ਪਰਵਿੰਦਰ ਸਿੰਘ ਝੋਟਾ ਐਕਸ਼ਨ ਕਮੇਟੀ ਦੇ ਸੱਦੇ ‘ਤੇ ਸਿਹਤ ਮੰਤਰੀ ਡਾ. ਬਲਬੀਰ ਨੂੰ ਭੇਜਿਆ ਲਾਹਨਤੀ ਪੱਤਰ

ਪਰਵਿੰਦਰ ਸਿੰਘ ਝੋਟਾ

– ਸਤਵਿੰਦਰ ਟੌਹੜਾ ਦੀ ਅਗਵਾਈ ਹੇਠ ਕੱਢਿਆ ਗਿਆ ਵਿਸ਼ਾਲ ਰੋਸ਼ ਮਾਰਚ

– ਪਰਵਿੰਦਰ ਝੋਟਾ ਇਕ ਫਿਰਕੇ ਵਿਸ਼ੇਸ਼ ਲਈ ਨਹੀ ਸਗੋ ਸਮੁੱਚੇ ਪੰਜਾਬੀਆਂ ਲਈ ਹੋਇਆ ਸ਼ਹੀਦ : ਸਤਵਿੰਦਰ ਟੌਹੜਾ

– ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਤੋ ਸਿਹਤ ਮੰਤਰੀ ਦੀ ਕੋਠੀ ਤੱਕ ਪੈਦਲ ਚਲਕੇ ਸੌਪਿਆ ਲਾਹਨਤੀ ਪੱਤਰ

ਪਟਿਆਲਾ, 19 ਅਕਤੂਬਰ (ਜਸਵਿੰਦਰ ਸਿੰਘ ਆਜ਼ਾਦ)- ਮਾਨਸਾ ਵਿੱਚ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲੇ ਨੌਜਵਾਨ ਪਰਵਿੰਦਰ ਸਿੰਘ ਝੋਟਾ ਨੂੰ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਿਸਦੇ ਵਿਰੋਧ ਵਿਚ ਅੱਜ ਪਰਵਿੰਦਰ ਸਿੰਘ ਝੋਟਾ ਐਕਸ਼ਨ ਕਮੇਟੀ ਦੇ ਸੱਦੇ ਉਪਰ ਪਟਿਆਲਾ ਦਿਹਾਤੀ ਦੀ ਸੰਗਤਾਂ ਅਤੇ ਵੱਖ-ਵੱਖ ਜਥੇਬੰਦੀਆਂ ਨੇ ਵਾਰਿਸ ਪੰਜਾਬ ਦੇ ਸੀਨੀਅਰ ਨੇਤਾ ਸਤਵਿੰਦਰ ਸਿੰਘ ਟੌਹੜਾ ਦੀ ਅਗਵਾਈ ਹੇਠ ਅੱਜ ਪਟਿਆਲਾ ਵਿਖੇ ਵਿਸ਼ਾਲ ਰੋਸ਼ ਮਾਰਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਤੋ ਲੈ ਕੇ ਸਿਹਤ ਮੰਤਰੀ ਡਾ. ਬਲਬੀਰ ਦੀ ਕੋਠੀ ਤੱਕ ਕੱਢਿਆ ਗਿਆ। ਇਸ ਦੌਰਾਨ ਸਤਵਿੰਦਰ ਸਿੰਘ ਟੌਹੜਾ ਅਤੇ ਉਨਾ ਦੇ ਸਾਥੀਆਂ ਵਲੋ ਇਕ ਲਾਹਨਤੀ ਪੱਤਰ ਸਿਹਤ ਮੰਤਰੀ ਦੇ ਪੀਏ ਕਰਨਲ ਜੇਬੀ ਨੂੰ ਸੌਪਿਆ ਗਿਆ।

ਇਸ ਮੌਕੇ ਸਤਵਿੰਦਰ ਸਿੰਘ ਟੌਹੜਾ ਨੇ ਆਖਿਆ ਕਿ ਪਰਵਿੰਦਰ ਸਿੰਘ ਝੋਟਾ ਇੱਕ ਮੈਡੀਕਲ ਸਟੋਰ ਉੱਤੇ ਨਸ਼ੀਲੀਆਂ ਦਵਾਈਆਂ ਦੀ ਵਿਕਰੀ ਦਾ ਵਿਰੋਧ ਕਰਨ ਗਿਆ ਸੀ, ਤੇ ਸਾਰੀ ਘਟਨਾ ਫੇਸਬੁੱਕ ਲਾਈਵ ਰਾਹੀਂ ਪੂਰੇ ਪੰਜਾਬ ਨੇ ਆਪਣੀਆਂ ਅੱਖਾਂ ਨਾਲ ਵੇਖੀ ਪਰ ਦਿਨ ਦਿਹਾੜੇ ਗੋਲੀਆਂ ਮਾਰਕੇ ਉਸਦਾ ਕਤਲ ਕਰ ਦਿੱਤਾ ਗਿਆ, ਜੋਕਿ ਬਹੁਤ ਹੀ ਨਿੰਦਣਯੋਗ ਘਟਨਾ ਹੈ। ਉਨਾ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਨੇ ਆਪਣੀ ਜਾਨ ਇਕ ਫਿਰਕੇ ਵਿਸ਼ੇਸ਼ ਲਈ ਨਹੀ ਸਗੋ ਸਮੁੱਚੀ ਮਾਨਵਤਾ ਅਤੇ ਸਮੁੱਚੇ ਪੰਜਾਬੀਆਂ ਲਈ ਕੁਰਬਾਨ ਕਰ ਦਿੱਤੀ ਹੈ। ਉਨਾ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਇੱਕ ਸਾਬਕਾ ਫੌਜੀ ਹਨ, ਜਿਨਾ ਦੇਸ਼ ਦੀ ਰਖਿਆ ਲਈ ਆਪਣੀਆਂ ਚੰਗੀਆਂ ਸੇਵਾਵਾਂ ਵੀ ਦਿੱਤੀਆਂ ਹਨ ਅਤੇ ਹੁਣ ਉਨਾ ਆਪਣੇ ਜਿਗਰ ਦਾ ਟੁੱਕੜਾ ਨੌਜਵਾਨ ਪੁੱਤਰ ਸਮਾਜ ਲਈ ਕੁਰਬਾਨ ਕਰ ਦਿੱਤਾ। ਇਸ ਲਈ ਪਰਿਵਾਰ ਨੂੰ ਜਦੋ ਤੱਕ ਇਨਸਾਫ ਨਹੀ ਮਿਲਦਾ ਇਹ ਸੰਘਰਸ਼ ਜਾਰੀ ਰਹੇਗਾ।

ਇਹ ਕੋਈ ਸਧਾਰਨ ਕਤਲ ਨਹੀਂ, ਇਹ ਨਸ਼ਿਆਂ ਖਿਲਾਫ ਪੂਰੇ ਪੰਜਾਬ ਵਿੱਚ ਆਵਾਜ਼ ਚੁੱਕਣ ਵਾਲੇ ਲੋਕਾਂ ਦੀ ਜੁਬਾਨ ਬੰਦੀ ਹੈ

ਉਨਾ ਕਿਹਾ ਕਿ ਇਹ ਕੋਈ ਸਧਾਰਨ ਕਤਲ ਨਹੀਂ, ਇਹ ਨਸ਼ਿਆਂ ਖਿਲਾਫ ਪੂਰੇ ਪੰਜਾਬ ਵਿੱਚ ਆਵਾਜ਼ ਚੁੱਕਣ ਵਾਲੇ ਲੋਕਾਂ ਦੀ ਜੁਬਾਨ ਬੰਦੀ ਹੈ। ਉਨਾ ਕਿਹਾ ਕਿ ਇਸਤੋ ਸਾਬਿਤ ਹੋ ਜਾਂਦਾ ਹੈ ਕਿ ਜਿਹੜੇ ਲੋਕ ਨਸ਼ਿਆਂ ਦੇ ਵਿਰੁੱਧ ਬੋਲਦੇ ਹਨ, ਉਨ੍ਹਾਂ ਦੀ ਰਾਖੀ ਕਰਨ ਦੀ ਥਾਂ ਉਨ੍ਹਾਂ ਨੂੰ ਹੀ ਕੁਚਲਿਆ ਜਾਂਦਾ ਹੈ। ਤਿੰਨ ਸਾਲ ਪਹਿਲਾਂ ਪਰਵਿੰਦਰ ਨੇ ਇਸੇ ਦੁਕਾਨਦਾਰ ਨੂੰ ਨਸ਼ੀਲੇ ਕੈਪਸੂਲਾਂ ਸਮੇਤ ਫੜਿਆ ਸੀ, ਪਰ ਨਤੀਜਾ ਕੀ ਨਿਕਲਿਆ ਕਿ ਦੁਕਾਨਦਾਰ ਨੂੰ ਰਿਵਾਲਵਰ ਦਾ ਲਾਇਸੈਂਸ ਮਿਲ ਗਿਆ ਅਤੇ ਪਰਵਿੰਦਰ ਨੂੰ ਤਿੰਨ ਮਹੀਨੇ ਜੇਲ੍ਹ ਕੱਟਣੀ ਪਈ। ਸਰਕਾਰ ਨੇ ਸ਼ੁਰੂ ਵਿੱਚ ਇਸ ਨੂੰ ਆਪਸੀ ਰੰਜਿਸ਼ ਕਹਿ ਕੇ ਮਾਮਲੇ ਦਾ ਰੁਖ਼ ਮੋੜਨ ਦੀ ਕੋਝੀ ਕੋਸ਼ਿਸ਼ ਕੀਤੀ, ਜਿਸਨੂੰ ਬਿਲਕੁਲ ਵੀ ਬਰਦਾਸ਼ਤ ਨਹੀ ਕੀਤਾ ਜਾਵੇਗਾ। ਉਨਾ ਕਿਹਾ ਕਿ ਜਿਹੜਾ ਵਿਧਾਇਕ ਇੱਕ ਨਸ਼ਾ-ਵਿਰੋਧੀ ਯੋਧੇ ਦੇ ਕਤਲ ਮਗਰੋਂ ਵੀ ਆਪਣੀ ਸਰਕਾਰ ਤੋਂ ਜਵਾਬਦੇਹੀ ਨਹੀਂ ਮੰਗਦਾ, ਉਹ ਲੋਕਾਂ ਦਾ ਪ੍ਰਤੀਨਿਧ ਨਹੀਂ ਰਹਿੰਦਾ। ਇਸ ਲਈ ਅਸੀਂ ਤੁਹਾਡੀ ਇਸ ਚੁੱਪੀ ਨੂੰ ਲਾਹਨਤ ਪਾਉਂਦੇ ਹਾਂ।

ਇਸ ਮੌਕੇ ਉਨਾ ਨਾਲ ਨਰਿੰਦਰ ਸਿੰਘ ਭਿੰਡਰ ਜਿਲਾ ਪ੍ਰਧਾਨ ਯੂਥ ਵਾਰਿਸ ਪੰਜਾਬ ਦੇ, ਮਨਜੀਤ ਸਿੰਘ ਚਾਹਲ ਮਿਸਲ ਸਤਲੁਜ, ਪ੍ਰੋ. ਮਹਿੰਦਰ ਪਾਲ ਸਿੰਘ, ਹਰਭਜਨ ਸਿੰਘ ਕਸ਼ਮੀਰੀ, ਲਖਵੀਰ ਸਿੰਘ ਲੌਟ, ਜਥੇਦਾਰ ਜੋਗਿੰਦਰ ਸਿੰਘ ਲੌਟ, ਅਮਰੀਕ ਸਿੰਘ ਅਜਨੋਦਾ, ਜਗਤਾਰ ਸਿੰਘ ਮਾਜਰੀ ਅਕਾਲੀਆਂ, ਭੀਮ ਸਿੰਘ ਲੰਗ ਕਿਸਾਨ ਆਗੂ, ਸੁਖਵਿੰਦਰ ਸਿੰਘ ਲੰਗ, ਪਰਗਟ ਸਿੰਘ ਚਲੈਲਾ, ਅਜਾਇਬ ਸਿੰਘ ਨੰਦਪੁਰ ਕੇਸੋ, ਪਰਮਿੰਦਰ ਸਿੰਘ ਨੰਦਪੁਰ, ਲਖਵੀਰ ਸਿੰਘ ਚਲੈਲਾ, ਪਰਮਜੀਤ ਸਿੰਘ ਸਿੰਬੜੋ, ਐਡਵੋਕੇਟ ਲਖਵਿੰਦਰ ਸਿੰਘ ਇਛੇਵਾਲ, ਚੈਨੀ ਰੋਹਟਾ, ਸੋਨੀ ਹਿਆਣਾ, ਸਹਿਜਪ੍ਰੀਤ ਦੰਦਰਾਲਾ ਖਰੌੜ, ਗੁਰਸਿਮਰਨ ਬੈਦਵਾਨ ਅਰਬਨ ਅਸਟੇਟ, ਜਸਵੰਤ ਸਿੰਘ ਅਕੋਤ, ਸੁਖਬੀਰ ਸਿੰਘ ਬੁਲਾਰਾ ਵਾਰਿਸ ਪੰਜਾਬ, ਐਡਵੋਕੇਟ ਸੁਖਵਿੰਦਰ ਸਿੰਘ ਬੋਬੀ, ਜਥੇਦਾਰ ਦਰਸ਼ਨ ਸਿੰਘ ਰਣੀਆ, ਬਲਜਿੰਦਰ ਸਿੰਘ ਸ਼ਿੰਟੂ, ਜੱਸੀ ਨਿਹੰਗ, ਅਮਰੀਕ ਸਿੰਘ ਪੇਧਨ, ਗੁਰਮੁੱਖ ਸਿੰਘ ਕਨਸੂਹਾ, ਮੱਖਣ ਸਿੰਘ ਕਨਸੂਹਾ, ਗੁਰਵਿੰਦਰ ਸਿੰਘ ਹਿਆਣਾ, ਇੰਦਰਜੀਤ ਸਿੰਘ ਮੰਡੋੜ, ਬਹਾਦਰ ਸਿੰਘ ਮੰਡੋੜ, ਜੱਗੀ ਰੋਹਟੀ ਬਸਤਾ, ਪਰਮਜੀਤ ਸਿੰਘ ਮਹਿਮਦਪੁਰ, ਪ੍ਰੋ. ਹਰਭਜਨ ਸਿੰਘ, ਸ਼ੇਰ ਸਿੰਘ ਘੁੰਡਰ, ਸਰਬਜੀਤ ਸਿੰਘ ਕਿਸਾਨ ਆਗੂ ਆਦਿ ਵੱਡੀ ਗਿਣਤੀ ਵਿਚ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ।

ਇਹ ਹਨ ਐਕਸ਼ਨ ਕਮੇਟੀ ਦੀਆਂ ਮੁੱਖ ਮੰਗਾਂ

ਸਤਵਿੰਦਰ ਸਿੰਘ ਟੌਹੜਾ ਨੇ ਦਸਿਆ ਕਿ ਐਕਸ਼ਨ ਕਮੇਟੀ ਦੀਆਂ ਮੰਗਾਂ ਵਿਚ ਮੁੱਖ ਮੰਤਰੀ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ ਅਸਤੀਫ਼ਾ ਦੇਣ, ਡੀਜੀਪੀ ਪੰਜਾਬ ਅਸਤੀਫ਼ਾ ਦੇਣ, ਪਰਿਵਾਰ ਦੀ ਸਹਿਮਤੀ ਤੋਂ ਬਾਅਦ ਪਰਮਿੰਦਰ ਝੋਟੇ ਦਾ ਪੋਸਟਮਾਰਟਮ ਪੀਜੀਆਈ ਚੰਡੀਗੜ੍ਹ ਦੇ ਸੀਨੀਅਰ ਡਾਕਟਰਾਂ ਦੇ ਪੈਨਲ ਤੋਂ ਕਰਵਾਇਆ ਜਾਵੇ, ਕਤਲ ਅਤੇ ਇਸ ਪਿੱਛੇ ਕੰਮ ਕਰਦੇ ਨਸ਼ਾ-ਪੁਲਿਸ-ਸਿਆਸੀ ਗੱਠਜੋੜ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇ, ਜਿਸ ਦੁਕਾਨ ਵਿੱਚ ਪਰਵਿੰਦਰ ਸਿੰਘ ਝੋਟੇ ਦੇ ਗੋਲੀਆਂ ਮਾਰੀਆਂ ਗਈਆਂ ਸਨ, ਉਥੇ ਉਨਾਂ ਦਾ ਬੁੱਤ ਲਾਇਆ ਜਾਵੇ, ਮਾਨਸਾ ਦੇ ਦੋਨੋਂ ਐਸਐਚਓ, ਡੀਐਸਪੀ ਅਤੇ ਡਰੱਗ ਇੰਸਪੈਕਟਰ ਨੂੰ ਤੁਰੰਤ ਨੌਕਰੀ ਤੋਂ ਬਰਖਾਸਤ (ਡਿਸਮਸ) ਕੀਤਾ ਜਾਵੇ, ਪਰਵਿੰਦਰ ਸਿੰਘ ਝੋਟੇ ਦੇ ਨਾਂ ਤੇ ਖਿਆਲਾ ਕਲਾਂ ਵਿਖੇ ਟਰੋਮਾ ਸੈਂਟਰ ਬਣਾਇਆ ਜਾਵੇ, ਕਾਤਲਾਂ ਨੂੰ ਸਖ਼ਤ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣ।

By admin

Related Post