ਹੁਸ਼ਿਆਰਪੁਰ, 31 ਅਕਤੂਬਰ ( ਤਰਸੇਮ ਦੀਵਾਨਾ ) – ਸਹਾਇਕ ਕਮਿਸ਼ਨਰ (ਆਬਕਾਰੀ) ਹਨੂਵੰਤ ਸਿੰਘ ਅਤੇ ਆਬਕਾਰੀ ਅਫ਼ਸਰ, ਹੁਸ਼ਿਆਰਪੁਰ-2 ਪ੍ਰੀਤ ਭੁਪਿੰਦਰ ਸਿੰਘ ਦੀ ਨਿਗਰਾਨੀ ਹੇਠ ਇਕ ਸਾਂਝੀ ਕਾਰਵਾਈ ਮੁਹਿੰਮ ਚਲਾਈ ਗਈ। ਇਹ ਕਾਰਵਾਈ ਆਬਕਾਰੀ ਟੀਮ ਹੁਸ਼ਿਆਰਪੁਰ-2 (ਪੰਜਾਬ) ਅਤੇ ਹਿਮਾਚਲ ਪ੍ਰਦੇਸ਼ ਆਬਕਾਰੀ ਵਿਭਾਗ ਵੱਲੋਂ ਸਾਂਝੇ ਤੌਰ ‘ਤੇ ਹਾਜੀਪੁਰ ਅਤੇ ਤਲਵਾੜਾ ਸਰਕਲਾਂ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੀ ਸਰਹੱਦੀ ਪੱਟੀ ਵਿਚ ਕੀਤੀ ਗਈ। ਜ਼ਮੀਨੀ ਪੱਧਰ ‘ਤੇ ਇਸ ਮੁਹਿੰਮ ਦੀ ਅਗਵਾਈ ਆਬਕਾਰੀ ਇੰਸਪੈਕਟਰ ਪਰਵਿੰਦਰ ਕੁਮਾਰ, ਆਬਕਾਰੀ ਇੰਸਪੈਕਟਰ ਅਜੈ ਕੁਮਾਰ ਅਤੇ ਐਸ.ਟੀ.ਈ.ਓ ਡਮਟਾਲ (ਹਿ. ਪ੍ਰ.) ਅਰੁਣ ਕਪੂਰ ਵਲੋਂ ਕੀਤੀ ਗਈ।ਕਾਰਵਾਈ ਦੌਰਾਨ ਵੱਡੇ ਪੱਧਰ ‘ਤੇ ਨਾਜਾਇਜ਼ ਸ਼ਰਾਬ ਨਿਰਮਾਣ ਨਾਲ ਸਬੰਧਤ ਸਮੱਗਰੀ ਬਰਾਮਦ ਕੀਤੀ ਗਈ, ਜਿਸ ਵਿਚ 8 ਪਲਾਸਟਿਕ ਡਰੰਮ (200 ਕਿਲੋਗ੍ਰਾਮ ਪ੍ਰਤੀ ਡਰੰਮ), 13 ਤਰਪਾਲਾਂ (ਲੱਗਭਗ 500 ਕਿਲੋਗ੍ਰਾਮ ਪ੍ਰਤੀ ਤਰਪਾਲ) ਸ਼ਾਮਿਲ ਹਨ।
ਇਸੇ ਤਰ੍ਹਾਂ ਕੁੱਲ ਲੱਗਭਗ 8,100 ਕਿਲੋਗ੍ਰਾਮ ਲਾਹਣ (ਗੈਰ-ਕਾਨੂੰਨੀ ਤੌਰ ‘ਤੇ ਖ਼ਮੀਰ ਵਾਲਾ ਅਲਕੋਹਲ ਪਦਾਰਥ) ਜ਼ਬਤ ਕੀਤਾ ਗਿਆ। ਇਸ ਤੋਂ ਇਲਾਵਾ ਪਲਾਸਟਿਕ ਦੇ ਡੱਬਿਆਂ ਵਿਚ 300 ਲੀਟਰ ਕੱਚੀ ਸ਼ਰਾਬ, ਸ਼ਰਾਬ ਦੇ ਉਤਪਾਦਨ ਵਿਚ ਵਰਤੇ ਜਾਣ ਵਾਲੇ ਉਪਕਰਣਾਂ ਅਤੇ ਬਰਤਨਾਂ ਦੇ ਨਾਲ ਵੀ ਜ਼ਬਤ ਕੀਤੀ ਗਈ। ਸਹਾਇਕ ਕਮਿਸ਼ਨਰ (ਆਬਕਾਰੀ) ਹਨੂਵੰਤ ਸਿੰਘ ਨੇ ਕਿਹਾ ਕਿ ਇਹ ਮੁਹਿੰਮ ਵਿਭਾਗ ਦੀ ਗੈਰ-ਕਾਨੂੰਨੀ ਸ਼ਰਾਬ ਨਿਰਮਾਣ ਅਤੇ ਤਸਕਰੀ ਵਿਰੁੱਧ ਸਖ਼ਤ ਕਾਰਵਾਈ ਦਾ ਹਿੱਸਾ ਹੈ। ਹਿਮਾਚਲ ਪ੍ਰਦੇਸ਼ ਪੁਲਿਸ ਵੱਲੋਂ ਜ਼ਬਤੀ ਨਾਲ ਸਬੰਧਤ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਗੈਰ-ਕਾਨੂੰਨੀ ਸ਼ਰਾਬ ਦੇ ਕਾਰੋਬਾਰ ਨੂੰ ਪੂਰੀ ਤਰ੍ਹਾਂ ਰੋਕਣ ਲਈ ਅਜਿਹੇ ਸਾਂਝੇ ਆਪ੍ਰੇਸ਼ਨ ਜਾਰੀ ਰਹਿਣਗੇ।

