ਮਾਡਲ ਟਾਊਨ ਚੌਕ ਨੂੰ ਮਿਲੀ ਨਵੀਂ ਦਿੱਖ
ਕਿਹਾ ਚੌਕ ਦੇ ਨਵੀਨੀਕਰਨ ਨਾਲ ਇਸ ਰੁਝੇਵੇਂ ਭਰੇ ਇਲਾਕੇ ਦੀ ਸੁੰਦਰਤਾ ’ਚ ਹੋਵੇਗਾ ਵਾਧਾ
ਜਲੰਧਰ 24 ਦਸੰਬਰ (ਜਸਵਿੰਦਰ ਸਿੰਘ ਆਜ਼ਾਦ)- ਸ਼ਹਿਰ ਦੇ ਮਾਡਲ ਹਾਊਸ ਚੌਕ, ਜਿਸ ਨੂੰ ਨਵੀਨੀਕਰਨ ਉਪਰੰਤ ਨਵੀਂ ਦਿੱਖ ਪ੍ਰਦਾਨ ਕੀਤੀ ਗਈ ਹੈ, ਨੂੰ ਅੱਜ ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ, ਮੇਅਰ ਵਿਨੀਤ ਧੀਰ ਅਤੇ ਨਗਰ ਨਿਗਮ ਜਲੰਧਰ ਦੇ ਕਮਿਸ਼ਨਰ ਸੰਦੀਪ ਰਿਸ਼ੀ ਵੱਲੋਂ ਜਨਤਾ ਨੂੰ ਸਮਰਪਿਤ ਕੀਤਾ ਗਿਆ।
ਕੈਬਨਿਟ ਮੰਤਰੀ, ਜਿਨ੍ਹਾਂ ਨਾਲ ਸੀਨੀਅਰ ‘ਆਪ’ ਆਗੂ ਨਿਤਿਨ ਕੋਹਲੀ ਅਤੇ ਰਾਜਵਿੰਦਰ ਕੌਰ ਥਿਆੜਾ ਵੀ ਮੌਜੂਦ ਸਨ, ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਹਿਰ ਭਰ ਦੇ ਪ੍ਰਮੁੱਖ ਚੌਕਾਂ ਅਤੇ ਚੌਰਾਹਿਆਂ ਦੇ ਨਵੀਨੀਕਰਨ ਲਈ ਇੱਕ ਵਿਸ਼ੇਸ਼ ਪਹਿਲਕਦਮੀ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਤਹਿਤ ਸੁੰਦਰੀਕਰਨ ਅਤੇ ਆਧੁਨਿਕ ਡਿਜ਼ਾਈਨਾਂ ਨਾਲ ਪਹਿਲਾਂ ਹੀ ਕਈ ਚੌਕਾ ਦੀ ਨੁਹਾਰ ਬਦਲੀ ਜਾ ਚੁੱਕੀ ਹੈ। ਉਨ੍ਹਾਂ ਨੇ ਇਨ੍ਹਾਂ ਚੌਕਾਂ ਦੀ ਸਾਂਭ-ਸੰਭਾਲ ਵਿੱਚ ਸਥਾਨਕ ਅਥਾਰਟੀ ਨੂੰ ਸਹਿਯੋਗ ਦੇਣ ਲਈ ਪ੍ਰਾਈਵੇਟ ਸੰਸਥਾਵਾਂ/ਕੰਪਨੀਆਂ ਦੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ, ਜਿਸ ਨਾਲ ਇਨ੍ਹਾਂ ਚੌਕਾਂ ਦੀ ਸੁੰਦਰਤਾ ਨੂੰ ਆਉਣ ਵਾਲੇ ਸਮੇਂ ਲਈ ਬਰਕਰਾਰ ਰੱਖਿਆ ਜਾ ਸਕੇਗਾ।
ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਜਲੰਧਰ ਨਗਰ ਨਿਗਮ ਦੀ ਨਵੀਨੀਕਰਨ ਮੁਹਿੰਮ ਦੀ ਅਗਵਾਈ ਕਰਨ ਲਈ ਸ਼ਲਾਘਾ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਇਨ੍ਹਾਂ ਫਰਮਾਂ ਨਾਲ ਤਾਲਮੇਲ ਕਰਨ ਅਤੇ ਇਨ੍ਹਾਂ ਚੌਕਾਂ ਦੇ ਰਖ-ਰਖਾਅ ਵਿੱਚ ਸਹਾਇਤਾ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਅੱਗੇ ਕਿਹਾ ਕਿ ਵਸਨੀਕਾਂ ਨੂੰ ਜਲਦ ਹੀ ਕਈ ਹੋਰ ਚੌਕਾਂ ਦੀ ਵੱਡੀ ਪੱਧਰ ’ਤੇ ਬਦਲੀ ਹੋਈ ਨੁਹਾਰ ਦੇਖਣ ਨੂੰ ਮਿਲੇਗੀ, ਜਿਸ ਨਾਲ ਜਲੰਧਰ ਨੂੰ ਇੱਕ ਨਵੀਂ, ਜੀਵੰਤ ਅਤੇ ਆਧੁਨਿਕ ਦਿੱਖ ਮਿਲੇਗੀ।

