ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਤੇ ਆਲ ਇੰਡੀਆ ਆਦਿ ਧਰਮ ਮਿਸ਼ਨ ਵਲੋੰ ਹੋਵੇਗਾ ਸੰਗਤਾਂ ਦਾ ਵੱਡਾ ਇਕੱਠ- ਸੰਤ ਸਮਾਜ
ਹੁਸ਼ਿਆਰਪੁਰ 20 ਸਤੰਬਰ (ਤਰਸੇਮ ਦੀਵਾਨਾ)- ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ ਅਤੇ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ ਵਲੋੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਛੋਹ ਇਤਿਹਾਸਕ ਅਸਥਾਨ ਸ੍ਰੀ ਗੁਰੂ ਰਵਿਦਾਸ ਬੇਗਮਪੁਰਾ ਸਦਨ ਵਿਖੇ ਸਿੱਖਿਆ, ਸਿਹਤ ਲਈ ਵੱਡੇ ਪ੍ਰੋਜੈਕਟਾਂ ਦੀ ਉਸਾਰੀ ਅਤੇ ਸ੍ਰੀ ਚਰਨਛੋਹ ਗੰਗਾ ਖੁਰਾਲਗੜ ਸਾਹਿਬ ਨੂੰ ਇਕ ਪਰਿਵਾਰ ਤੋਂ ਮੁਕਤ ਕਰਾਉਣ ਲਈ ਅਤੇ ਇਤਿਹਾਸਕ ਤੀਰਥ ਅਸਥਾਨ ਬਣਾਉਣ ਅਤੇ ਸਾਰੇ ਕਾਰਜਾਂ ਨੂੰ ਸੰਗਤਾਂ ਦੀ ਰਹਿਨੁਮਾਈ ਹੇਠ ਪਾਰਦਰਸ਼ੀ ਢੰਗ ਨਾਲ ਚਲਾਉਣ ਲਈ ਉਸਾਰੂ ਪ੍ਰੋਗਰਾਮ ਉਲੀਕਣ ਸਬੰਧੀ ਇੱਕ ਸਾਂਝੀ ਮੀਟਿੰਗ ਡੇਰਾ ਸੰਤ ਸੀਤਲ ਦਾਸ ਬੋਹਣ ਵਿਖੇ ਹੋਈ। ਇਸ ਮੌਕੇ ਹਾਜਰ ਸੰਤਾਂ ਮਹਾਂਪੁਰਸ਼ਾਂ ਵਲੋੰ ਇਨਾਂ ਪ੍ਰੋਗਰਾਮਾਂ ਦੇ ਸ਼ੁਭਾਰੰਭ ਅਤੇ ਨੇਪਰੇ ਚਾੜਨ ਲਈ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ ਅਤੇ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ ਦੇ ਸੰਤ ਸਮਾਜ ਦੀ ਸਾਂਝੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਭਵਿੱਖ ਵਿਚ ਆਰੰਭ ਹੋਣ ਵਾਲੇ ਅੰਦੋਲਨ ਦੀ ਰੂਪ ਰੇਖਾ ਤਿਆਰ ਕਰਨਗੇ।
ਇਸ ਮੌਕੇ ਸੰਤ ਸਰਵਣ ਦਾਸ ਜੀ ਚੇਅਰਮੈਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ, ਸੰਤ ਨਿਰਮਲ ਦਾਸ ਬਾਬੇਜੌੜੇ ਪ੍ਰਧਾਨ, ਸੰਤ ਪਰਮਜੀਤ ਦਾਸ ਨਗਰ ਕੈਸ਼ੀਅਰ, ਸੰਤ ਸਰਵਣ ਦਾਸ ਸਲੇਮਟਾਵਰੀ ਸੀਨੀ ਮੀਤ ਪ੍ਰਧਾਨ, ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਸ੍ਰੀ ਖੁਰਾਲਗੜ ਸਾਹਿਬ ਵਿਖੇ ਪੰਜਾਬ ਅਤੇ ਵੱਖ ਵੱਖ ਰਾਜਾਂ ਦੇ ਸੰਤਾਂ ਮਹਾਂਪੁਰਸ਼ਾਂ ਅਤੇ ਸੰਗਤਾਂ ਦਾ ਇਕ ਵਿਸ਼ਾਲ ਇਕੱਠ ਹੋਵੇਗਾ ਜਿਸ ਵਿਚ ਸ੍ਰੀ ਗੁਰੂ ਰਵਿਦਾਸ ਸਦਨ ਅਤੇ ਸ੍ਰੀ ਚਰਨਛੋਹ ਗੰਗਾ ਸਬੰਧੀ ਸੰਤ ਸਮਾਜ ਵਲੋੰ ਨਵੇਂ ਪ੍ਰੋਗਰਾਮ ਐਲਾਨ ਕੀਤੇ ਜਾਣਗੇ। ਉਨਾਂ ਕਿਹਾ ਕਿ ਕੌਮ ਦੇ ਸੰਯੋਜਕਾਂ, ਪੈਰੋਕਾਰਾਂ, ਮਿਸ਼ਨਰੀਆਂ, ਬੁੱਧੀਜੀਵੀਆਂ ਦੀ ਰਾਇ ਨਾਲ ਸ੍ਰੀ ਖੁਰਾਲਗੜ ਸਾਹਿਬ ਨੂੰ ਦੁਨੀਆਂ ਦੇ ਨਕਸ਼ੇ ਤੇ ਵਿਕਸਿਤ ਕਰਨ, ਨਵ-ਉਸਾਰੀ ਅਤੇ ਕੌਮ ਲਈ ਚੈਰੀਟੇਬਲ ਹਸਪਤਾਲ,ਸਕੂਲ ਅਤੇ ਟੈਕਨੀਕਲ ਕਾਲਿਜ ਖੋਹਲਣ ਲਈ ਸਾਂਝੇ ਪ੍ਰੋਗਰਾਮ ਉਲੀਕੇ ਜਾਣਗੇ ਜੋ ਜਲਦ ਹੀ ਸੰਗਤਾਂ ਸਾਹਮਣੇ ਰੱਖੇ ਜਾਣਗੇ। ਇਸ ਮੌਕੇ ਸੰਤ ਸੰਤੋਖ ਦਾਸ ਭਾਰਟਾ, ਓਮ ਪ੍ਰਕਾਸ਼ ਰਾਣਾ, ਲਵਪ੍ਰੀਤ ਲੱਭਾ ਤੋਂ ਇਲਾਵਾ ਕੌਮ ਦੇ ਪ੍ਰਚਾਰਕ, ਬੁੱਧੀਜੀਵੀ ਸਖਸ਼ੀਅਤਾਂ ਵੀ ਹਾਜਰ ਸਨ।