ਜਿਲ੍ਹਾ ਹੁਸ਼ਿਆਰਪੁਰ ਨੂੰ ਕਿਸੇ ਵੀ ਕੀਮਤ ਵਿੱਚ ਹੋਰ ਛੋਟਾ ਨਹੀਂ ਹੋਣ ਦਿੱਤਾ ਜਾਵੇਗਾ : ਅਨਿਲ ਕੁਮਾਰ ਬੰਟੀ
ਹੁਸ਼ਿਆਰਪੁਰ, 14 ਨਵੰਬਰ (ਤਰਸੇਮ ਦੀਵਾਨਾ)- ਬੇਗਮਪੁਰਾ ਟਾਈਗਰ ਫੋਰਸ ਦੇ ਚੇਅਰਮੈਨ ਤਰਸੇਮ ਦੀਵਾਨਾ ਅਤੇ ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੇਗਮਪੁਰਾ ਟਾਈਗਰ ਫੋਰਸ ਦੇ ਹਲਕਾ ਭੁੰਗਾ ਹਰਿਆਣਾ ਦੇ ਪ੍ਰਧਾਨ ਅਨਿਲ ਕੁਮਾਰ ਬੰਟੀ ਦੀ ਪ੍ਰਧਾਨਗੀ ਹੇਠ ਤਹਿਸੀਲ ਭੂੰਗਾ ਵਿਖੇ ਨਾਇਬ ਤਹਿਸੀਲਦਾਰ ਰਵਿੰਦਰ ਕੌਰ ਰਾਹੀ ਪੰਜਾਬ ਸਰਕਾਰ ਦੁਆਰਾ ਸ੍ਰੀ ਆਨੰਦਪੁਰ ਸਾਹਿਬ ਨੂੰ ਨਵਾਂ ਜ਼ਿਲ੍ਹਾ ਬਣਾਉਣ ਦੀ ਯੋਜਨਾ ਨੂੰ ਲੈ ਕੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਈ ਇਲਾਕਿਆਂ ਨੂੰ ਨਵੇਂ ਜ਼ਿਲ੍ਹੇ ਵਿੱਚ ਮਿਲਾਉਣ ਦੀ ਯੋਜਨਾ ਦੇ ਵਿਰੋਧ ਵਿੱਚ ਮੁੱਖ ਮੰਤਰੀ ਪੰਜਾਬ ਨੂੰ ਇੱਕ ਮੰਗ ਪੱਤਰ ਭੇਜਿਆ ਗਿਆ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੇਗਮਪੁਰਾ ਟਾਈਗਰ ਫੋਰਸ ਦੇ ਬਲਾਕ ਹਰਿਆਣਾ ਭੂੰਗਾ ਦੇ ਪ੍ਰਧਾਨ ਅਨਿਲ ਕੁਮਾਰ ਬੰਟੀ ਨੇ ਦੱਸਿਆ ਕਿ ਸ੍ਰੀ ਆਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੀ ਯੋਜਨਾ ਨਾਲ ਹੁਸ਼ਿਆਰਪੁਰ ਜ਼ਿਲ੍ਹੇ ਦੇ ਖੇਤਰ ਨੂੰ ਛੋਟਾ ਕੀਤਾ ਜਾ ਰਿਹਾ ਹੈ, ਜੋ ਕਿ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਪਹਿਲਾਂ ਹੀ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਹੁਸ਼ਿਆਰਪੁਰ ਜ਼ਿਲ੍ਹੇ ਨੂੰ ਕਈ ਵਾਰ ਛੋਟਾ ਕੀਤਾ ਜਾ ਚੁੱਕਾ ਹੈ
ਉਹਨਾਂ ਕਿਹਾ ਕਿ ਸ਼੍ਰੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦਾ ਹੁਸ਼ਿਆਰਪੁਰ ਦੇ ਨਿਵਾਸੀਆਂ ਨੂੰ ਕੋਈ ਇਤਰਾਜ ਨਹੀਂ ਹੈ ਪਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਗੜਸ਼ੰਕਰ ਅਤੇ ਚੱਬੇਵਾਲ ਇਲਾਕਿਆਂ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਵਿੱਚੋਂ ਕੱਢ ਕੇ ਨਵੇਂ ਬਣਾਏ ਜਾ ਰਹੇ ਜ਼ਿਲ੍ਹੇ ਸ਼੍ਰੀ ਆਨੰਦਪੁਰ ਸਾਹਿਬ ਵਿੱਚ ਸ਼ਾਮਿਲ ਕਰਨਾ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਕਿਉਂਕਿ ਪਹਿਲਾਂ ਹੀ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਹੁਸ਼ਿਆਰਪੁਰ ਜ਼ਿਲ੍ਹੇ ਨੂੰ ਕਈ ਵਾਰ ਛੋਟਾ ਕੀਤਾ ਜਾ ਚੁੱਕਾ ਹੈ। ਉਹਨਾਂ ਕਿਹਾ ਕਿ ਅਸੀਂ ਸ਼੍ਰੀ ਆਨੰਦਪੁਰ ਸਾਹਿਬ ਨੂੰ ਨਵਾਂ ਜਿਲਾ ਬਣਾਉਣ ਦਾ ਸਵਾਗਤ ਕਰਦੇ ਹਾਂ, ਪਰ ਹੁਸ਼ਿਆਰਪੁਰ ਜ਼ਿਲ੍ਹੇ ਨੂੰ ਕਦੇ ਵੀ ਹੋਰ ਛੋਟਾ ਨਹੀਂ ਹੋਣ ਦਿੱਤਾ ਜਾਵੇਗਾ।
ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਸ਼ਹੀਦ ਭਗਤ ਸਿੰਘ ਨਗਰ ਨੂੰ ਜਿਲ੍ਹਾ ਬਣਾਉਣ ਸਮੇਂ ਵੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚੋਂ ਬਹੁਤੇ ਪਿੰਡ ਕੱਟ ਕੇ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਨਾਲ ਮਿਲਾਏ ਸਨ ਜਿੱਥੇ ਕਿ ਹੁਸ਼ਿਆਰਪੁਰ ਵਾਸੀਆਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ । ਆਗੂਆਂ ਨੇ ਪੰਜਾਬ ਸਰਕਾਰ ਨੂੰ ਸੁਝਾਅ ਦਿੱਤਾ ਕਿ ਜੇਕਰ ਸਰਕਾਰ ਰੋਪੜ ਜ਼ਿਲ੍ਹੇ ਦਾ ਨਾਮ ਸ੍ਰੀ ਆਨੰਦਪੁਰ ਸਾਹਿਬ ਰੱਖ ਦੇਵੇ ਤਾਂ ਅਨੰਦਪੁਰ ਸਾਹਿਬ ਇੱਕ ਜ਼ਿਲ੍ਹਾ ਵੀ ਬਣ ਜਾਵੇਗਾ ਅਤੇ ਹੋਰ ਕਿਸੇ ਵੀ ਜ਼ਿਲ੍ਹੇ ਦੇ ਖੇਤਰ ਨੂੰ ਇਸ ਵਿੱਚ ਸ਼ਾਮਿਲ ਕਰਨ ਦੀ ਲੋੜ ਨਹੀਂ ਪਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਰੀਕ ਸਿੰਘ ਰਾਜੂ, ਅਰੁਣ ਕੁਮਾਰ, ਸੰਦੀਪ ਸਿੰਘ, ਚਰਨਜੀਤ ਭੂੰਗਾ ਆਦਿ ਹਾਜ਼ਰ ਸਨ।

