ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਨੇ ਸੰਭਾਲਿਆ ਮੋਰਚਾ

ਆਮ ਆਦਮੀ ਪਾਰਟੀ

ਹਲਕਾ ਵਿਧਾਇਕ ਅਤੇ ਮਹਿਲਾ ਵਿੰਗ ਦੀ ਪੰਜਾਬ ਪ੍ਰਧਾਨ ਡਾ. ਅਮਨਦੀਪ ਕੌਰ ਅਰੋੜਾ ਨੇ ਰਾਹਤ ਸਮੱਗਰੀ ਦਾ ਟਰੱਕ ਕੀਤਾ ਰਵਾਨਾ

ਜਲੰਧਰ 28 ਅਗਸਤ (ਜਸਵਿੰਦਰ ਸਿੰਘ ਆਜ਼ਾਦ)- ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਨੇ ਮੋਰਚਾ ਸੰਭਾਲ ਲਿਆ ਹੈ ਅਤੇ ਮਹਿਲਾ ਵਿੰਗ ਦੀ ਪੰਜਾਬ ਪ੍ਰਧਾਨ ਅਤੇ ਹਲਕਾ ਵਿਧਾਇਕ ਮੋਗਾ ਡਾ. ਅਮਨਦੀਪ ਕੌਰ ਅਰੋੜਾ ਨੇ ਰਾਹਤ ਸਮੱਗਰੀ ਦਾ ਪਹਿਲਾ ਟਰੱਕ ਰਵਾਨਾ ਕੀਤਾ। ਇਹ ਟਰੱਕ ਸਰਕਟ ਹਾਊਸ ਜਲੰਧਰ ਤੋਂ ਰਵਾਨਾ ਕੀਤਾ ਗਿਆ।

ਡਾ. ਅਮਨਦੀਪ ਕੌਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਵਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਮੋਰਚਾ ਸੰਭਾਲ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਰਾਹਤ ਸਮੱਗਰੀ ਦਾ ਅੱਜ ਪਹਿਲਾ ਟਰੱਕ ਸੁਲਤਾਨਪੁਰ ਲੋਧੀ ਲਈ ਰਵਾਨਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਹਿਲਾ ਵਿੰਗ ਦੀਆਂ ਹਜ਼ਾਰਾਂ ਮੈਬਰਾਂ ਵਲੋਂ ਹੀ ਇਹ ਸਮੱਗਰੀ ਵੰਡੀ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰਭਾਵਿਤ ਔਰਤਾਂ ਲਈ ਸੇਨੇਟਰੀ ਪੈਡ ਸਮੇਤ ਵਿਸ਼ੇਸ਼ ਮਦਦ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਵਿੱਚ ਹੜ੍ਹਾਂ ਦੀ ਕਿਸੇ ਵੀ ਸੰਭਾਵੀ ਸਥਿਤੀ ਨਾਲ ਨਜਿੱਠਣ ਅਤੇ ਪ੍ਰਭਾਵਿਤ ਖੇਤਰਾਂ ਵਿੱਚ ਤੁਰੰਤ ਰਾਹਤ ਪਹੁੰਚਾਉਣ ਲਈ ਜਲੰਧਰ ਦੇ ਸਰਕਟ ਹਾਊਸ ਵਿਖੇ ਇੱਕ ਕੇਂਦਰੀ ਹੜ੍ਹ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਕੰਟਰੋਲ ਰੂਮ 24 ਘੰਟੇ ਕੰਮ ਕਰੇਗਾ। ਸਰਕਾਰ ਵਲੋਂ ਇੱਕ ਐਮਰਜੈਂਸੀ ਨੰਬਰ 0181-2240064 ਵੀ ਜਾਰੀ ਕੀਤਾ ਗਿਆ ਹੈ। ਇਸ ਪਹਿਲਕਦਮੀ ਦਾ ਮੁੱਖ ਉਦੇਸ਼ ਹੜ੍ਹਾਂ ਦੀ ਰੋਕਥਾਮ ਅਤੇ ਪ੍ਰਬੰਧਨ ਨੂੰ ਹੋਰ ਮਜ਼ਬੂਤ ਕਰਨਾ ਹੈ।

ਉਨ੍ਹਾਂ ਕਿਹਾ ਕਿ ਲਗਾਤਾਰ ਰਾਹਤ ਸਮੱਗਰੀ ਲੈਕੇ ਮਹਿਲਾ ਵਿੰਗ ਦੀ ਟੀਮ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪਹੁੰਚੇਗੀ ਅਤੇ ਸਥਾਨਕ ਲੋਕਾਂ ਨੂੰ ਰਾਹਤ ਸਮੱਗਰੀ ਵੰਡੇਗੀ। ਉਨ੍ਹਾਂ ਕਿਹਾ ਕਿ ਮਹਿਲਾ ਵਿੰਗ ਦੀਆਂ ਟੀਮਾਂ ਵਲੋਂ ਘਰ-ਘਰ ਰਾਸ਼ਨ ਪਹੁੰਚਾਉਣ ਤੋਂ ਇਲਾਵਾ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਮੈਡੀਕਲ ਕੈਂਪ ਵੀ ਲਗਾਏ ਜਾਣਗੇ, ਜਿੱਥੇ ਪ੍ਰਭਾਵਿਤ ਮਹਿਲਾਵਾਂ ਸਮੇਤ ਸਬੰਧਿਤ ਮਰੀਜ਼ਾਂ ਨੂੰ ਸਿਹਤ ਸਹੂਲਤਾਂ ਮੁਹਈਆ ਕਰਵਾਈਆਂ ਜਾਣਗੀਆਂ।

By admin

Related Post