Breaking
Wed. Sep 24th, 2025

ਚੇਅਰਮੈਨ ਤੇ ਡਿਪਟੀ ਕਮਿਸ਼ਨਰ ਨੇ ਭਗਵਾਨ ਵਾਲਮੀਕਿ ਜੀ ਮਹਾਰਾਜ ਦੇ ਪ੍ਰਗਟ ਉਤਸਵ ਸਮਾਗਮਾਂ ਦੀ ਤਿਆਰੀ ਦਾ ਲਿਆ ਜਾਇਜ਼ਾ

ਡਿਪਟੀ ਕਮਿਸ਼ਨਰ

– ਕਿਹਾ, ਪੰਜਾਬ ਸਰਕਾਰ ਵੱਲੋਂ ਸਮਾਗਮਾਂ ਤੇ ਸ਼ਰਧਾਲੂਆਂ ਦੀ ਸੁਵਿਧਾ ਲਈ ਪੁਖ਼ਤਾ ਪ੍ਰਬੰਧ ਯਕੀਨੀ ਬਣਾਏ ਜਾਣਗੇ

ਜਲੰਧਰ 24 ਸਤੰਬਰ (ਜਸਵਿੰਦਰ ਸਿੰਘ ਆਜ਼ਾਦ)- ਪੰਜਾਬ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਚੰਦਨ ਗਰੇਵਾਲ ਅਤੇ ਡਿਪਟੀ ਕਮਿਸ਼ਨਰ ਜਲੰਧਰ ਡਾ. ਹਿਮਾਂਸ਼ੂ ਅਗਰਵਾਲ ਨੇ ਅੱਜ ਕਿਹਾ ਕਿ ਪੰਜਾਬ ਸਰਕਾਰ ਵੱਲੋਂ 6 ਅਤੇ 7 ਅਕਤੂਬਰ ਨੂੰ ਭਗਵਾਨ ਵਾਲਮੀਕਿ ਜੀ ਮਹਾਰਾਜ ਦੇ ਪ੍ਰਗਟ ਉਤਸਵ ਸਮਾਗਮਾਂ ਲਈ ਪੁਖ਼ਤਾ ਪ੍ਰਬੰਧ ਯਕੀਨੀ ਬਣਾਏ ਜਾਣਗੇ।

ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਧਾਰਮਿਕ ਸੰਗਠਨਾਂ ਦੇ ਨੁਮਾਇੰਦਿਆਂ ਨਾਲ ਇਸ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਤਿਆਰੀਆਂ ਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ 6 ਅਕਤੂਬਰ ਨੂੰ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ ਅਤੇ 7 ਅਕਤੂਬਰ ਨੂੰ ਭਗਵਾਨ ਵਾਲਮੀਕਿ ਜੀ ਮਹਾਰਾਜ ਦਾ ਪ੍ਰਗਟ ਉਤਸਵ ਮਨਾਇਆ ਜਾਵੇਗਾ।

ਚੇਅਰਮੈਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਭਗਵਾਨ ਵਾਲਮੀਕਿ ਜੀ ਮਹਾਰਾਜ ਦੇ ਪ੍ਰਗਟ ਉਤਸਵ ਸਮਾਗਮਾਂ ਨੂੰ ਬੇਮਿਸਾਲ ਢੰਗ ਨਾਲ ਮਨਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਸ਼ਰਧਾਲੂਆਂ ਦੀ ਸੁਵਿਧਾ ਦੇ ਮੱਦੇਨਜ਼ਰ ਵਿਆਪਕ ਪ੍ਰਬੰਧ ਕੀਤੇ ਜਾਣਗੇ।

ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਸ਼ੋਭਾ ਯਾਤਰਾ ਵਿਚ ਪੂਰੀ ਸ਼ਰਧਾ ਤੇ ਧਾਰਮਿਕ ਭਾਵਨਾ ਨਾਲ ਸ਼ਿਰਕਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਪੁਖ਼ਤਾ ਪ੍ਰਬੰਧ ਯਕੀਨੀ ਬਣਾਉਣ ਲਈ ਵਚਨਬੱਧ ਹੈ ਅਤੇ ਇਸ ਸਮਾਗਮ ਨੂੰ ਸਫ਼ਲ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵਗੀ।

ਡਾ. ਅਗਰਵਾਲ ਨੇ ਕਿਹਾ ਕਿ ਸ਼ੋਭਾ ਯਾਤਰਾ ਦੌਰਾਨ ਟ੍ਰੈਫਿਕ ਦੇ ਬਦਲਵੇਂ ਰੂਟ, ਵਾਹਨਾਂ ਦੀ ਢੁੱਕਵੀਂ ਪਾਰਕਿੰਗ, ਸੁਰੱਖਿਆ, ਚੌਕਾਂ ਦੀ ਸਜਾਵਟ ਅਤੇ ਹੋਰ ਸਹੂਲਤਾਂ ਦੇ ਪੁਖ਼ਤਾ ਇੰਤਜ਼ਾਮ ਕੀਤੇ ਜਾਣਗੇ, ਤਾਂ ਜੋ ਸ਼ਰਧਾਲੂਆਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ।

ਸਿਹਤ ਵਿਭਾਗ ਨੂੰ ਸ਼ੋਭਾ ਯਾਤਰਾ ਦੌਰਾਨ ਦਵਾਈਆਂ ਅਤੇ ਐਂਬੂਲੈਂਸਾਂ ਸਮੇਤ ਮੈਡੀਕਲ ਟੀਮਾਂ ਦੀ ਤਾਇਨਾਤੀ ਕਰਨ ਦੀ ਹਦਾਇਤ ਕੀਤੀ

ਉਨ੍ਹਾਂ ਨਗਰ ਨਿਗਮ ਜਲੰਧਰ ਨੂੰ ਸ਼ੋਭਾ ਯਾਤਰਾ ਦੇ ਰੂਟ ’ਤੇ ਸਾਫ਼-ਸਫ਼ਾਈ, ਸਮਾਗਮ ਦੌਰਾਨ ਸ਼ਾਮਿਲ ਹੋਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਮੋਬਾਇਲ ਟਾਇਲੈਟਸ ਤੋਂ ਇਲਾਵਾ ਪੀਣ ਵਾਲਾ ਸਾਫ਼ ਪਾਣੀ, ਫਾਇਰ ਟੈਂਡਰ ਯਕੀਨੀ ਬਣਾਉਣ ਦੀਆਂ ਹਦਾਇਤਾਂ ਦਿੱਤੀਆਂ। ਇਸੇ ਤਰ੍ਹਾਂ ਸਿਹਤ ਵਿਭਾਗ ਨੂੰ ਸ਼ੋਭਾ ਯਾਤਰਾ ਦੌਰਾਨ ਦਵਾਈਆਂ ਅਤੇ ਐਂਬੂਲੈਂਸਾਂ ਸਮੇਤ ਮੈਡੀਕਲ ਟੀਮਾਂ ਦੀ ਤਾਇਨਾਤੀ ਕਰਨ ਦੀ ਹਦਾਇਤ ਕੀਤੀ। ਇਸ ਤੋਂ ਇਲਾਵਾ ਪਾਵਰਕਾਮ ਦੇ ਅਧਿਕਾਰੀਆਂ ਨੂੰ ਸਮਾਗਮਾਂ ਦੌਰਾਨ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।

ਉਨ੍ਹਾਂ ਪੁਲਿਸ ਵਿਭਾਗ ਨੂੰ ਆਵਾਜਾਈ ਸੁਚਾਰੂ ਢੰਗ ਨਾਲ ਜਾਰੀ ਰੱਖਣ ਲਈ ਲੋੜੀਂਦੇ ਪ੍ਰਬੰਧ ਸਮੇਂ ਸਿਰ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਹਦਾਇਤ ਕੀਤੀ ਕਿ ਆਵਾਜਾਈ ਦੇ ਰੂਟਾਂ ਸਬੰਧੀ ਵਿਆਪਕ ਯੋਜਨਾ ਪਹਿਲਾਂ ਹੀ ਤਿਆਰ ਕਰਕੇ ਇਸ ਸਬੰਧੀ ਲੋਕਾਂ ਨੂੰ ਜਾਣੂ ਕਰਵਾਇਆ ਜਾਵੇ, ਤਾਂ ਜੋ ਲੋਕ ਬਦਲੇ ਗਏ ਆਵਾਜਾਈ ਦੇ ਰੂਟਾਂ ਤੋਂ ਚੰਗੀ ਤਰ੍ਹਾਂ ਜਾਣੂ ਹੋ ਸਕਣ। ਇਸ ਤੋਂ ਇਲਾਵਾ ਸ਼ਰਧਾਲੂਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਲੋੜੀਂਦੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਤਾਇਨਾਤ ਕਰਨ ਲਈ ਵੀ ਕਿਹਾ।

ਡਿਪਟੀ ਕਮਿਸ਼ਨਰ ਨੇ ਸਬੰਧਤ ਅਧਿਕਾਰੀਆਂ ਨੂੰ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਹਰੇਕ ਅਧਿਕਾਰੀ/ਕਰਮਚਾਰੀ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਸ਼ੋਭਾ ਯਾਤਰਾ ਵਿੱਚ ਭਾਗ ਲੈਣ ਵਾਲੇ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਲ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਇਸ ਕੰਮ ਵਿੱਚ ਕਿਸੇ ਕਿਸਮ ਦੀ ਲਾਹਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਮੇਅਰ ਵਿਨੀਤ ਧੀਰ ਨੇ ਧਾਰਮਿਕ ਸੰਗਠਨਾਂ ਨੂੰ ਉਨ੍ਹਾਂ ਦੇ ਸੁਝਾਵਾਂ ’ਤੇ ਜਲੰਧਰ ਨਗਰ ਨਿਗਮ ਵੱਲੋਂ ਜਲਦ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ।

ਇਸ ਮੌਕੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ, ਵਧੀਕ ਡਿਪਟੀ ਕਮਿਸ਼ਨਰ (ਜ) ਅਮਨਿੰਦਰ ਕੌਰ, ਚੇਅਰਮੈਨ ਇੰਪਰੂਵਮੈਂਟ ਟਰੱਸਟ ਜਲੰਧਰ ਰਮਣੀਕ ਸਿੰਘ ਰੰਧਾਵਾ, ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਅੰਮ੍ਰਿਤਪਾਲ ਸਿੰਘ, ਸੀਨੀਅਰ ਆਪ ਆਗੂ ਰਾਜਵਿੰਦਰ ਕੌਰ ਥਿਆੜਾ, ਨਿਤਿਨ ਕੋਹਲੀ, ਦਿਨੇਸ਼ ਢੱਲ, ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਅਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦੇ ਵੀ ਮੌਜੂਦ ਸਨ।

By admin

Related Post