ਹੁਸ਼ਿਆਰਪੁਰ 10 ਮਈ (ਤਰਸੇਮ ਦੀਵਾਨਾ ) – ਮਾਂ ਦੀ ਮਹਾਨਤਾ ਅਤੇ ਬੱਚਿਆਂ ਦੀ ਜ਼ਿੰਦਗੀ ਵਿੱਚ ਮਾਂ ਦੇ ਸਥਾਨ ਬਾਰੇ ਗੱਲ ਕਰਦਿਆਂ “ਹਿਜ਼ ਐਕਸੀਲੇੰਟ ਇਸਟੀਚਿਉਟ” ਅਤੇ “ਸੇਂਟ ਕਬੀਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚੱਗਰਾ” ਹੁਸ਼ਿਆਰਪੁਰ ਦੇ ਐਮ ਡੀ ਡਾਂ. ਆਸ਼ੀਸ਼ ਸਰੀਨ ਨੇ ਕਿਹਾ ਕਿ ਮਾਂ ਰੱਬ ਦਾ ਉਹ ਰੂਪ ਹੈ ਜਿਸ ਦਾ ਦੇਣ ਕੋਈ ਵੀ ਬੱਚਾ ਸਾਰੀ ਉਮਰ ਨਹੀਂ ਦੇ ਸਕਦਾ ਅਤੇ ਮਾਂ ਤੋਂ ਬਿਨਾਂ ਸਾਰੀ ਦੁਨੀਆ ਅਧੂਰੀ ਹੈ । ਉਹਨਾਂ ਕਿਹਾ ਕਿ ਇੱਕ ਮਾਂ ਆਪਣੇ ਬੱਚੇ ਦੇ ਪਾਲਣ-ਪੋਸ਼ਣ ਲਈ ਆਪਣੀਆਂ ਸਾਰੀਆਂ ਖੁਸ਼ੀਆਂ ਕੁਰਬਾਨ ਕਰ ਦਿੰਦੀ ਹੈ। ਬੱਚਾ ਭਾਵੇਂ ਕਿੰਨਾ ਵੀ ਵੱਡਾ ਕਿਉਂ ਨਾ ਹੋ ਜਾਵੇ, ਮਾਂ ਦੀਆਂ ਅਸੀਸਾਂ ਉਸ ਲਈ ਹਮੇਸ਼ਾ ਇੱਕ ਢਾਲ ਵਾਂਗ ਕੰਮ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਜਿਸ ਘਰ ਵਿੱਚ ਮਾਂ ਦਾ ਸਤਿਕਾਰ ਹੁੰਦਾ ਹੈ, ਉੱਥੇ ਹਮੇਸ਼ਾ ਬਰਕਤ ਰਹਿੰਦੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਅੱਜ ਦੇ ਦੌਰ ਵਿੱਚ ਸਾਨੂੰ ਆਪਣੇ ਮਾਪਿਆਂ, ਖਾਸ ਕਰਕੇ ਮਾਂ ਦੀ ਮਹੱਤਤਾ ਨੂੰ ਸਮਝਣਾ ਚਾਹੀਦਾ ਹੈ ਕਿਉਂਕਿ ਮਾਂ ਸਿਰਫ਼ ਇੱਕ ਰਿਸ਼ਤਾ ਨਹੀਂ, ਸਗੋਂ ਮਮਤਾ ਅਤੇ ਨਿਰਸਵਾਰਥ ਪਿਆਰ ਦਾ ਉਹ ਸਮੁੰਦਰ ਹੈ, ਜਿਸ ਦੀ ਗਹਿਰਾਈ ਨੂੰ ਮਾਪਿਆ ਨਹੀਂ ਜਾ ਸਕਦਾ। ਉਹਨਾਂ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਮਾਂ ਦੀ ਸੇਵਾ ਕਰਨ ਅਤੇ ਉਨ੍ਹਾਂ ਦੇ ਚਿਹਰੇ ‘ਤੇ ਹਮੇਸ਼ਾ ਮੁਸਕਰਾਹਟ ਬਣਾਈ ਰੱਖਣ, ਕਿਉਂਕਿ ਮਾਂ ਦੀ ਖੁਸ਼ੀ ਵਿੱਚ ਹੀ ਰੱਬ ਦੀ ਰਜ਼ਾ ਹੁੰਦੀ ਹੈ।
ਪ੍ਰਮਾਤਮਾ ਹਰ ਜਗ੍ਹਾ ਮੌਜੂਦ ਨਹੀਂ ਰਹਿ ਸਕਦਾ ਸੀ
ਉਹਨਾਂ ਕਿਹਾ ਕਿ ਪ੍ਰਮਾਤਮਾ ਹਰ ਜਗ੍ਹਾ ਮੌਜੂਦ ਨਹੀਂ ਰਹਿ ਸਕਦਾ ਸੀ, ਇਸ ਲਈ ਉਸਨੇ ਮਾਂ’ਨੂੰ ਬਣਾਇਆ ਕਿਉਂਕਿ ਮਾਂ ਦੀ ਮਮਤਾ ਦੁਨੀਆ ਦਾ ਉਹ ਇਕਲੌਤਾ ਰਿਸ਼ਤਾ ਹੈ ਜਿਸ ਵਿੱਚ ਕੋਈ ਸਵਾਰਥ ਨਹੀਂ ਹੁੰਦਾ। ਇੱਕ ਮਾਂ ਆਪਣੇ ਬੱਚੇ ਦੀ ਮੁਸਕਰਾਹਟ ਲਈ ਆਪਣੀ ਪੂਰੀ ਜ਼ਿੰਦਗੀ ਅਤੇ ਖੁਸ਼ੀਆਂ ਕੁਰਬਾਨ ਕਰ ਦਿੰਦੀ ਹੈ। ਚਾਹੇ ਬੱਚਾ ਛੋਟਾ ਹੋਵੇ ਜਾਂ ਵੱਡਾ, ਮਾਂ ਦੀਆਂ ਅੱਖਾਂ ਵਿੱਚ ਉਸ ਲਈ ਪਿਆਰ ਹਮੇਸ਼ਾ ਇੱਕੋ ਜਿਹਾ ਰਹਿੰਦਾ ਹੈ। ਉਹਨਾਂ ਕਿਹਾ ਕਿ ਜਦੋਂ ਵੀ ਬੱਚੇ ‘ਤੇ ਕੋਈ ਮੁਸੀਬਤ ਆਉਂਦੀ ਹੈ, ਤਾਂ ਸਭ ਤੋਂ ਪਹਿਲਾਂ ਮਾਂ ਹੀ ਉਸਦੇ ਅੱਗੇ ਢਾਲ ਬਣ ਕੇ ਖੜ੍ਹਦੀ ਹੈ।
ਉਹਨਾਂ ਕਿਹਾ ਕਿ ਮਾਂ ਰਾਤਾਂ ਨੂੰ ਜਾਗ ਜਾਗ ਕੇ ਆਪਣੇ ਬੱਚੇ ਦੀ ਹਰ ਮੁਸ਼ਕਿਲ ਨੂੰ ਆਪ ਜਰਦੀ ਹੈ ਤੇ ਬੱਚੇ ਦੀਆਂ ਗਲਤੀਆਂ ਨੂੰ ਮਾਫ਼ ਕਰਕੇ ਉਸਨੂੰ ਸਹੀ ਰਾਹ ਦਿਖਾਉਦੀ ਹੈ ਅਤੇ ਮਾਂ ਹਰ ਮੋੜ ‘ਤੇ ਬੱਚੇ ਲਈ ਇੱਕ ਸੱਚੀ ਮਾਰਗਦਰਸ਼ਕ ਸਾਬਤ ਹੁੰਦੀ ਹੈ। ਉਹਨਾਂ ਕਿਹਾ ਕਿ ਮਾਂ ਦੇ ਪੈਰਾਂ ਹੇਠ ਜੰਨਤ ਹੁੰਦੀ ਹੈ, ਅਤੇ ਉਸਦੀਆਂ ਅਸੀਸਾਂ ਵਿੱਚ ਉਹ ਤਾਕਤ ਹੈ ਜੋ ਬਦਲਦੀਆਂ ਤਕਦੀਰਾਂ ਨੂੰ ਵੀ ਮੋੜ ਸਕਦੀ ਹੈ ! ਉਹਨਾਂ ਕਿਹਾ ਕਿ ਮਾਂ ਇੱਕ ਅਜਿਹਾ ਸਮੁੰਦਰ ਹੈ ਜਿਸਦਾ ਕੋਈ ਕਿਨਾਰਾ ਨਹੀਂ। ਉਹਨਾਂ ਕਿਹਾ ਕਿ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੀ ਮਾਂ ਦੀਆਂ ਅੱਖਾਂ ਵਿੱਚ ਕਦੇ ਵੀ ਹੰਝੂ ਨਾ ਆਉਣ ਦੇਈਏ ਅਤੇ ਉਸਦੇ ਬੁਢਾਪੇ ਦੀ ਮਜ਼ਬੂਤ ਲਾਠੀ ਬਣੀਏ।

