Breaking
Sat. Oct 11th, 2025

ਜਲੰਧਰ ਦਿਹਾਤੀ ਪੁਲਿਸ ਵਲੋਂ ਬਸੰਤ ‘ਤੇ ਚਾਈਨਾ ਡੋਰ ਖਿਲਾਫ ਸਖ਼ਤ ਚੇਤਾਵਨੀ

ਚਾਈਨਾ ਡੋਰ

– ਉਲੰਘਣਾ ਕਰਨ ਵਾਲਿਆਂ ਵਿਰੁੱਧ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਹੋਵੇਗਾ : ਐਸਐਸਪੀ ਖੱਖ

– ਕਿਹਾ, ਜਲੰਧਰ ਦਿਹਾਤੀ ‘ਚ ਛਾਪੇਮਾਰੀ ਕਰਨ ਲਈ ਵਿਸ਼ੇਸ਼ ਟੀਮਾਂ ਗਠਿਤ

ਜਲੰਧਰ 1 ਫਰਵਰੀ (ਜਸਵਿੰਦਰ ਸਿੰਘ ਆਜ਼ਾਦ)- ਬਸੰਤ ਪੰਚਮੀ ਤੋਂ ਪਹਿਲਾਂ ਜਲੰਧਰ ਦਿਹਾਤੀ ਪੁਲਿਸ ਨੇ ਚਾਈਨਾ ਡੋਰ (ਸਿੰਥੈਟਿਕ ਮਾਂਝਾ) ਦੀ ਵਰਤੋਂ ਕਰਨ ਜਾਂ ਵੇਚਣ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਸਖ਼ਤ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ।

ਜਲੰਧਰ ਦਿਹਾਤੀ ਪੁਲਿਸ ਦੇ ਐਸ.ਐਸ.ਪੀ. ਹਰਕਮਲਪ੍ਰੀਤ ਸਿੰਘ ਖੱਖ ਨੇ ਅੱਜ ਐਲਾਨ ਕੀਤਾ ਹੈ ਕਿ ਇਸ ਘਾਤਕ ਡੋਰ ਦੀ ਵਿਕਰੀ ਅਤੇ ਵਰਤੋਂ ਨੂੰ ਰੋਕਣ ਲਈ ਵਿਸ਼ੇਸ਼ ਪੁਲਿਸ ਟੀਮਾਂ ਜ਼ਿਲ੍ਹੇ ਭਰ ਵਿੱਚ ਛਾਪੇਮਾਰੀ ਕਰਨਗੀਆਂ। ਉਨ੍ਹਾਂ ਕਿਹਾ ਕਿ ਪਾਬੰਦੀ ਲੱਗਣ ਦੇ ਬਾਵਜੂਦ, ਕੁਝ ਲੋਕ ਚੀਨੀ ਡੋਰ ਵੇਚਣਾ ਅਤੇ ਵਰਤੋਂ ਕਰਨਾ ਜਾਰੀ ਰੱਖਦੇ ਹਨ, ਜਿਸ ਨਾਲ ਮਾਸੂਮ ਜਾਨਾਂ ਨੂੰ ਜੋਖਮ ਵਿੱਚ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਅਪਰਾਧੀਆਂ ਖਿਲਾਫ ਕਤਲ ਦੀ ਕੋਸ਼ਿਸ਼ ਸਮੇਤ ਗੈਰ-ਜ਼ਮਾਨਤੀ ਧਾਰਾਵਾਂ ਅਧੀਨ ਮੁੱਕਦਮਾ ਦਰਜ ਕੀਤਾ ਜਾਵੇਗਾ।

ਚੀਨੀ ਡੋਰ ਦੀ ਵਰਤੋਂ ਨਾਲ ਪਹਿਲਾਂ ਵੀ ਕਈ ਘਾਤਕ ਹਾਦਸੇ ਵਾਪਰ ਚੁੱਕੇ ਹਨ

ਐਸਐਸਪੀ ਖੱਖ ਨੇ ਕਿਹਾ ਕਿ ਚੀਨੀ ਡੋਰ ਦੀ ਵਰਤੋਂ ਨਾਲ ਪਹਿਲਾਂ ਵੀ ਕਈ ਘਾਤਕ ਹਾਦਸੇ ਵਾਪਰ ਚੁੱਕੇ ਹਨ। ਇਹ ਸਿੰਥੈਟਿਕ ਡੋਰ ਇੱਕ ਹਥਿਆਰ ਵਾਂਗ ਹੀ ਖ਼ਤਰਨਾਕ ਹੈ। ਇਸ ਨੇ ਕਈ ਜਾਨਾਂ ਲਈਆਂ ਹਨ ਅਤੇ ਕਈਆ ਦੇ ਗੰਭੀਰ ਸੱਟਾਂ ਲੱਗੀਆਂ ਹਨ। ਉਨ੍ਹਾਂ ਕਿਹਾ ਕਿ ਜਲੰਧਰ ਦਿਹਾਤੀ ਪੁਲਿਸ ਵਲੋਂ ਤਿਓਹਾਰਾਂ ਦੇ ਜਸ਼ਨ ਮਨਾਉਣ ਲਈ ਅਜਿਹੇ ਖ਼ਤਰਿਆਂ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।

ਉਨ੍ਹਾਂ ਦੱਸਿਆ ਕਿ ਐਸਪੀ ਅਤੇ ਡੀਐਸਪੀ ਰੈਂਕ ਦੇ ਅਧਿਕਾਰੀਆਂ ਦੀ ਅਗਵਾਈ ਹੇਠ ਵਿਸ਼ੇਸ਼ ਟੀਮਾਂ ਜਲੰਧਰ ਦਿਹਾਤੀ ਦੇ ਸਾਰੇ ਸਬ ਡਿਵੀਜ਼ਨਾਂ ਵਿੱਚ ਬਾਜ਼ਾਰਾਂ ਅਤੇ ਪਤੰਗਬਾਜ਼ੀ ਵਾਲੇ ਖੇਤਰਾਂ ਵਿੱਚ ਗਸ਼ਤ ਕਰਨਗੀਆਂ।

ਉਨ੍ਹਾਂ ਦੱਸਿਆ ਕਿ ਪੁਲਿਸ ਥਾਣਿਆਂ ਨੂੰ ਆਪਣੇ ਖੇਤਰਾਂ ਵਿੱਚ ਸਖ਼ਤ ਨਿਗਰਾਨੀ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਚੀਨੀ ਡੋਰ ਵੇਚਦੇ ਪਾਏ ਜਾਣ ਵਾਲੇ ਦੁਕਾਨਦਾਰਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਸਟਾਕ ਨੂੰ ਜ਼ਬਤ ਕੀਤਾ ਜਾਵੇਗਾ।

ਐਸਐਸਪੀ ਖੱਖ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਉਨ੍ਹਾਂ ਦੇ ਬੱਚੇ ਪਤੰਗ ਉਡਾਉਣ ਲਈ ਸਿਰਫ਼ ਰਵਾਇਤੀ ਸੂਤੀ ਡੋਰ ਦੀ ਵਰਤੋਂ ਕਰਨ। ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਹਰ ਕੋਈ ਬਸੰਤ ਪੰਚਮੀ ਦਾ ਆਨੰਦ ਮਾਣੇ, ਪਰ ਮਨੁੱਖੀ ਜਾਨਾਂ ਦੀ ਕੀਮਤ ‘ਤੇ ਨਹੀਂ। ਜੋ ਲੋਕ ਇਨ੍ਹਾਂ ਨਿਰਦੇਸ਼ਾਂ ਦੀ ਉਲੰਘਣਾ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ।

ਐਸ.ਐਸ.ਪੀ. ਖੱਖ ਨੇ ਕਿਹਾ ਕਿ ਪੁਲਿਸ ਨੇ ਉਲੰਘਣਾਵਾਂ ਦੀ ਨਿਗਰਾਨੀ ਲਈ ਇੱਕ ਵਿਸ਼ੇਸ਼ ਕੰਟਰੋਲ ਰੂਮ ਸਥਾਪਤ ਕੀਤਾ ਹੈ। ਉਨ੍ਹਾਂ ਕਿਹਾ ਕਿ ਨਾਗਰਿਕ ਚੀਨੀ ਡੋਰ ਬਾਰੇ ਕਿਸੇ ਵੀ ਜਾਣਕਾਰੀ ਦੀ ਸੂਚਨਾ 24 ਘੰਟੇ ਲਈ ਸਥਾਪਿਤ ਕੰਟਰੋਲ ਰੂਮ ਦੇ ਹੈਲਪਲਾਈਨ ਨੰਬਰ 112 ਜਾਂ ਨੇੜਲੇ ਪੁਲਿਸ ਸਟੇਸ਼ਨ ਰਾਹੀਂ ਦੇ ਸਕਦੇ ਹਨ।

By admin

Related Post