ਹੁਸ਼ਿਆਰਪੁਰ 22 ਦਸੰਬਰ (ਤਰਸੇਮ ਦੀਵਾਨਾ ) – ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨਛੋਹ ਸੱਚਖੰਡ ਬੇਗਮਪੁਰਾ ਸ੍ਰੀ ਖੁਰਾਲਗੜ ਸਾਹਿਬ ਵਿਖੇ ਮਹਾਨ ਸਤਿਸੰਗ ਸਮਾਗਮ ਆਰੰਭ ਹੋਏ। ਇਸ ਮੌਕੇ ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ ਨੇ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ,ਸਤਿਗੁਰੂ ਕਬੀਰ ਜੀ ਦੀ ਬਾਣੀ ਨਾਲ ਸੰਗਤਾਂ ਨੂੰ ਜੋੜਿਆ ਅਤੇ ਆਦਿ ਧਰਮ ਰਹਿਬਰਾਂ ਦੇ ਚਲਾਏ ਮਨੁੱਖਤਾ ਦੇ ਭਲੇ ਲਈ,ਸਮਾਨਤਾ, ਬਰਾਰਬਤਾ ਅਤੇ ਭਾਈਚਾਰੇ ਦੇ ਮਿਸ਼ਨ ਸਬੰਧੀ ਸੰਗਤਾਂ ਨੂੰ ਜਾਗਰੂਕ ਕੀਤਾ।
ਇਸ ਮੌਕੇ ਸੰਤ ਸਤਵਿੰਦਰ ਹੀਰਾ ਨੇ ਕਿਹਾ ਕਿ ਜਿਥੇ ਗੁਰੂਆਂ ਦੀ ਬਾਣੀ ਸਭੈ ਸਾਂਝੀਵਾਲਤਾ ਦਾ ਹੋਕਾ ਦਿੰਦੀ ਹੈ ਭਾਵ ਪਰਮਾਤਮਾ ਨੇ ਸਭਨੂੰ ਜੇਕਰ ਧੁੱਪ, ਛਾਂ, ਹਵਾ, ਰੋਸ਼ਨੀ ਦਾ ਅਨੰਦ ਇਕ ਸਮਾਨ ਬਖਸ਼ਿਸ਼ ਕੀਤਾ ਹੈ ਤਾਂ ਇਸੇ ਤਰਾਂ ਜੀਵਨ ਜਿਉਣ ਦਾ ਅਧਿਕਾਰ ਵੀ ਸਭ ਲਈ ਇਕ ਸਮਾਨ ਹੋਣਾ ਚਾਹੀਦਾ ਹੈ, ਹਰ ਕਿਸੇ ਲਈ ਜਿੰਦਗੀ ਵਿਚ ਅੱਗੇ ਵਧਣ ਦੇ ਸਮਾਨ ਅਤੇ ਨਿਰੰਤਰ ਮੌਕੇ ਮਿਲਣੇ ਚਾਹੀਦੇ ਹਨ। ਸੰਤ ਸਤਵਿੰਦਰ ਹੀਰਾ ਵਲੋੰ ਇਸ ਮੌਕੇ ਸੱਚਖੰਡ ਬੇਗਮਪੁਰਾ ਸ੍ਰੀ ਖੁਰਾਲਗੜ ਸਾਹਿਬ ਲਈ ਲੰਗਰਾਂ ਲਈ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਸ਼ਰਧਾਲੂ ਸੇਵਕਾਂ ਨੂੰ ਗੁਰੂਘਰ ਦੀ ਬਖਸ਼ਿਸ਼ ਸਿਰਪਾਓ ਭੇਟ ਕਰਕੇ ਸਨਮਾਨਿਤ ਕੀਤਾ।
ਸੰਤ ਸਤਵਿੰਦਰ ਹੀਰਾ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨਛੋਹ ਸੱਚਖੰਡ ਬੇਗਮਪੁਰਾ ਸ੍ਰੀ ਖੁਰਾਲਗੜ ਸਾਹਿਬ ਵਿਖੇ ਸੰਤਾਂ ਮਹਾਂਪੁਰਸ਼ਾਂ ਅਤੇ ਸੰਗਤਾਂ ਵਲੋੰ ਬਹੁਤ ਵੱਡੀ ਸੇਵਾ ਆਰਭ ਕੀਤੀ ਗਈ ਹੈ ਜਿਸ ਲਈ ਦੇਸ਼ ਵਿਦੇਸ਼ ਦੀਆਂ ਸੰਗਤਾਂ ਵਲੋਂ ਤਨ ਮਨ ਧੰਨ ਨਾਲ ਭਾਰੀ ਸਹਿਯੋਗ ਪ੍ਰਾਪਤ ਹੋ ਰਿਹਾ ਹੈ, ਜਿਸ ਲਈ ਆਦਿ ਧਰਮ ਮਿਸ਼ਨ ਹਮੇਸ਼ਾ ਸੰਗਤਾਂ ਦਾ ਰਿਣੀ ਤੇ ਧੰਨਵਾਦੀ ਰਹੇਗਾ । ਓਨਾਂ ਕਿਹਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਬਾਣੀ ਦੇ ਪ੍ਰਚਾਰ ਤੇ ਪ੍ਰਸਾਰ, ਬਾਬੂ ਮੰਗੂ ਰਾਮ ਮੁਗੋਵਾਲੀਆ, ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਅਤੇ ਬਾਬੂ ਕਾਂਸ਼ੀ ਰਾਮ ਦੇ ਕ੍ਰਾਂਤੀਕਾਰੀ ਸਮਾਜਿਕ ਅੰਦੋਲਨ ਨੂੰ ਜਨ ਜਨ ਤੱਕ ਪਹੁੰਚਾਉਣ ਲਈ ਚਰਨਛੋਹ ਸੱਚਖੰਡ ਬੇਗਮਪੁਰਾ ਤੋਂ ਜਲਦ ਹੀ ਸੰਗਤਾਂ ਲਈ ਨਵੇਂ ਪ੍ਰੋਗਰਾਮ ਜਾਰੀ ਕੀਤੇ ਜਾਣਗੇ।

