Breaking
Mon. Oct 12th, 2026

ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ’ਚ ਸੇਵਾ ਨਿਭਾਉਣ ਵਾਲੇ 100 ਦੇ ਕਰੀਬ ਨੌਜਵਾਨ ਸੇਵਾਦਾਰ ਸਨਮਾਨਿਤ

ਗੁਰੂ ਮਾਨਿਓ ਗ੍ਰੰਥ

ਬਾਬਾ ਸਤਿੰਦਰ ਸਿੰਘ ਕਿਲ੍ਹਾ ਅਟੱਲਗੜ੍ਹ ਵਾਲਿਆਂ ਅਤੇ ਭੁਪਿੰਦਰ ਸਿੰਘ ਪਿੰਕੀ ਨੇ ਸਿਰੋਪਾਓ ਤੇ ਤਸਵੀਰਾਂ ਦੇ ਕੇ ਕੀਤਾ ਸਨਮਾਨਿਤ

ਹੁਸ਼ਿਆਰਪੁਰ, 12 ਅਕਤੂਬਰ (ਤਰਸੇਮ ਦੀਵਾਨਾ) — ਪਿਛਲੇ ਦਿਨੀਂ ਪਿੰਡ ਖਿੱਚੀਆਂ ਵਿਖੇ ਗੁਰਮਤਿ ਪ੍ਰਚਾਰ ਸੇਵਾ ਸੁਸਾਇਟੀ ਮਕੇਰੀਆਂ ਵੱਲੋਂ ਸੁਸਾਇਟੀ ਦੇ ਮੁੱਖ ਸੇਵਾਦਾਰ ਸਰਦਾਰ ਭੁਪਿੰਦਰ ਸਿੰਘ ਪਿੰਕੀ ਦੇ ਯਤਨਾਂ ਅਤੇ ਸਮੂਹ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਗਏ ਤਿੰਨ ਰੋਜ਼ਾ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਦੌਰਾਨ ਵੱਖ-ਵੱਖ ਸੇਵਾਵਾਂ ਨਿਭਾਉਣ ਵਾਲੇ 100 ਦੇ ਕਰੀਬ ਨੌਜਵਾਨ ਸੇਵਾਦਾਰਾਂ ਨੂੰ ਅੱਜ ਤਪ ਅਸਥਾਨ ਸੰਤ ਬਾਬਾ ਹਰੀ ਸਿੰਘ ਗੁਰਦੁਆਰਾ ਕਿਲ੍ਹਾ ਅਟੱਲਗੜ੍ਹ ਸਾਹਿਬ ਵਿਖੇ ਕਰਵਾਏ ਗਏ ਗੁਰਮਤਿ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਾਬਾ ਸਤਿੰਦਰ ਸਿੰਘ ਕਿਲ੍ਹਾ ਅਟੱਲਗੜ੍ਹ ਵਾਲਿਆਂ ਅਤੇ ਗੁਰਮਤਿ ਪ੍ਰਚਾਰ ਸੇਵਾ ਸੁਸਾਇਟੀ ਮਕੇਰੀਆਂ ਦੇ ਮੁੱਖ ਸੇਵਾਦਾਰ ਸਰਦਾਰ ਭੁਪਿੰਦਰ ਸਿੰਘ ਪਿੰਕੀ ਵੱਲੋਂ ਸੇਵਾਦਾਰਾਂ ਨੂੰ ਸਿਰੋਪਾਓ ਅਤੇ ਗਿਆਨੀ ਦਿੱਤ ਸਿੰਘ ਜੀ ਤੇ ਪ੍ਰੋਫੈਸਰ ਗੁਰਮੁਖ ਸਿੰਘ ਜੀ ਦੀਆਂ ਤਸਵੀਰਾਂ ਦੇ ਕੇ ਸਨਮਾਨਿਤ ਕੀਤਾ ਗਿਆ।

ਸਮਾਗਮ ਦੀ ਸਫ਼ਲਤਾ ਲਈ ਦਿਨ-ਰਾਤ ਮਿਹਨਤ ਕਰਨ ਵਾਲੇ ਸੇਵਾਦਾਰਾਂ ਦੀ ਸੇਵਾ ਭਾਵਨਾ ਦੀ ਸ਼ਲਾਘਾ ਕਰਦਿਆਂ ਬਾਬਾ ਸਤਿੰਦਰ ਸਿੰਘ ਕਿਲ੍ਹਾ ਅਟੱਲਗੜ੍ਹ ਵਾਲਿਆਂ ਨੇ ਕਿਹਾ ਕਿ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨ ਅਤੇ ਗੁਰਮਤਿ ਸਮਾਗਮਾਂ ਨੂੰ ਸਫ਼ਲ ਬਣਾਉਣ ਵਿੱਚ ਸੰਗਤ ਤੇ ਸੇਵਾਦਾਰਾਂ ਦਾ ਅਹਿਮ ਯੋਗਦਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸੇਵਾ ਸਿੱਖ ਧਰਮ ਦਾ ਅਹਿਮ ਅੰਗ ਹੈ, ਜੋ ਮਨੁੱਖ ਨੂੰ ਨਿਮਰਤਾ, ਆਪਸੀ ਪਿਆਰ ਅਤੇ ਨਿਸ਼ਕਾਮ ਭਾਵਨਾ ਨਾਲ ਸੇਵਾ ਕਰਨ ਦੀ ਪ੍ਰੇਰਨਾ ਦਿੰਦੀ ਹੈ। ਸੇਵਾ ਕਰਨ ਨਾਲ ਮਨ ਨੀਵਾਂ ਤੇ ਮੱਤ ਉੱਚੀ ਹੁੰਦੀ ਹੈ। ਉਨ੍ਹਾਂ ਨੌਜਵਾਨਾਂ ਨੂੰ ਬਾਣੀ ਅਤੇ ਬਾਣੇ ਨਾਲ ਜੁੜਨ, ਗੁਰੂ ਸਾਹਿਬਾਨ ਦੇ ਦਰਸਾਏ ਮਾਰਗ ’ਤੇ ਚੱਲਣ ਅਤੇ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨ ਦੀ ਪ੍ਰੇਰਨਾ ਦਿੱਤੀ।

ਨੌਜਵਾਨਾਂ ਨੂੰ ਗੁਰਬਾਣੀ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਹੀ ਸੇਧ ਦੇਣੀ ਚਾਹੀਦੀ ਹੈ

ਇਸ ਮੌਕੇ ਸਰਦਾਰ ਭੁਪਿੰਦਰ ਸਿੰਘ ਪਿੰਕੀ ਨੇ ਨੌਜਵਾਨਾਂ ਵੱਲੋਂ ਸਮਾਗਮ ਦੌਰਾਨ ਨਿਭਾਈ ਗਈ ਸੇਵਾ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਗੁਰਮਤਿ ਅਨੁਸਾਰ ਜੀਵਨ ਜਿਊਣ ਦੀ ਸੇਧ ਦਿੱਤੀ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਮਨੁੱਖ ਨੂੰ ਸੱਚਾਈ, ਨਿਮਰਤਾ, ਸੇਵਾ, ਸਿਮਰਨ ਅਤੇ ਨੇਕ ਕਮਾਈ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਨਾ ਦਿੰਦੀ ਹੈ। ਅੱਜ ਦੇ ਨੌਜਵਾਨਾਂ ਨੂੰ ਗੁਰਬਾਣੀ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਹੀ ਸੇਧ ਦੇਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਨਸ਼ੇ ਮਨੁੱਖ ਨੂੰ ਸਰੀਰਕ, ਮਾਨਸਿਕ ਅਤੇ ਸਮਾਜਿਕ ਤੌਰ ’ਤੇ ਨੁਕਸਾਨ ਪਹੁੰਚਾਉਂਦੇ ਹਨ, ਜਦਕਿ ਗੁਰਮਤਿ ਦੀਆਂ ਸਿੱਖਿਆਵਾਂ ਮਨੁੱਖ ਨੂੰ ਚੰਗੇ ਆਚਰਨ ਅਤੇ ਉੱਚੇ-ਸੁੱਚੇ ਜੀਵਨ ਨਾਲ ਜੋੜਦੀਆਂ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਗੁਰੂ ਸਾਹਿਬਾਨ ਦੇ ਦਰਸਾਏ ਮਾਰਗ ’ਤੇ ਚੱਲਦਿਆਂ ਨਾਮ ਜਪਣ, ਕਿਰਤ ਕਰਨ ਅਤੇ ਲੋੜਵੰਦਾਂ ਦੀ ਸੇਵਾ ਕਰਨ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ। ਉਨ੍ਹਾਂ ਕਿਹਾ ਕਿ ਸਮਾਗਮ ਦੌਰਾਨ ਸੇਵਾਦਾਰਾਂ ਵੱਲੋਂ ਗੁਰੂ ਸਾਹਿਬਾਨ ਪ੍ਰਤੀ ਸ਼ਰਧਾ ਅਤੇ ਸੇਵਾ ਭਾਵਨਾ ਨਾਲ ਨਿਭਾਈ ਗਈ ਸੇਵਾ ਸ਼ਲਾਘਾਯੋਗ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਨੌਜਵਾਨ ਭਵਿੱਖ ਵਿੱਚ ਵੀ ਅਜਿਹੇ ਧਾਰਮਿਕ ਕਾਰਜਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣਗੇ ਅਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਨਗੇ।

ਇਸ ਮੌਕੇ ਗੁਰਦੁਆਰਾ ਕਿਲ੍ਹਾ ਅਟੱਲਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਸੇਵਾ ਸਿੰਘ, ਮਨਜੀਤ ਸਿੰਘ ਚੀਮਾ, ਗੁਰਮੀਤ ਸਿੰਘ ਮਿੰਟੂ, ਗੁਰਵਿੰਦਰ ਸਿੰਘ ਭੁੱਲਰ, ਗੁਰਟੇਕ ਸਿੰਘ ਭੰਮਰਾ, ਡਾ. ਸੁਖਵਿੰਦਰ ਸਿੰਘ, ਅਮਰਜੀਤ ਸਿੰਘ ਲਵਲੀ, ਬਲਦੇਵ ਸਿੰਘ ਧਾਮੀਆਂ, ਸਤਨਾਮ ਸਿੰਘ ਧਾਮੀਆਂ, ਮਨਜਿੰਦਰ ਸਿੰਘ ਨਿੱਕੂ ਚੱਕ, ਹਰਦੀਪ ਸਿੰਘ ਭੰਮਰਾ, ਗੁਰਦੀਪ ਸਿੰਘ ਧਾਮੀਆਂ, ਬਾਬਾ ਅਮਰੀਕ ਸਿੰਘ ਕੁਲੀਆਂ ਲਵਾਣਾ, ਹਰਮਨ ਸਿੰਘ ਅਤੇ ਹੋਰ ਸੇਵਾਦਾਰ ਹਾਜ਼ਰ ਸਨ।

By admin

Related Post