ਪ੍ਰੈਸ਼ਰ ਹਾਰਨ ਅਤੇ ਪਟਾਖੇ ਵਰਗੀ ਆਵਾਜ਼ ਕਰਨ ਵਾਲੇ ਸਾਈਲੈਂਸਰ ਵੇਚਣ ਵਾਲੇ ਦੁਕਾਨਦਾਰਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ : ਕੁਲਵਿੰਦਰ ਸਿੰਘ ਜੰਡਾ

ਪ੍ਰੈਸ਼ਰ ਹਾਰਨ

ਹੁਸ਼ਿਆਰਪੁਰ 20 ਅਪ੍ਰੈਲ (ਤਰਸੇਮ ਦੀਵਾਨਾ) ਪ੍ਰੈਸ਼ਰ ਹਾਰਨ ਅਤੇ ਤਬਦੀਲ ਕੀਤੇ ਹੋਏ ਸਾਈਲੈਂਸਰਾਂ ਦਾ ਪ੍ਰਯੋਗ ਕਰਨ ਵਾਲੇ ਵਾਹਨ ਚਾਲਕਾ ਦੇ ਖਿਲਾਫ ਪੁਲਿਸ ਦੁਆਰਾ ਸਮੇਂ-ਸਮੇਂ ਤੇ ਕਾਰਵਾਈ ਕੀਤੀ ਜਾਂਦੀ ਹੈ ਪਰ ਇਸ ਦੇ ਬਾਵਜੂਦ ਬਹੁਤ ਸਾਰੇ ਸ਼ਰਾਰਤੀ ਅਨਸਰ ਜੋ ਆਪਣੇ ਵਾਹਨਾ ਤੇ ਪ੍ਰੈਸ਼ਰ ਹਾਰਨ ਲਗਵਾਉਂਦੇ ਹਨ ਅਤੇ ਪ੍ਰਦੂਸ਼ਣ ਫੈਲਾਉਂਦੇ ਹਨ, ਉਨ੍ਹਾਂ ਨਾਲ ਟ੍ਰੈਫਿਕ ਪੁਲਿਸ ਨੂੰ ਸਖਤੀ ਨਾਲ ਨਿਪਟਣਾ ਚਾਹੀਦਾ ਹੈ ਕਿਉਂਕਿ ਇਸ ਤਰ੍ਹਾਂ ਦੇ ਮਾਨਸਿਕ ਤੌਰ ਤੇ ਬਿਮਾਰ ਰੋਗੀਆਂ ਦਾ ਇਲਾਜ ਕਰਨਾ ਬਹੁਤ ਜ਼ਰੂਰੀ ਹੈ। ਇਸ ਦੇ ਨਾਲ-ਨਾਲ ਬੱਸ ਅੱਡਿਆਂ ਦੇ ਅੰਦਰ ਅਤੇ ਬਾਹਰ ਚਾਰ ਪਹੀਆ ਵਾਹਨਾ ਤੇ ਜਿਹੜੇ ਪ੍ਰੈਸ਼ਰ ਹਾਰਨ ਲੱਗੇ ਹੋਏ ਹਨ, ਉਹ ਸਵਾਰੀਆਂ ਅਤੇ ਰਾਹਗੀਰਾਂ ਦੇ ਲਈ ਬਹੁਤ ਘਾਤਕ ਹਨ।

ਖਾਸ ਕਰਕੇ ਜਿਹੜੇ ਬਿਮਾਰ ਵਿਅਕਤੀਆਂ ਨੇ ਸਫਰ ਕਰਨਾ ਹੁੰਦਾ ਹੈ ਉਨ੍ਹਾਂ ਲਈ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਇਹਨਾਂ ਗੱਲਾਂ ਦਾ ਪ੍ਰਗਟਾਵਾ “ਸੱਭਿਆਚਾਰ ਸੰਭਾਲ ਸੁਸਾਇਟੀ” ਦੇ ਪ੍ਰਧਾਨ ਕੁਲਵਿੰਦਰ ਸਿੰਘ ਜੰਡਾ ਨੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਇੱਕ ਪ੍ਰੈਸ ਵਾਰਤਾ ਦੌਰਾਨ ਕੀਤਾ। ਉਹਨਾਂ ਕਿਹਾ ਕਿ ਪ੍ਰਸ਼ਾਸਨ ਨੂੰ ਖਾਸ ਧਿਆਨ ਦੇਣਾ ਚਾਹੀਦਾ ਹੈ ਅਤੇ ਸਬੰਧਿਤ ਮਹਿਕਮਿਆਂ ਨੂੰ ਚਾਹੀਦਾ ਹੈ ਕਿ ਜਿਨ੍ਹਾਂ ਬੱਸਾਂ ਵਿੱਚ ਪ੍ਰੈਸ਼ਰ ਹਾਰਨ ਲੱਗੇ ਹੋਏ ਹਨ ਉਨ੍ਹਾਂ ਨੂੰ ਉਤਾਰਿਆ ਜਾਵੇ, ਜਿਸ ਨਾਲ ਸਫਰ ਕਰਨ ਵਾਲਿਆਂ ਨੂੰ ਰਾਹਤ ਮਿਲ ਸਕੇ।

ਪਾਰਟਸ ਵੇਚਣ ਵਾਲੀਆਂ ਦੁਕਾਨਾ ਦੀ ਜਾਂਚ ਕੀਤੀ ਜਾਵੇ

ਉਹਨਾਂ ਕਿਹਾ ਕਿ ਪ੍ਰੈਸ਼ਰ ਹਾਰਨ ਅਤੇ ਪਟਾਖੇ ਦੀ ਆਵਾਜ਼ ਕਰਨ ਵਾਲੇ ਸਾਈਲੈਂਸਰ ਵੇਚਣ ਵਾਲੇ ਦੁਕਾਨਦਾਰਾਂ ਨੂੰ ਸਮਝਣਾ ਚਾਹੀਦਾ ਹੈ ਕਿ ਉਹ ਇਸ ਤਰ੍ਹਾਂ ਦਾ ਸਮਾਨ ਨਾ ਵੇਚਣ ਜਿਸ ਨਾਲ ਕਿਸੀ ਨੂੰ ਨੁਕਸਾਨ ਪੁੱਜਦਾ ਹੋਵੇ। ਇਸ ਲਈ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਪਾਰਟਸ ਵੇਚਣ ਵਾਲੀਆਂ ਦੁਕਾਨਾ ਦੀ ਜਾਂਚ ਕੀਤੀ ਜਾਵੇ ਅਤੇ ਇਸ ਤਰ੍ਹਾਂ ਦੇ ਪਾਰਟਸ ਮਿਲਣ ਤੇ ਸਖਤ ਕਾਰਵਾਈ ਕੀਤੀ ਜਾਵੇ। ਜਿਸ ਦੇ ਕਾਰਨ ਸੜਕ ਤੇ ਚੱਲਣ ਵਾਲੇ ਰਾਹਗੀਰ ਕਈ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ ਜਿਸ ਦੇ ਲਈ ਪ੍ਰਸ਼ਾਸਨ ਨੂੰ ਲਗਾਤਾਰ ਇਹ ਅਭਿਆਨ ਚਲਾਉਣਾ ਚਾਹੀਦਾ ਹੈ।

ਉਹਨਾਂ ਬੱਚਿਆਂ ਦੇ ਮਾਤਾ-ਪਿਤਾ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਸਮਝਾਉਣ ਕਿ ਇਸ ਤਰ੍ਹਾਂ ਦੇ ਪਾਰਟਸ ਦਾ ਇਸਤੇਮਾਲ ਨਾ ਕਰਨ ਜੋ ਦੂਜਿਆਂ ਦੇ ਲਈ ਪਰੇਸ਼ਾਨੀ ਪੈਦਾ ਕਰੇ।ਉਨ੍ਹਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਇਸ ਦੇ ਕਾਰਨ ਕੋਈ ਉਨ੍ਹਾਂ ਦਾ ਆਪਣਾ ਵੀ ਇਸ ਹਾਦਸੇ ਦਾ ਸ਼ਿਕਾਰ ਹੋ ਸਕਦਾ ਹੈ।ਇਸ ਤਰ੍ਹਾਂ ਦੀ ਸਥਿਤੀ ਵਿੱਚ ਉਨ੍ਹਾਂ ਦੇ ਕੋਲ ਪਛਤਾਵੇ ਦੇ ਸਿਵਾਏ ਕੁਝ ਨਹੀਂ ਹੋਵੇਗਾ।

By admin

Related Post