31 ਅਗਸਤ ਤੱਕ ਟੀਚਾ ਪੂਰਾ ਕਰਨ ਦੇ ਨਿਰਦੇਸ਼
ਕਿਹਾ ਇਸ ਕਦਮ ਦਾ ਉਦੇਸ਼ ਆਮ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਦੇ ਨਾਲ-ਨਾਲ ਬੇਸਹਾਰਾ ਪਸ਼ੂਧਨ ਦੀ ਢੁੱਕਵੀਂ ਸਾਂਭ-ਸੰਭਾਲ ਨੂੰ ਯਕੀਨੀ ਬਣਾਉਣਾ
ਜ਼ਖਮੀ ਤੇ ਬੇਸਹਾਰਾ ਪਸ਼ੂਧਨ ਦੀ ਸੂਚਨਾ ਦੇਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਹੈਲਪਲਾਈਨ ਨੰਬਰ 9646-222-555 ’ਤੇ ਕੀਤਾ ਜਾ ਸਕਦੈ ਸੰਪਰਕ
ਜਲੰਧਰ 23 ਜੁਲਾਈ (ਨਤਾਸ਼ਾ)- ਬੇਸਹਾਰਾ ਪਸ਼ੂਧਨ ਦੀ ਭਲਾਈ ਅਤੇ ਕੀਮਤੀ ਮਨੁੱਖੀ ਜਾਨਾਂ ਦੀ ਸੁਰੱਖਿਆ ਲਈ ਇਕ ਮਹੱਤਵਪੂਰਣ ਕਦਮ ਚੁੱਕਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅੱਜ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ 31 ਅਗਸਤ ਤੱਕ ਬੇਸਹਾਰਾ ਪਸ਼ੂਆਂ ਨੂੰ ਗਊਸ਼ਲਾਵਾਂ ਵਿੱਚ ਪਹੁੰਚਾਉਣਾ ਯਕੀਨੀ ਬਣਾਇਆ ਜਾਵੇ।
ਅੱਜ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਪਸ਼ੂ ਭਲਾਈ ਕਮੇਟੀ ਅਤੇ ਜ਼ਿਲ੍ਹਾ ਸੁਸਾਇਟੀ ਫਾਰ ਪ੍ਰੀਵੈਨਸ਼ਨ ਆਫ਼ ਕਰੂਐਲਿਟੀ ਟੂ ਐਨੀਮਲਜ਼ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਇਸ ਕਾਰਜ ਨੂੰ ਮਿਸ਼ਨ ਮੋਡ ’ਤੇ ਚਲਾਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਕਦਮ ਦਾ ਉਦੇਸ਼ ਆਮ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਦੇ ਨਾਲ-ਨਾਲ ਬੇਸਹਾਰਾ ਪਸ਼ੂਧਨ ਦੀ ਢੁੱਕਵੀਂ ਸਾਂਭ-ਸੰਭਾਲ ਨੂੰ ਯਕੀਨੀ ਬਣਾਉਣਾ ਵੀ ਹੈ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਜਸਬੀਰ ਸਿੰਘ, ਐਸ.ਡੀ.ਐਮ. ਆਦਮਪੁਰ ਵਿਵੇਕ ਕੁਮਾਰ ਮੋਦੀ ਵਾਧੂ ਚਾਰਜ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਵੀ ਮੌਜੂਦ ਸਨ।
ਪਸ਼ੂ ਪਾਲਕਾਂ ਨੂੰ ਜਾਗਰੂਕ ਕਰਨ ਸਮੇਤ ਹੋਰ ਪੁਖ਼ਤਾ ਕਦਮ ਚੁੱਕਣ ਦੀਆਂ ਹਦਾਇਤਾਂ ਦਿੱਤੀਆਂ
ਬੇਸਹਾਰਾ ਪਸ਼ੂਆਂ ਦੀ ਸਮੱਸਿਆ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਡਾ. ਅਗਰਵਾਲ ਨੇ ਅਧਿਕਾਰੀਆਂ ਨੂੰ ਗਊਸ਼ਲਾਵਾਂ ਦੀ ਸਮਰੱਥਾ ਵਿੱਚ ਵਾਧਾ, ਵਰਕਫੋਰਸ ਵਧਾਉਣ, ਪਸ਼ੂ ਪਾਲਕਾਂ ਨੂੰ ਜਾਗਰੂਕ ਕਰਨ ਸਮੇਤ ਹੋਰ ਪੁਖ਼ਤਾ ਕਦਮ ਚੁੱਕਣ ਦੀਆਂ ਹਦਾਇਤਾਂ ਦਿੱਤੀਆਂ। ਉਨ੍ਹਾਂ ਪਸ਼ੂ ਪਾਲਕਾਂ, ਡੇਅਰੀ ਮਾਲਕਾਂ ਨੂੰ ਐਸ.ਪੀ.ਸੀ.ਏ. ਵਿੱਚ ਸ਼ਾਮਲ ਕਰਨ ֹ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪਸ਼ੂ ਪਾਲਕਾਂ ਅਤੇ ਡੇਅਰੀ ਮਾਲਕਾਂ ਨੂੰ ਦੁੱਧ ਦੇਣਾ ਛੱਡ ਚੁੱਕੇ ਪਸ਼ੂਆਂ ਨੂੰ ਬੇਸਹਾਰਾ ਛੱਡਣ ਦੀ ਬਜਾਏ ਗਊਸ਼ਲਾਵਾਂ ਵਿੱਚ ਪਹੁੰਚਾਉਣ ਲਈ ਜਾਗਰੂਕ ਕੀਤਾ ਜਾਵੇ ਤਾਂ ਇਨ੍ਹਾਂ ਦੀ ਸਹੀ ਢੰਗ ਨਾਲ ਸੰਭਾਲ ਹੋ ਸਕੇ।
ਜ਼ਖਮੀ ਤੇ ਬਿਮਾਰ ਪਸ਼ੂਧਨ ਦੀ ਢੁੱਕਵੀਂ ਸੰਭਾਲ ਲਈ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੈਲਪਲਾਈਨ ਨੰਬਰ 9646-222-555 ਜਾਰੀ ਕਰਦਿਆਂ ਕਿਹਾ ਕਿ ਲੋਕ ਕਿਸੇ ਵੀ ਜ਼ਖਮੀ ਤੇ ਬੇਸਹਾਰਾ ਪਸ਼ੂਧਨ ਦੀ ਸੂਚਨਾ ਦੇਣ ਲਈ ਇਸ ਨੰਬਰ ’ਤੇ ਸੰਪਰਕ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸੂਚਨਾ ਮਿਲਣ ’ਤੇ ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਉਕਤ ਬਿਮਾਰ ਜਾਂ ਜ਼ਖਮੀ ਪਸ਼ੂਧਨ ਦੇ ਇਲਾਜ ਤੇ ਸੰਭਾਲ ਦੀ ਉਚਿਤ ਵਿਵਸਥਾ ਕੀਤੀ ਜਾਵੇਗੀ।
ਮੀਟਿੰਗ ਦੌਰਾਨ ਕੰਨੀਆ ਕਲਾਂ ਕੈਟਲ ਪੌਂਡ ਦੀ ਸਮਰੱਥਾ ਵਧਾਉਣ ’ਤੇ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਐਸ.ਡੀ.ਐਮ. ਸ਼ਾਹਕੋਟ ਨੂੰ ਇਸ ਸਬੰਧੀ 31 ਜੁਲਾਈ 2025 ਤੱਕ ਤਜਵੀਜ਼ ਭੇਜਣ ਲਈ ਕਿਹਾ ਤਾਂ ਜੋ ਇਸ ਸਬੰਧੀ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ।ਮੀਟਿੰਗ ਦੌਰਾਨ ਜ਼ਿਲ੍ਹੇ ਵਿੱਚ ਐਨੀਮਲ ਬਰਥ ਕੰਟਰੋਲ (ਏ.ਬੀ.ਸੀ.) ਪ੍ਰੋਗਰਾਮ ਦੀ ਪ੍ਰਗਤੀ, ਗਊ ਸੈੱਸ ਕੁਲੈਕਸ਼ਨ ਦਾ ਵੀ ਜਾਇਜ਼ਾ ਲਿਆ ਗਿਆ।
ਮੀਟਿੰਗ ਵਿੱਚ ਸਹਾਇਕ ਡਾਇਰੈਕਟਰ ਪਸ਼ੂ ਪਾਲਣ ਡਾ. ਬਲਬੀਰ ਸਿੰਘ ਤੇ ਡਾ. ਕੁਲਵਿੰਦਰ ਸਿੰਘ ਤੋਂ ਇਲਾਵਾ ਨਗਰ ਨਿਗਮ ਜਲੰਧਰ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।