦੇਸ਼ ਭਗਤ ਯਾਦਗਾਰ ਹਾਲ ਵਿੱਚ ਵਿਚਾਰ-ਚਰਚਾ ਮਿਲਣੀ, ਫ਼ਿਲਮ ਸ਼ੋਅ, ਕਨਵੈਨਸ਼ਨ, ਕਾਨਫਰੰਸ, ਗੀਤ-ਸੰਗੀਤ ਅਤੇ ਰੰਗ ਮੰਚ ਲਈ ਪੰਜਾਬ ਭਰ ਦੀਆਂ ਲੋਕ-ਪੱਖੀ ਸੰਸਥਾਵਾਂ ਦੀ ਸੁਵਿਧਾ ਅਤੇ ਲੋੜ ਦੀ ਪੂਰਤੀ ਕਰਨ ਦਾ ਕਾਰਜ਼ ਨੇਪਰੇ ਚਾੜਕੇ ਅੱਜ ਕਮੇਟੀ ਨੇ ਬੇਹੱਦ ਖੁਸ਼ੀ ਮਹਿਸੂਸ ਕੀਤੀ।
ਸਾਰੇ ਹਾਲਾਂ ਵਿੱਚ ਸਾਊਂਡ, ਪਰਦੇ, ਰੰਗ-ਰੋਗਨ, ਰੌਸ਼ਨੀ, ਕੁਰਸੀਆਂ ਅਤੇ ਲੋੜੀਂਦੀਆਂ ਜ਼ਰੂਰਤਾਂ ਦੀ ਪੂਰਤੀ ਲਈ ਅੱਜ ਸਾਡੇ ਕੰਮਾਂ ਨੂੰ ਹੱਥ ਲਿਆ ਗਿਆ
ਬੋਰਡ ਆਫ਼ ਟਰੱਸਟ ਦੀ ਮੀਟਿੰਗ ਵਿੱਚ ਲਏ ਫੈਸਲੇ ਨੂੰ ਅਮਲੀ ਜਾਮਾ ਪਹਿਨਾਉਂਦੇ ਹੋਏ ਅੱਜ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਸਾਰੇ ਹਾਲਾਂ ਵਿੱਚ ਸਾਊਂਡ, ਪਰਦੇ, ਰੰਗ-ਰੋਗਨ, ਰੌਸ਼ਨੀ, ਕੁਰਸੀਆਂ ਅਤੇ ਲੋੜੀਂਦੀਆਂ ਜ਼ਰੂਰਤਾਂ ਦੀ ਪੂਰਤੀ ਲਈ ਅੱਜ ਸਾਡੇ ਕੰਮਾਂ ਨੂੰ ਹੱਥ ਲਿਆ ਗਿਆ।
ਉਹਨਾਂ ਇਹ ਵੀ ਦੱਸਿਆ ਕਿ ਬੋਰਡ ਆਫ਼ ਟਰੱਸਟ ਨੇ ਇਸ ਵਡੇਰੇ ਪ੍ਰੋਜੈਕਟ ‘ਤੇ ਕੀਤੇ ਖ਼ਰਚਿਆਂ ਦੀ ਪੂਰਤੀ ਲਈ ਅਤੇ ਪੰਜਾਬ ਭਰ ਦੀਆਂ ਵੰਨ-ਸੁਵੰਨੀਆਂ ਸਰਗਰਮੀਆਂ ਲਈ ਆਪਣਾ ਘਰ ਸਮਝਕੇ ਦੇਸ਼ ਭਗਤ ਯਾਦਗਾਰ ਹਾਲ ਵਿੱਚ ਆਉਣ ਨੂੰ ਸੰਸਥਾਵਾਂ ਅਤੇ ਲੋਕ ਮਾਣ ਮਹਿਸੂਸ ਕਰਨ ਲੱਗਣ, ਇਹਨਾਂ ਲੋੜਾਂ ਦੀ ਪੂਰਤੀ ਲਈ ਵਿੱਤੀ ਸਹਾਇਤਾ ਦੀ ਵੀ ਅੱਜ ਵਿਸ਼ੇਸ਼ ਅਪੀਲ ਕੀਤੀ ਹੈ।
ਇਸਦੇ ਨਾਲ ਹੀ ਦੇਸ਼-ਬਦੇਸ਼ ਅੰਦਰ ਗ਼ਦਰੀ ਗੁਲਾਬ ਕੌਰ ਵਿਛੋੜੇ ਦੀ 100ਵੇਂ ਵਰੇ ਉਸਦੀ ਦੇਣ ਨੂੰ ਸਿਜਦਾ ਕਰਨ ਲਈ ਥਾਓਂ ਥਾਈਂ ਸਮਾਗਮ ਕਰਨ ਅਤੇ ਪਹਿਲੀ ਨਵੰਬਰ ਗ਼ਦਰੀ ਬਾਬਿਆਂ ਦੇ ਮੇਲੇ ਮੌਕੇ ਵਹੀਰਾਂ ਘੱਤ ਕੇ ਪੁੱਜਣ ਦੀ ਅਪੀਲ ਵੀ ਕੀਤੀ ਹੈ।