ਕਲੱਬ ਪ੍ਰਧਾਨ ਪਰਮਜੀਤ ਸਚਦੇਵਾ ਸਮੇਤ ਮੈਂਬਰ ਰਹੇ ਮੌਜੂਦ
ਹੁਸ਼ਿਆਰਪੁਰ, 30 ਸਤੰਬਰ (ਤਰਸੇਮ ਦੀਵਾਨਾ) — ਫਿਟ ਬਾਈਕਰ ਕਲੱਬ ਵੱਲੋਂ ਲੋਕਾਂ ਨੂੰ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਅਤੇ ਪਰਿਵਾਰ ਸਮੇਤ ਫਿਟਨੈੱਸ ਗਤੀਵਿਧੀਆਂ ਨਾਲ ਜੋੜਨ ਦੇ ਉਦੇਸ਼ ਨਾਲ ਕਰਵਾਈ ਜਾ ਰਹੀ ਸਚਦੇਵਾ ਸਟਾਕਸ ਫੈਮਿਲੀ ਵਾਕ ਦੇ ਸਬੰਧ ਵਿੱਚ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਫੈਮਿਲੀ ਵਾਕ ਦੀ ਟੀ-ਸ਼ਰਟ ਰਿਲੀਜ਼ ਕੀਤੀ। ਇਸ ਮੌਕੇ ਫਿਟ ਬਾਈਕਰ ਕਲੱਬ ਦੇ ਪ੍ਰਧਾਨ ਪਰਮਜੀਤ ਸਿੰਘ ਸਚਦੇਵਾ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ।
ਇਸ ਮੌਕੇ ਡੀਸੀ ਆਸ਼ਿਕਾ ਜੈਨ ਨੇ ਕਿਹਾ ਕਿ ਫੈਮਿਲੀ ਵਾਕ ਦਾ ਉਦੇਸ਼ ਲੋਕਾਂ ਨੂੰ ਨਿਯਮਿਤ ਸਰੀਰਕ ਗਤੀਵਿਧੀਆਂ ਪ੍ਰਤੀ ਜਾਗਰੂਕ ਕਰਨਾ ਅਤੇ ਪਰਿਵਾਰਾਂ ਨੂੰ ਇਕੱਠੇ ਸਿਹਤਮੰਦ ਤੇ ਸਰਗਰਮ ਜੀਵਨਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਰੁਝੇਵਿਆਂ ਭਰੀ ਜੀਵਨਸ਼ੈਲੀ ਵਿੱਚ ਪੈਦਲ ਚੱਲਣਾ ਸਿਹਤ ਲਈ ਬੇਹੱਦ ਜ਼ਰੂਰੀ ਹੈ ਅਤੇ ਅਜਿਹੀਆਂ ਗਤੀਵਿਧੀਆਂ ਸਮਾਜ ਵਿੱਚ ਸਕਾਰਾਤਮਕ ਸੰਦੇਸ਼ ਦਿੰਦੀਆਂ ਹਨ।
ਟੀ-ਸ਼ਰਟ ਰਿਲੀਜ਼ ਮੌਕੇ ਉੱਤਮ ਸਿੰਘ ਸਾਬੀ, ਰੋਹਿਤ ਬਸੀ, ਦੌਲਤ ਸਿੰਘ, ਅਮਰਿੰਦਰ ਸੈਣੀ, ਰਮਨ ਬੋਪਾਰਾਏ, ਸਾਗਰ ਸੈਣੀ, ਤਰਲੋਚਨ ਸਿੰਘ ਅਤੇ ਸੌਰਭ ਸ਼ਰਮਾ ਸਮੇਤ ਕਲੱਬ ਦੇ ਮੈਂਬਰ ਮੌਜੂਦ ਸਨ।
ਕਲੱਬ ਅਹੁਦੇਦਾਰਾਂ ਨੇ ਦੱਸਿਆ ਕਿ ਫੈਮਿਲੀ ਵਾਕ ਵਿੱਚ ਵੱਖ-ਵੱਖ ਉਮਰ ਵਰਗਾਂ ਦੇ ਲੋਕ ਆਪਣੇ ਪਰਿਵਾਰਾਂ ਸਮੇਤ ਹਿੱਸਾ ਲੈ ਸਕਦੇ ਹਨ। ਇਸ ਦਾ ਉਦੇਸ਼ ਕਿਸੇ ਮੁਕਾਬਲੇ ਦੀ ਬਜਾਏ ਲੋਕਾਂ ਨੂੰ ਸਿਹਤ, ਫਿਟਨੈੱਸ ਅਤੇ ਆਪਸੀ ਸਹਿਯੋਗ ਪ੍ਰਤੀ ਜਾਗਰੂਕ ਕਰਨਾ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਇਸ ਪਹਿਲਕਦਮੀ ਦਾ ਹਿੱਸਾ ਬਣਨ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾਉਣ।

