ਹੁਸ਼ਿਆਰਪੁਰ 24 ਸਤੰਬਰ (ਤਰਸੇਮ ਦੀਵਾਨਾ)- ਸ੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਮਲੋਟ ਵਲੋੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੂੰ ਸਮਰਪਿਤ ਆਦਿ ਧਰਮ ਸਤਿਸੰਗ ਸਮਾਗਮ ਦੇਸ਼ ਵਿਦੇਸ਼ ਦੀਆਂ ਸੰਗਤਾਂ ਵਲੋੰ ਬਹੁਤ ਸ਼ਰਧਾ ਪੂਰਵਕ ਕਰਵਾਏ ਗਏ ,ਜਿਸ ਵਿੱਚ ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ , ਸੰਤ ਬੀਬੀ ਪੂਨਮ ਹੀਰਾ ਮੈਂਬਰ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ ਨੇ ਪਹੁੰਚ ਕੇ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਅਤੇ ਇਤਿਹਾਸ ਤੋਂ ਜਾਣੂ ਕਰਾਇਆ।
ਇਸ ਮੌਕੇ ਸੰਤ ਸਤਵਿੰਦਰ ਹੀਰਾ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਓਂਦਿਆ ਕਿਹਾ ਉਹ ਮਹਾਂਪੁਰਸ਼ ਸਦੀਆਂ ਤੱਕ ਯਾਦ ਕੀਤੇ ਜਾਂਦੇ ਹਨ, ਜਿਹਨਾਂ ਨੇ ਆਪਣੇ ਸਮੇਂ ਦੇ ਝੱਖੜਾਂ ਅਤੇ ਤੂਫਾਨਾਂ ਨੂੰ ਨਾ ਸਿਰਫ ਝੱਲਿਆ ਹੀ, ਸਗੋਂ ਉਹਨਾਂ ਵਿਚੋਂ ਵਿਚਰਦੇ ਹੋਏ ਆਪਣੀ ਮਾਨਵਤਾ-ਪੱਖੀ ਸਮਦ੍ਰਿਸ਼ਟੀ ਵਾਲੀ ਸੋਚ ਜਾਗਦੀ ਰੱਖੀ। ਆਪਣੇ ਵੇਲੇ ਦੇ ਸਥਾਪਿਤ ਨਿਜਾਮ ਨੂੰ ਅਤੇ ਹਰ ਇਨਸਾਨੀਅਤ ਦੇ ਦੁਸ਼ਮਣ ਨੂੰ ਵੰਗਾਰਿਆ। ਅਜਿਹੇ ਵਿਅਕਤੀ, ਵਿਅਕਤੀ ਨਾ ਹੋ ਕੇ ਇੱਕ ਦੈਵੀ ਸ਼ਖਸ਼ੀਅਤ ਬਣ ਜਾਂਦੇ ਹਨ। ਉਹਨਾਂ ਨੂੰ ਸਿਰਫ ਧਾਰਮਿਕ ਵਿਅਕਤੀ ਜਾਂ ਉਹਨਾਂ ਦੇ ਸ਼ਰਧਾਲੂ ਹੀ ਯਾਦ ਨਹੀਂ ਕਰਦੇ ਸਗੋਂ ਯੁੱਗਾਂ ਯੁੱਗਾਂ ਤੱਕ ਉਹਨਾਂ ਦੇ ਜਗਾਏ ਦੀਪ ਤੋਂ ਆਉਣ ਵਾਲੀਆਂ ਪੀੜ੍ਹੀਆਂ ਰੋਸ਼ਨੀ ਲੈਂਦੀਆਂ ਰਹਿੰਦੀਆਂ ਹਨ।ਅਜਿਹੇ ਹੀ ਇੱਕ ਸੰਤ-ਇਨਕਲਾਬੀ ਰਹਿਬਰ ਸਤਿਗੁਰੂ ਰਵਿਦਾਸ ਜੀ ਹੋਏ ਹਨ ਜਿਹਨਾਂ ਦੇ ਚਰਨਾਂ ਨਾਲ ਜੁੜਕੇ ਕਰੋੜਾਂ ਕਰੋੜਾਂ ਜੀਵਾਂ ਦਾ ਸੰਸਾਰ ਤੋਂ ਪਾਰ ਉਤਾਰਾ ਹੋ ਗਿਆ।
ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਕੇ ਸਮਾਜ ਨੂੰ ਸਿੱਖਿਅਤ ਸਮਾਜ ਬਣਾਇਆ ਜਾਵੇ
ਸੰਤ ਸਤਵਿੰਦਰ ਹੀਰਾ ਨੇ ਕਿਹਾ ਕਿ ਅੱਜ ਲੋੜ ਹੈ ਸਤਿਗੁਰੂ ਰਵਿਦਾਸ ਮਹਾਰਾਜ ਜੀ ਬਾਣੀ “ਸਤਿਸੰਗਤ ਮਿਲਿ ਰਹੀਏ ਮਾਧੋ ਜੈਸੇ ਮਧੁਪ ਮਖੀਰਾ” ਅਤੇ “ਮਾਧੋ ਅਵਿੱਦਿਆ ਹਿੱਤ ਕੀਨ ਵਿਵੇਕ ਦੀਪ ਮਲੀਨ” ਤੋਂ ਪ੍ਰੇਰਨਾ ਲੈ ਕੇ ਸਮਾਜ ਵਿਚ ਏਕਤਾ, ਭਾਈਚਾਰਾ ਬਣਾਇਆ ਜਾਵੇ ਅਤੇ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਕੇ ਸਮਾਜ ਨੂੰ ਸਿੱਖਿਅਤ ਸਮਾਜ ਬਣਾਇਆ ਜਾਵੇ । ਓਨਾਂ ਕਿਹਾ ਆਓ ਸਾਰੇ ਇਕ ਪਲੇਟਫਾਰਮ ਤੇ ਇਕੱਠੇ ਹੋ ਕੇ ਬਾਬੂ ਮੰਗੂ ਰਾਮ ਮੁਗੋਵਾਲੀਆ, ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਅਤੇ ਬਾਬੂ ਕਾਂਸ਼ੀ ਰਾਮ ਵਲੋੰ ਸਥਾਪਿਤ ਕੀਤੀ ਮਾਨਵਤਾ ਪੱਖੀ ਆਰਥਿਕ, ਸਮਾਜਿਕ ਅਤੇ ਰਾਜਨੀਤਕ ਪਰਿਵਰਤਨ ਦੀ ਕ੍ਰਾਂਤੀਕਾਰੀ ਲਹਿਰ ਨੂੰ ਘਰ ਘਰ ਉਜਾਗਰ ਕਰਕੇ ਆਉਣ ਵਾਲੀਆਂ ਪੀੜੀਆਂ ਦਾ ਭਵਿੱਖ ਉੱਜਵਲ ਤੇ ਖੁਸ਼ਹਾਲ ਬਣਾਇਆ ਜਾ ਸਕੇ।
ਸੰਤ ਹੀਰਾ ਨੇ ਦੱਸਿਆ ਕਿ ਬੱਚਿਆਂ ਨੂੰ ਸਿੱਖਿਅਤ ਬਣਾਉਣ ਲਈ ਬਹੁਤ ਜਲਦ ਹੀ ਸ੍ਰੀ ਖੁਰਾਲਗੜ ਸਾਹਿਬ ਵਿਖੇ ਸਿੱਖਿਆ ਦੇ ਵੱਡੇ ਪ੍ਰੋਜੈਕਟ ਆਰੰਭ ਕੀਤੇ ਜਾਣਗੇ। ਇਸ ਮੌਕੇ ਪ੍ਰਵੀਨ ਕੁਮਾਰ ਪ੍ਰਧਾਨ, ਰਾਜ ਕੁਮਾਰ ਵਾਈਸ ਪ੍ਰਧਾਨ, ਸੰਜੀਵ ਕੁਮਾਰ ਸੈਕਟਰੀ, ਦੇਸ਼ ਰਾਜ ਸਰਪ੍ਰਸਤ, ਸਤੀਸ਼ ਕੁਮਾਰ, ਰਾਮ ਪ੍ਰਕਾਸ਼, ਰਾਜ ਕੁਮਾਰ, ਮਨੋਜ ਕੁਮਾਰ, ਸੁਖਦੇਵ ਕੁਮਾਰ, ਕ੍ਰਿਸ਼ਨ ਲਾਲ, ਸੀਤਲ, ਵਿਨੋਦ ਕੁਮਾਰ, ਰਕੇਸ਼ ਕੁਮਾਰ, ਅਮਰਜੀਤ, ਨਿਰਮਲ, ਅਨਿਲ, ਹੰਸ ਰਾਜ, ਸੁਨੀਲ ਪਵਨ, ਕੁਮਾਰ ਸੰਦੀਪ,ਪ੍ਰਕਾਸ਼ ਕੁਮਾਰ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।