Breaking
Sat. Apr 26th, 2025

ਦਲ ਖਾਲਸਾ ਨੇ ਭਾਈ ਨਰਾਇਣ ਸਿੰਘ ਚੌੜਾ ਦਾ ਹੁਸ਼ਿਆਰਪੁਰ ਪਹੁੰਚਣ ‘ਤੇ ਕੀਤਾ ਸ਼ਾਨਦਾਰ ਸਵਾਗਤ

ਭਾਈ ਨਰਾਇਣ ਸਿੰਘ ਚੌੜਾ

• ਆਪਣੀ ਕੀਤੀ ਤੇ ਕੋਈ ਪਛਤਾਵਾ ਨਹੀਂ, ਪੰਥਕ ਰਿਵਾਇਤਾਂ ਅਨੁਸਾਰ ਕੀਤੀ ਕਾਰਵਾਈ-ਭਾਈ ਨਰਾਇਣ ਸਿੰਘ ਚੌੜਾ

ਹੁਸ਼ਿਆਰਪੁਰ, 29 ਮਾਰਚ (ਤਰਸੇਮ ਦੀਵਾਨਾ)- ਸ਼੍ਰੋਮਣੀ ਅਕਾਲੀ ਦਲ ਦੇ ਰਹਿ ਚੁੱਕੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਪਰ ਕਾਤਲਾਨਾ ਹਮਲਾ ਕਰਨ ਵਾਲੇ ਉੱਘੇ ਸਾਬਕਾ ਖਾੜਕੂ ਭਾਈ ਨਰਾਇਣ ਸਿੰਘ ਚੌੜਾ ਨੂੰ ਆਪਣੀ ਕੀਤੀ ਤੇ ਕੋਈ ਪਛਤਾਵਾ ਨਹੀਂ ਹੈ ਸਗੋਂ ਉਹ ਇਸ ਨੂੰ ਪੰਥਕ ਪਰੰਪਰਾਵਾਂ ਅਨੁਸਾਰ ਕੀਤੀ ਕਾਰਵਾਈ ਮੰਨਦੇ ਹਨ। ਬੁੱਧਵਾਰ ਦੇਰ ਸ਼ਾਮ ਨੂੰ ਹੁਸ਼ਿਆਰਪੁਰ ਵਿਖੇ ਪਹੁੰਚੇ ਭਾਈ ਨਰਾਇਣ ਸਿੰਘ ਚੌੜਾ ਦਾ ਦਲ ਖਾਲਸਾ ਦੇ ਆਗੂਆਂ ਨੇ ਭਰਵਾਂ ਸਵਾਗਤ ਕੀਤਾ ਤੇ ਜੈਕਾਰਿਆਂ ਦੇ ਗੂੰਜ ਵਿੱਚ ਉਹਨਾਂ ਦਾ ਸਨਮਾਨ ਵੀ ਕੀਤਾ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਭਾਈ ਨਰਾਇਣ ਸਿੰਘ ਚੌੜਾ ਨੇ ਦੱਸਿਆ ਕਿ ਉਹਨਾਂ ਦੀ ਜਮਾਨਤ ਮਾਨਯੋਗ ਅਦਾਲਤ ਵੱਲੋਂ ਕੀਤੀ ਗਈ ਕਾਨੂੰਨੀ ਪ੍ਰਕਿਰਿਆ ਮੁਤਾਬਿਕ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਕਾਰ ਦੀ ਮਿਲੀ ਭੁਗਤ ਬਾਰੇ ਕੀਤੇ ਦੁਸ਼ਪ੍ਰਚਾਰ ਨੂੰ ਨਕਾਰਦਿਆਂ ਉਹਨਾਂ ਕਿਹਾ ਕਿ ਉਹਨਾਂ ਦਾ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਨਾਲ ਕੋਈ ਲੈਣਾ ਦੇਣਾ ਜਾਂ ਸਬੰਧ ਨਹੀਂ ਹੈ। ਉਨ੍ਹਾਂ ਕੇਵਲ ਪੰਥ ਦੀ ਆਵਾਜ਼ ਅਤੇ ਪੰਥਕ ਰਿਵਾਇਤਾਂ ਮੁਤਾਬਿਕ ਪੰਥਕ ਰੋਹ ਦਾ ਪ੍ਰਗਟਾਵਾ ਕਰਦੇ ਹੋਏ ਪੰਥ ਦੋਖੀਆਂ ਨੂੰ ਸ਼ੀਸ਼ਾ ਦਿਖਾਇਆ ਹੈ |

ਇਸ ਮੌਕੇ ਆਪਣੇ ਸੰਬੋਧਨ ਵਿੱਚ ਭਾਈ ਹਰਚਰਨਜੀਤ ਸਿੰਘ ਧਾਮੀ ਨੇ ਦੱਸਿਆ ਕਿ ਖੁਦ ਨੂੰ ਪੰਥਕ ਦੱਸਣ ਵਾਲਾ ਪ੍ਰਕਾਸ਼ ਸਿੰਘ ਬਾਦਲ ਜਿਹੜਾ ਸਾਰੀ ਉਮਰ ਪੰਥ ਦੇ ਨਾਮ ‘ਤੇ ਜਿੱਤਦਾ ਰਿਹਾ ਅਤੇ ਉਸ ਨੇ ਨਾਂ ਸਿਰਫ ਪੰਥ ਨੂੰ ਢਾਹ ਲਾਉਣ ਵਾਲੀਆਂ ਕਾਰਵਾਈਆਂ ਹੀ ਕੀਤੀਆਂ ਸਗੋਂ ਪੰਥ ਦੇ ਦੋਖੀਆਂ ਨੂੰ ਉੱਚੇ ਅਹੁਦਿਆਂ ਤੇ ਰੁਤਬਿਆਂ ਨਾਲ ਵੀ ਨਿਵਾਜਿਆ। ਉਸ ਨੂੰ ਵੀ ਅਕਾਲ ਪੁਰਖ ਵਾਹਿਗੁਰੂ ਨੇ ਆਖਰੀ ਉਮਰੇ ਜਲਾਲਤ ਦਾ ਸ਼ੀਸ਼ਾ ਦਿਖਾਇਆ। ਉਸ ਦੀ ਪਾਰਟੀ ਦਾ ਅੱਜ ਹਾਲ ਸਾਰਾ ਪੰਥ ਵੇਖ ਰਿਹਾ ਸਗੋਂ ਪੰਥਕ ਜਜ਼ਬਿਆਂ ਅਨੁਸਾਰ ਕਾਰਵਾਈਆਂ ਕਰਨ ਵਾਲੇ ਜੁਝਾਰੂ ਪੰਥ ਲਈ ਹਮੇਸ਼ਾ ਸਤਿਕਾਰ ਦੇ ਪਾਤਰ ਬਣਦੇ ਰਹੇ ਹਨ।

ਭਾਈ ਨਰਾਇਣ ਸਿੰਘ ਚੌੜਾ ਵੱਲੋਂ ਸੁਖਬੀਰ ਸਿੰਘ ਬਾਦਲ ਤੇ ਸਿੱਧੀ ਨਹੀਂ ਸਗੋਂ ਹਵਾ ਵਿੱਚ ਗੋਲੀ ਚਲਾਈ ਸੀ

ਇਸ ਮੌਕੇ ਭਾਈ ਨਰਾਇਣ ਸਿੰਘ ਚੌੜਾ ਦੇ ਵਕੀਲ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਭਾਈ ਨਰਾਇਣ ਸਿੰਘ ਚੌੜਾ ਵੱਲੋਂ ਸੁਖਬੀਰ ਸਿੰਘ ਬਾਦਲ ਤੇ ਸਿੱਧੀ ਨਹੀਂ ਸਗੋਂ ਹਵਾ ਵਿੱਚ ਗੋਲੀ ਚਲਾਈ ਸੀ ਜਿਸ ਲਈ ਛੋਟਾ ਕੇਸ ਬਣਦਾ ਸੀ ਤੇ ਉਹਨਾਂ ਦੀ ਹਫਤਾ ਦਸ ਦਿਨ ਦੇ ਵਿੱਚ ਜਮਾਨਤ ਹੋਈ ਜਾਣੀ ਚਾਹੀਦੀ ਸੀ ਪਰ ਫਿਰ ਵੀ ਮਹੀਨਿਆਂ ਬਧੀ ਸਮਾਂ ਲੱਗਾ ਅਤੇ ਅਦਾਲਤੀ ਚਾਰਾਜੋਈ ਅਨੁਸਾਰ ਉਹਨਾਂ ਦੀ ਜਮਾਨਤ ਹੋਈ ਹੈ ਜਦ ਕਿ ਸ਼੍ਰੋਮਣੀ ਅਕਾਲੀ ਦਲ ਦਾ ਕਾਨੂੰਨੀ ਸਲਾਹਕਾਰ ਅਰਸ਼ਦੀਪ ਸਿੰਘ ਕਲੇਰ ਐਡਵੋਕੇਟ ਤੇ ਕਾਨੂੰਨ ਮਾਮਲਿਆਂ ਦਾ ਜਾਣਕਾਰ ਹੋਣ ਦੇ ਬਾਵਜੂਦ ਵੀ ਮੀਡੀਆ ਵਿੱਚ ਬੇ ਸਿਰ ਪੈਰ ਦੇ ਬਿਆਨ ਦੇ ਰਿਹਾ ਹੈ ਜੋ ਕਿ ਫੋਕੀ ਸ਼ੋਹਰਤ ਤੋਂ ਵੱਧ ਕੁਝ ਨਹੀਂ ਹੈ।

ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਕਿਹਾ ਕਿ ਅਕਾਲੀਆਂ ਦੇ ਬੁਲਾਰੇ ਐਡਵੋਕੇਟ ਅਰਸ਼ਦੀਪ ਕਲੇਰ ਦੇ ਪਿਤਾ, ਜੋ ਖੁਦ ਵੀ ਉਘਾ ਵਕੀਲ ਰਿਹਾ ਉਸ ਨੇ ਹਮੇਸ਼ਾ ਪੰਥ ਨਾਲ ਖੜ੍ਹਾ ਹੋਣ ਦੀ ਬਜਾਏ ਪੰਥਕ ਨੌਜਵਾਨਾਂ ਦੇ ਕਾਤਲ ਸੈਂਕੜੇ ਪੁਲਿਸ ਵਾਲਿਆਂ ਨੂੰ ਬਾਹਰੋ ਬਾਹਰ ਜਮਾਨਤ ਦਿਵਾਈ ਜਦਕਿ ਕਿਸੇ ਵੀ ਬੰਦੀ ਸਿੰਘ ਦੀ ਰਿਹਾਈ ਲਈ ਆਵਾਜ਼ ਬੁਲੰਦ ਕਰਨ ਦੀ ਕਦੇ ਲੋੜ ਨਹੀਂ ਸਮਝੀ, ਆਪਣੇ ਪਿਤਾ ਦੇ ਹੀ ਰਸਤੇ ਉੱਪਰ ਹੁਣ ਉਸਦਾ ਬੇਟਾ ਅਰਸ਼ਦੀਪ ਕਲੇਰ ਚੱਲ ਰਿਹਾ ਹੈ ਜੋ ਪੰਥ ਦਾ ਸਾਥ ਦੇਣ ਦੀ ਬਜਾਏ ਪੰਥ ਦੇ ਦੋਖੀਆਂ ਦੀ ਆਵਾਜ਼ ਬਣ ਕੇ ਬੋਲ ਰਿਹਾ ਹੈ | ਇਸ ਮੌਕੇ ਭਾਈ ਹਰਚਰਨਜੀਤ ਸਿੰਘ ਧਾਮੀ, ਭਾਈ ਗੁਰਨਾਮ ਸਿੰਘ ਮੂਣਕਾ ਪੰਜਾਬ ਪ੍ਰਧਾਨ ਆਵਾਜ ਕੌਮ ਭਾਈ ਬਲਜਿੰਦਰ ਸਿੰਘ ਜਿਲਾ ਪ੍ਰਧਾਨ ਦਲ ਖਾਲਸਾ, ਭਾਈ ਸੁਰਿੰਦਰ ਸਿੰਘ ਪੱਟੀ, ਭਾਈ ਹਰਵਿੰਦਰ ਸਿੰਘ ਹਰਮੋਏ ਆਦਿ ਆਗੂ ਹਾਜ਼ਿਰ ਸਨ | ਇਸ ਮੌਕੇ ਦਲ ਖਾਲਸਾ ਨੇ ਭਾਈ ਨਰਾਇਣ ਸਿੰਘ ਚੌੜਾ ਨੂੰ ਸ੍ਰੀ ਸਾਹਿਬ ਸਿਰੋਪਾਓ ਅਤੇ ਦੁਸ਼ਾਲਾ ਦੇ ਕੇ ਸਨਮਾਨਿਤ ਕੀਤਾ।

By admin

Related Post