ਹੁਸ਼ਿਆਰਪੁਰ 16 ਜਨਵਰੀ (ਤਰਸੇਮ ਦੀਵਾਨਾ) – ਬੀਤੇ ਦਿਨੀ ਮੁਕਤਸਰ ਵਿਖੇ ਮਾਘੀ ਤੇ ਟੁੱਟੀ ਗੰਢੀ ਦਿਵਸ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 328 ਸਰੂਪਾਂ ਸਬੰਧੀ ਚੱਲ ਰਹੀ ਜਾਂਚ ਬਾਰੇ ਇਕੱਠ ਵਿੱਚ 169 ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਬੰਗਿਆਂ ਲਾਗੇ ਇੱਕ ਡੇਰੇ ਤੋਂ ਮਿਲਣ ਦਾ ਦਾਅਵਾ ਕੀਤਾ ਸੀ ਪਰ ਰਾਜਾ ਨਾਭ ਕਮਲ ਸਾਹਿਬ ਟ੍ਰਸਟ ਮਜ਼ਾਰਾ ਨੌ ਆਬਾਦ ਨੇ ਪ੍ਰੈਸ ਕਾਨਫਰੰਸ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਾਅਵਿਆਂ ਦੀ ਫੂਕ ਕੱਢ ਕੇ ਰੱਖ ਦਿੱਤੀ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਨਾਮ ਸਿੰਘ ਸਿੰਗੜੀਵਾਲਾ ਜਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਭਗਵੰਤ ਸਿੰਘ ਮਾਨ ਦੇ ਝੂਠੇ ਦਾਅਵਿਆਂ ਦਾ ਸਖਤ ਨੋਟਿਸ ਲੈਂਦਿਆਂ ਹੋਇਆਂ ਪ੍ਰੈਸ ਨੋਟ ਰਾਹੀਂ ਕੀਤਾ।
ਇਸ ਸਮੇਂ ਸਿੰਗੜੀਵਾਲਾ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪ ਖੁਰਦ ਬੁਰਦ ਹੋਣ ਨਾਲ ਸਿੱਖ ਸੰਗਤਾਂ ਦੇ ਹਿਰਦਿਆਂ ਨੂੰ ਭਾਰੀ ਠੇਸ ਪਹੁੰਚੀ ਹੋਈ ਹੈ ਅਤੇ ਇਸ ਦੀ ਜਾਂਚ ਹੋ ਕੇ ਸੱਚ ਸੰਗਤਾਂ ਸਾਹਮਣੇ ਆਉਣਾ ਜਰੂਰੀ ਹੈ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋ ਸਿਆਸੀ ਅਤੇ ਨਿੱਜੀ ਫਾਇਦਿਆਂ ਲਈ 328 ਸਰੂਪਾਂ ਵਾਰੇ ਫੈਲਾਏ ਗਏ ਝੂਠੇ ਪ੍ਰਸੰਗ ਲਈ ਸਿੱਖ ਸੰਗਤਾਂ ਤੋਂ ਮਾਫੀ ਮੰਗਣ ਨਹੀਂ ਤਾਂ ਆਮ ਆਦਮੀ ਪਾਰਟੀ ਅਤੇ ਉਹਨਾਂ ਦੀ ਸਰਕਾਰ ਸਿੱਖ ਸੰਗਤਾਂ ਦੇ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ।

