ਹੁਸ਼ਿਆਰਪੁਰ, 11 ਸਤੰਬਰ (ਤਰਸੇਮ ਦੀਵਾਨਾ)- “ਜਦੋਂ ਪੰਜਾਬ ਦੇ ਤਿੰਨੇ ਹੈੱਡਵਰਕਸਾਂ ਦੇ ਡੈਮਾਂ ਦਾ ਪਾਣੀ ਇਕਦਮ ਛੱਡਦੇ ਹੋਏ ਸਮੁੱਚੇ ਪੰਜਾਬ ਨੂੰ ਪਾਣੀ ਵਿਚ ਡਬੋ ਦਿੱਤਾ ਗਿਆ । ਜਿਸ ਨਾਲ ਕਿਸਾਨਾਂ ਦੀ ਝੋਨੇ, ਨਰਮੇ, ਮੱਕੀ ਦੀ ਫ਼ਸਲ ਤਾਂ ਤਬਾਹ ਹੋਈ ਹੀ ਹੈ । ਲੇਕਿਨ ਉਨ੍ਹਾਂ ਦੇ ਰਹਿਣ ਵਾਲੇ ਘਰ ਵੀ ਖੰਡਰ ਬਣਕੇ ਰਹਿ ਗਏ ਹਨ ਅਤੇ ਜੋ ਉਨ੍ਹਾਂ ਦਾ ਡੰਗਰ ਵੱਛੇ ਦਾ ਵੱਡੀ ਗਿਣਤੀ ਵਿਚ ਨੁਕਸਾਨ ਹੋਇਆ ਹੈ ਉਸ ਨੁਕਸਾਨ ਦਾ ਜਾਇਜ਼ਾ ਲੈਣ ਲਈ ਪਹਿਲਾਂ ਕੇਂਦਰ ਸਰਕਾਰ ਨੇ ਇੱਕ ਉੱਚ ਪੱਧਰੀ ਟੀਮ ਪੰਜਾਬ ਭੇਜੀ ਅਤੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੜਾਂ ਨਾਲ ਹੋਏ ਨੁਕਸਾਨ ਦਾ ਖੁਦ ਜਾਇਜ਼ਾ ਲੈ ਕੇ ਕੇਵਲ 1600 ਕਰੋੜ ਰੁਪਏ ਦੀ ਤੁੱਛ ਜਿਹਾ ਰਾਹਤ ਫੰਡ ਐਲਾਨ ਕਰਕੇ ਪੰਜਾਬੀਆਂ ਦੇ ਇਸ ਵੱਡੇ ਦੁੱਖ ਦੀ ਘੜੀ ਵਿਚ ਇਕ ਭੱਦਾ ਮਜਾਕ ਕੀਤਾ ਹੈ।
ਨੁਕਸਾਨੇ ਗਏ ਪੰਜਾਬੀਆਂ ਦੇ ਖੇਤਾਂ ਅਤੇ ਘਰਾਂ ਨੂੰ ਸਹੀ ਸੂਰਤ ਵਿਚ ਆਉਣ ਲਈ 6 ਮਹੀਨੇ ਜਾਂ ਸਾਲ ਦਾ ਸਮਾਂ ਘੱਟੋ ਘੱਟ ਲੱਗੇਗਾ
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਨਾਮ ਸਿੰਘ ਸਿੰਗੜੀਵਾਲਾ ਜ਼ਿਲ੍ਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਬਾਰਾ ਐਲਾਨੀ ਤੁੱਛ ਜਹੀ ਰਾਸ਼ੀ ਦਾ ਸਖਤ ਨੋਟਿਸ ਲੈਂਦਿਆਂ ਹੋਇਆਂ ਕੀਤਾ ਉਹਨਾਂ ਕਿਹਾ ਕਿ ਭਾਵੇ ਅੱਜ 20-22 ਦਿਨ ਬੀਤ ਜਾਣ ਮਗਰੋ ਮਾਝੇ, ਦੋਆਬੇ ਅਤੇ ਮਾਲਵੇ ਦੇ ਪਿੰਡਾਂ ਵਿਚ 7-8 ਫੁੱਟ ਪਾਣੀ ਘੱਟਕੇ 2-3 ਫੁੱਟ ਰਹਿ ਗਿਆ ਹੈ ਪਰ ਅਜੇ ਵੀ ਇਸ ਪਾਣੀ ਦੀ ਸਤ੍ਹਾ ਖਤਮ ਹੋਣ ਨੂੰ, ਨੁਕਸਾਨੇ ਗਏ ਪੰਜਾਬੀਆਂ ਦੇ ਖੇਤਾਂ ਅਤੇ ਘਰਾਂ ਨੂੰ ਸਹੀ ਸੂਰਤ ਵਿਚ ਆਉਣ ਲਈ 6 ਮਹੀਨੇ ਜਾਂ ਸਾਲ ਦਾ ਸਮਾਂ ਘੱਟੋ ਘੱਟ ਲੱਗੇਗਾ ।
ਇਹ ਤਾਂ ਬਾਹਰਲੇ ਮੁਲਕਾਂ ਵਿਚ ਬੈਠੇ ਦਰਦ ਰੱਖਣ ਵਾਲੇ ਪੰਜਾਬੀਆਂ ਅਤੇ ਇਥੋ ਦੇ ਕਲਾਕਾਰ, ਸਮਾਜਿਕ ਸੰਸਥਾਵਾਂ ਅਤੇ ਦਾਨੀ ਸੱਜਣਾਂ ਦੀ ਬਹੁਤ ਵੱਡੀ ਦੇਣ ਹੈ ਕਿ ਜਿਸ ਵੱਡੀ ਪੀੜ੍ਹਾ ਦੇ ਦੁਖਾਂਤ ਵਿਚ ਸੈਂਟਰ ਦੀ ਸਰਕਾਰ ਪੰਜਾਬੀਆਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਨਹੀ ਬਹੁੜੀ ਉਸਦਾ ਬਹੁਤ ਵੱਡੇ ਹਿੱਸੇ ਦੀ ਸੇਵਾ ਪੰਜਾਬੀਆਂ ਨੇ ਖੁਦ ਕਰ ਦਿੱਤੀ ਹੈ । ਹੁਣ ਜਦੋ 20 ਦਿਨ ਮਗਰੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਹਰਲੇ ਮੁਲਕਾਂ ਦੇ ਆਨੰਦਮਈ ਦੌਰੇ ਕਰਕੇ ਵਾਪਸ ਪਰਤੇ ਹਨ ਅਤੇ ਪੰਜਾਬੀਆਂ ਨੂੰ ਇਹ ਆਸ ਬੱਝੀ ਸੀ ਕਿ ਸ੍ਰੀ ਮੋਦੀ ਖੁੱਲ੍ਹਦਿਲੀ ਨਾਲ 25-30 ਹਜਾਰ ਕਰੋੜ ਰੁਪਏ ਦੀ ਰਾਸੀ ਦੀ ਮਦਦ ਦਾ ਪੰਜਾਬ ਲਈ ਐਲਾਨ ਕਰਨਗੇ । ਉਸ ਸਮੇ ਬਹੁਤ ਦੁੱਖ ਅਤੇ ਮਨ ਆਤਮਾ ਨੂੰ ਗਹਿਰੀ ਸੱਟ ਵੱਜੀ ਜਦੋ ਸ੍ਰੀ ਮੋਦੀ ਨੇ ਕੇਵਲ 1600 ਕਰੋੜ ਰੁਪਏ ਦੀ ਤੁੱਛ ਜਿਹਾ ਰਾਹਤ ਫੰਡ ਐਲਾਨ ਕਰਕੇ ਪੰਜਾਬੀਆਂ ਦੇ ਇਸ ਵੱਡੇ ਦੁੱਖ ਦੀ ਘੜੀ ਵਿਚ ਇਕ ਭੱਦਾ ਮਜਾਕ ਕੀਤਾ ਹੈ।”