• ਸਹੁਰੇ ਪਰਿਵਾਰ ਦੇ 6 ਮੈਂਬਰਾਂ ਤੇ ਕੇਸ ਦਰਜ; 2 ਗ੍ਰਿਫਤਾਰ
ਹੁਸ਼ਿਆਰਪੁਰ, 22 ਜੂਨ (ਤਰਸੇਮ ਦੀਵਾਨਾ )- ਮੰਗੇਤਰ ਵੱਲੋਂ ਕੈਨੇਡਾ ਲੈ ਕੇ ਜਾਣ ਦਾ ਝਾਂਸਾ ਦੇ ਕੇ ਬਾਅਦ ਵਿੱਚ ਮੁੱਕਰ ਜਾਣ ਦੇ ਦੁੱਖ ਨੂੰ ਨਾ ਝੱਲਦੇ ਹੋਏ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਸੈਲਾ ਕਲਾਂ ਨਿਵਾਸੀ ਇੱਕ ਨੌਜਵਾਨ ਨੇ ਆਪਣੀ ਜਾਨ ਦੇ ਦਿੱਤੀ | ਇਸ ਸਬੰਧੀ ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਸਹੁਰੇ ਪਰਿਵਾਰ ਦੇ ਛੇ ਮੈਂਬਰਾਂ ਖਿਲਾਫ ਕੇਸ ਦਰਜ ਕਰਕੇ ਸੱਸ ਅਤੇ ਸਹੁਰੇ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਦੇ ਪਿਤਾ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਨੌਜਵਾਨ ਬੇਟੇ ਕਰਨਵੀਰ ਸਿੰਘ (24) ਦੀ ਮੰਗਣੀ ਜ਼ਿਲਾ ਬਟਾਲਾ ਦੇ ਪਿੰਡ ਬੁਰਜ ਅਰਾਈਆਂ ਦੀ ਲੜਕੀ ਨਵਜੋਤ ਕੌਰ ਨਾਲ ਹੋਈ |
ਉਹਨਾਂ ਨੇ ਦੱਸਿਆ ਕਿ ਮੰਗਣੀ ਤੋਂ ਪਹਿਲਾਂ ਦੋਵਾਂ ਪਰਿਵਾਰਾਂ ਦੀ ਹੋਈ ਸਹਿਮਤੀ ਮੁਤਾਬਕ ਕੁੜੀ ਨੂੰ ਸਟੱਡੀ ਵੀਜ਼ਾ ‘ਤੇ ਕਨੇਡਾ ਭੇਜਣ ਅਤੇ ਮੰਗਣੇ ਤੇ ਹੋਣ ਵਾਲੇ ਸਾਰੇ ਖਰਚੇ ਅਸੀਂ ਕਰਨੇ ਸੀ ਜਿਸ ਮੁਤਾਬਕ ਟਾਂਡੇ ਦੇ ਇੱਕ ਪੈਲਸ ਵਿੱਚ ਸਾਲ 2022 ਨੂੰ ਮੰਗਣੇ ਦਾ ਪ੍ਰੋਗਰਾਮ ਹੋਇਆ ਜਿਸ ਦਾ ਸਾਰਾ ਖਰਚਾ ਉਨ੍ਹਾਂ ਵੱਲੋਂ ਕੀਤਾ ਗਿਆ ਅਤੇ ਉਸ ਤੋਂ ਬਾਅਦ ਵੀ ਉਹਨਾਂ ਵੱਲੋਂ ਸਾਰਾ ਖਰਚਾ ਕਰਕੇ ਕੁੜੀ ਨੂੰ ਕਾਲਜ ਦੀਆਂ ਫੀਸਾਂ ਸਮੇਤ ਟਿਕਟਾਂ ਲੈ ਕੇ ਕਨੇਡਾ ਮੁੰਡੇ ਦੇ ਮਾਮੇ ਕੋਲ ਭੇਜਿਆ ਪਰ ਹੁਣ ਪਿਛਲੇ ਡੇਢ ਸਾਲ ਤੋਂ ਕੁੜੀ ਨੇ ਨਵਜੋਤ ਕੌਰ ਨੇ ਪਰੇਸ਼ਾਨ ਕੀਤਾ ਹੋਇਆ ਸੀ ਕਿ ਛੇ-ਸੱਤ ਲੱਖ ਰੁਪਏ ਲਾ ਕੇ ਉਸਦੇ ਭਰਾ ਪ੍ਰਭਜੋਤ ਨੂੰ ਵੀ ਕੈਨੇਡਾ ਭੇਜਿਆ ਜਾਵੇ।
ਮੁੰਡੇ ਨਾਲ ਰਿਸ਼ਤਾ ਰੱਖਣ ਤੇ ਇਨਕਾਰ ਕਰਦੇ ਹੋਏ ਉਸ ਦਾ ਨੰਬਰ ਬਲਾਕ ਲਿਸਟ ਵਿੱਚ ਪਾ ਦਿੱਤਾ
ਉਸ ਦਾ ਵੀ ਸਾਰਾ ਖਰਚਾ ਅਸੀਂ ਕੀਤਾ ਤੇ ਉਹ ਕਨੇਡਾ ਤੋਂ ਅੱਗੇ ਅਮਰੀਕਾ ਨਿਕਲ ਗਿਆ ਜਿਸ ਤੋਂ ਬਾਅਦ ਕੁੜੀ ਨੇ ਮੁੰਡੇ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਜਦੋਂ ਉਹਨਾਂ ਦੇ ਕੈਨੇਡਾ ਰਹਿੰਦੇ ਰਿਸ਼ਤੇਦਾਰਾਂ ਨੇ ਪੁੱਛਗਿੱਛ ਕੀਤੀ ਤਾਂ ਉਸ ਦੀ ਅੱਗੋਂ ਕਿਸੇ ਹੋਰ ਮੁੰਡੇ ਨਾਲ ਦੋਸਤੀ ਨਿਕਲੀ ਅਤੇ ਕੁੜੀ ਨੇ ਸਾਡੇ ਮੁੰਡੇ ਨਾਲ ਰਿਸ਼ਤਾ ਰੱਖਣ ਤੇ ਇਨਕਾਰ ਕਰਦੇ ਹੋਏ ਉਸ ਦਾ ਨੰਬਰ ਬਲਾਕ ਲਿਸਟ ਵਿੱਚ ਪਾ ਦਿੱਤਾ | ਜਦੋਂ ਇਸ ਮਾਮਲੇ ਬਾਰੇ ਕੁੜੀ ਦੇ ਪਰਿਵਾਰ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਮੰਨਿਆ ਕਿ ਅਸੀਂ ਉਹ ਪੈਸੇ ਵਾਪਸ ਕਰ ਦੇਣਗੇ ਜਿਸ ਲਈ 31 ਮਈ ਦਾ ਟਾਈਮ ਨਿਰਧਾਰਿਤ ਕੀਤਾ ਗਿਆ ਪਰ ਇਹ ਟਾਈਮ ਦੇਣ ਤੋਂ ਬਾਅਦ ਵੀ ਉਹ ਮੁਕਰ ਗਏ। ਜਿਸ ਤੋਂ ਪਰੇਸ਼ਾਨ ਹੋ ਕੇ ਕਰਨਵੀਰ ਨੇ ਬੀਤੇ ਦਿਨ ਆਪਣੀ ਜਾਨ ਦੇ ਦਿੱਤੀ |
ਥਾਣਾ ਮਾਹਿਲਪੁਰ ਦੇ ਮੁਖੀ ਗਗਨਦੀਪ ਸਿੰਘ ਸੇਖੋਂ ਨੇ ਦੱਸਿਆ ਕਿ ਕੁਲਵਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਸੈਲਾਂ ਕਲਾਂ ਵਲੋਂ ਪੁਲਿਸ ਨੂੰ ਦਿੱਤੀ ਦਰਖਸ਼ਤ ‘ਚ ਦੱਸਿਆ ਕਿ ਉਸ ਦਾ ਵੱਡਾ ਲੜਕਾ ਕਰਨਵੀਰ ਸਿੰਘ ਉਮਰ ਕਰੀਬ 24 ਸਾਲ ਦੀ ਮਿਤੀ 15.05.2022 ਨੂੰ ਕਸਬਾ ਟਾਂਡਾ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਨਵਜੋਤ ਕੌਰ ਪੁੱਤਰੀ ਬਲਵਿੰਦਰ ਸਿੰਘ ਵਾਸੀ ਬੁਰਜ ਅਰਾਈਆ ਥਾਣਾ ਕਿਲਾ ਲਾਲ ਸਿੰਘ ਜ਼ਿਲ੍ਹਾ ਬਟਾਲਾ ਨਾਲ ਮੰਗਣੀ ਹੋਈ ਸੀ। ਜੋ ਇਸ ਮੰਗਣੀ ਦਾ ਸਾਰਾ ਖਰਚ ਕਰੀਬ 50,000 ਰੁਪਏ ਮੈਂ ਕੀਤੇ ਸਨ ਅਤੇ ਇਹ ਰਿਸ਼ਤਾ ਲਖਵਿੰਦਰ ਸਿੰਘ ਅਤੇ ਉਸ ਦੀ ਪਤਨੀ ਬੇਵੀ ਵਾਸੀਆਨ ਜੂਹਰਾ ਥਾਣਾ ਭੋਗਪੁਰ ਜ਼ਿਲ੍ਹਾ ਜਲੰਧਰ ਦਿਹਾਤੀ ਨੇ ਵਿਚੋਲੇ ਬਣ ਕੇ ਕਰਵਾਇਆ ਸੀ।
ਇਹਨਾਂ ਨਾਲ ਜ਼ਬਾਨੀ ਐਗਰੀਮੈਂਟ ਹੋਇਆ ਸੀ ਕਿ ਲੜਕੀ ਨਵਜੋਤ ਕੌਰ ਕੈਨੇਡਾ ਜਾ ਕੇ ਉਸਦੇ ਲੜਕੇ ਕਰਨਵੀਰ ਸਿੰਘ ਨੂੰ ਕੈਨੇਡਾ ਲੈ ਕੇ ਜਾਵੇਗੀ
ਉਨ੍ਹਾਂ ਦੱਸਿਆ ਕਿ ਨਵਜੋਤ ਕੌਰ ਨੇ ਆਈਲੈਟ ਕੀਤੀ ਹੋਈ ਸੀ, ਜਿਸਦੇ 6.5 ਬੈਂਡ ਸਨ, ਸਾਡਾ ਇਹਨਾਂ ਨਾਲ ਜ਼ਬਾਨੀ ਐਗਰੀਮੈਂਟ ਹੋਇਆ ਸੀ ਕਿ ਲੜਕੀ ਨਵਜੋਤ ਕੌਰ ਕੈਨੇਡਾ ਜਾ ਕੇ ਉਸਦੇ ਲੜਕੇ ਕਰਨਵੀਰ ਸਿੰਘ ਨੂੰ ਕੈਨੇਡਾ ਲੈ ਕੇ ਜਾਵੇਗੀ। ਉਨ੍ਹਾਂ ਦੱਸਿਆ ਕਿ ਲੜਕੀ ਨਵਜੋਤ ਕੌਰ ਨੂੰ ਕੈਨੇਡਾ ਭੇਜਣ ਲਈ ਸਾਡਾ ਕਰੀਬ 26-27 ਲੱਖ ਰੁਪਏ ਲੱਗ ਗਏ ਪਰ ਨਾ ਹੀ ਉਸਦਾ ਲੜਕਾ ਵਿਦੇਸ਼ ਲੈ ਕੇ ਗਈ ਨਾ ਹੀ ਉਸਦੇ ਪੈਸੇ ਵਾਪਸ ਕੀਤੇ ਹਨ। ਜਿਸ ‘ਤੇ ਉਸਦਾ ਲੜਕਾ ਟੈਸ਼ਨ ਵਿੱਚ ਰਹਿਣ ਲੱਗ ਪਿਆ ਅਤੇ 19/20 ਜੂਨ ਦੀ ਦਰਮਿਆਨੀ ਰਾਤ ਨੂੰ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਜਿਸਦੇ ਲੜਕੇ ਨੇ ਨਵਜੋਤ ਕੌਰ ਪੁੱਤਰੀ ਬਲਵਿੰਦਰ ਸਿੰਘ, ਪਭਜੋਤ ਸਿਘ ਪੁੱਤਰ ਬਲਵਿੰਦਰ ਸਿੰਘ, ਬਲਵਿੰਦਰ ਸਿੰਘ ਪੁੱਤਰ ਗਿਆਨ ਸਿੰਘ, ਰਾਜਵਿੰਦਰ ਕੌਰ ਪਤਨੀ ਬਲਵਿੰਦਰ ਸਿੰਘ ਵਾਸੀਆਨ ਪਿੰਡ ਬੁਰਜ ਅਰਾਈਆਂ ਥਾਣਾ ਕਿਲ੍ਹਾ ਲਾਲ ਸਿੰਘ ਜ਼ਿਲ੍ਹਾ ਬਟਾਲਾ, ਲਖਵਿੰਦਰ ਸਿੰਘ ਅਤੇ ਉਸ ਦੀ ਪਤਨੀ ਬੇਵੀ ‘ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਮੌਕੇ ਪਿੰਡ ਦੇ ਸਰਪੰਚ ਗੁਰਲਾਲ ਸੈਲਾ ਨੇ ਦੱਸਿਆ ਕਿ ਕੁੜੀ ਦੇ ਸਾਰੇ ਪਰਿਵਾਰ ਨੇ ਹਮ ਸਲਾਹ ਹੋ ਕੇ ਮੁੰਡੇ ਦੇ ਪਰਿਵਾਰ ਨਾਲ ਧੋਖਾਦੇਹੀ ਕੀਤੀ ਹੈ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ | ਉਹਨਾਂ ਮੰਗ ਕੀਤੀ ਕਿ ਬਾਕੀ ਰਹਿੰਦੇ ਪਰਿਵਾਰਿਕ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ !