Breaking
Fri. Oct 10th, 2025

ਕਲਸਟਰ ਅਫ਼ਸਰਾਂ ਨੂੰ ‘ਉੱਨਤ ਕਿਸਾਨ ਐਪ’ ਸਬੰਧੀ ਦਿੱਤੀ ਸਿਖ਼ਲਾਈ

ਉੱਨਤ ਕਿਸਾਨ ਐਪ

ਜਲੰਧਰ 9 ਅਕਤੂਬਰ (ਜਸਵਿੰਦਰ ਸਿੰਘ ਆਜ਼ਾਦ)- ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਖੇਤੀਬਾੜੀ ਵਿਭਾਗ ਵਲੋਂ ਵਿਕਸਤ ‘ਉੱਨਤ ਕਿਸਾਨ ਐਪ’ ਸਬੰਧੀ ਸਮੂਹ ਕਲਸਟਰ ਅਫ਼ਸਰਾਂ ਨੂੰ ਸਟੇਟ ਮਾਸਟਰ ਟ੍ਰੇਨਰ ਸਹਾਇਕ ਖੇਤੀਬਾੜੀ ਇੰਜੀਨੀਅਰ ਅਕਸ਼ਿਤ ਜੈਨ ਵੱਲੋਂ ਸਿਖ਼ਲਾਈ ਪ੍ਰਦਾਨ ਕੀਤੀ ਗਈ।

ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਿਖ਼ਲਾਈ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਸੀ.ਐਮ.ਐਫ.ਓ. ਨਵਦੀਪ ਸਿੰਘ ਨੇ ਸਮੂਹ ਕਲਸਟਰ ਅਫ਼ਸਰਾਂ ਨੂੰ ‘ਉੱਨਤ ਕਿਸਾਨ ਐਪ’ ਦੀ ਪਰਾਲੀ ਦੇ ਪ੍ਰਬੰਧਨ ਵਿੱਚ ਮਹੱਤਤਾ ਬਾਰੇ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਇਹ ਮੋਬਾਇਲ ਐਪ ਇੱਕ ਵਨ-ਸਟਾਪ ਪਲੇਟਫਾਰਮ ਹੈ, ਜੋ ਟਿਕਾਊ ਖੇਤੀਬਾੜੀ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਅਤੇ ਹਵਾ ਪ੍ਰਦੂਸ਼ਣ ਨੂੰ ਘਟਾਉਣ ਲਈ ਛੋਟੇ ਅਤੇ ਸੀਮਾਂਤ ਕਿਸਾਨਾਂ ਤੱਕ ਅਤਿ-ਆਧੁਨਿਕ ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ ਮਸ਼ੀਨਾਂ ਦੀ ਪਹੁੰਚ ਨੂੰ ਹੋਰ ਆਸਾਨ ਬਣਾਉਣ ਲਈ ਤਿਆਰ ਕੀਤੀ ਗਈ ਹੈ।

ਉਨ੍ਹਾਂ ਸਮੂਹ ਕਲਸਟਰ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਨੋਡਲ ਅਫ਼ਸਰਾਂ ਨੂੰ ਇਸ ਐਪ ਬਾਰੇ ਜਾਣਕਾਰੀ ਦੇਣ। ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਹਰੇਕ ਕਲਸਟਰ ਅਫ਼ਸਰ ਅਤੇ ਨੋਡਲ ਅਫ਼ਸਰ ਆਪਣੇ ਮੋਬਾਇਲ ਵਿੱਚ ਇਹ ਐਪ ਡਾਊਨਲੋਡ ਕਰਕੇ ਕਿਸਾਨਾਂ ਨੂੰ ਮਸ਼ੀਨਰੀ ਦੇਣ ਸਬੰਧੀ ਕਾਰਵਾਈ ਅਮਲ ਵਿੱਚ ਲਿਆਉਣ।

ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ ਨੇ ਸਮੂਹ ਕਲਸਟਰ ਅਫ਼ਸਰਾਂ ਨੂੰ ਪਰਾਲੀ ਦੇ ਪ੍ਰਬੰਧਨ ਸਬੰਧੀ ਉਨ੍ਹਾਂ ਦੀ ਜ਼ਿੰਮੇਵਾਰੀ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ। ਉਨ੍ਹਾਂ ਕਲਸਟਰ ਅਫ਼ਸਰਾਂ ਨੂੰ ਕਿਹਾ ਕਿ ਨੋਡਲ ਅਫ਼ਸਰਾਂ ਨੂੰ ਅਲਾਟ ਕੀਤੇ ਗਏ ਪਿੰਡਾਂ ਵਿੱਚ ਮੋਹਤਬਰਾਂ, ਪੰਚਾਇਤ ਅਤੇ ਹੋਰ ਕਿਸਾਨਾਂ ਨਾਲ ਲਗਾਤਾਰ ਰਾਬਤੇ ਵਿੱਚ ਰਹਿਣ ਅਤੇ ਪਰਾਲੀ ਨੂੰ ਅੱਗ ਲਾਉਣ ਦੀ ਘਟਨਾਵਾਂ ਨੂੰ ਰੋਕਣ ਲਈ ਸਰਗਰਮ ਉਪਰਾਲੇ ਕੀਤੇ ਜਾਣ।

ਇਸ ਮੌਕੇ ਖੇਤੀਬਾੜੀ ਇੰਜੀਨੀਅਰ ਹਰਚਰਨ ਸਿੰਘ, ਖੇਤੀਬਾੜੀ ਅਫ਼ਸਰ ਡਾ. ਜਸਵੀਰ ਸਿੰਘ, ਰਮਨ ਕੁਮਾਰ, ਜੂਨੀਅਰ ਤਕਨੀਸ਼ੀਅਨ ਸੁਖਵਿੰਦਰ ਸਿੰਘ ਵੀ ਮੌਜੂਦ ਸਨ।

By admin

Related Post