ਧੀਆਂ ਨੂੰ ਬੋਝ ਨਹੀਂ, ਸਗੋਂ ਪਰਿਵਾਰ ਅਤੇ ਸਮਾਜ ਦਾ ਮਾਣ ਸਮਝਿਆ ਜਾਵੇ : ਡਾ. ਸੋਨੀਆ

ਧੀਆਂ ਨੂੰ

ਧੀਆਂ ਨੂੰ ਬਰਾਬਰ ਦੇ ਅਧਿਕਾਰ, ਸਿੱਖਿਆ ਅਤੇ ਸਨਮਾਨ ਦੇਣਾ ਹਰ ਪਰਿਵਾਰ ਦੀ ਜ਼ਿੰਮੇਵਾਰੀ, ਲਿੰਗ ਭੇਦਭਾਵ ਸਮਾਜ ਦੀ ਤਰੱਕੀ ਵਿੱਚ ਵੱਡੀ ਰੁਕਾਵਟ

ਹੁਸ਼ਿਆਰਪੁਰ, 15 ਨਵੰਬਰ (ਤਰਸੇਮ ਦੀਵਾਨਾ) – ਉੱਘੀ ਸਮਾਜ ਸੇਵਿਕਾ ਅਤੇ ਕਾਂਗਰਸ ਯੂਰਪ ਦੀ ਪ੍ਰਧਾਨ ਡਾ. ਸੋਨੀਆ ਨੇ ਕਿਹਾ ਕਿ ਕਿਸੇ ਵੀ ਸਮਾਜ ਦੀ ਅਸਲ ਤਰੱਕੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਸ ਸਮਾਜ ਵਿੱਚ ਧੀਆਂ ਨੂੰ ਕਿੰਨਾ ਮਾਣ-ਸਨਮਾਨ ਅਤੇ ਬਰਾਬਰ ਦੇ ਅਧਿਕਾਰ ਦਿੱਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਆਧੁਨਿਕ ਯੁੱਗ ਵਿੱਚ ਵੀ ਧੀਆਂ ਪ੍ਰਤੀ ਭੇਦਭਾਵ ਵਾਲੀ ਸੋਚ ਦਾ ਮੌਜੂਦ ਰਹਿਣਾ ਬੇਹੱਦ ਚਿੰਤਾਜਨਕ ਹੈ। ਸਮਾਜ ਨੂੰ ਆਪਣੀ ਇਸ ਸੋਚ ਵਿੱਚ ਬਦਲਾਅ ਲਿਆਉਣ ਦੀ ਲੋੜ ਹੈ ਤਾਂ ਜੋ ਧੀਆਂ ਵੀ ਬਿਨਾਂ ਕਿਸੇ ਵਿਤਕਰੇ ਦੇ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕਣ।

ਡਾ. ਸੋਨੀਆ ਨੇ ਕਿਹਾ ਕਿ ਧੀਆਂ ਕਿਸੇ ਪਰਿਵਾਰ ਦੀ ਜ਼ਿੰਮੇਵਾਰੀ ਦਾ ਬੋਝ ਨਹੀਂ, ਸਗੋਂ ਉਸ ਦੀ ਖੁਸ਼ਹਾਲੀ, ਇੱਜ਼ਤ ਅਤੇ ਮਾਣ ਦਾ ਪ੍ਰਤੀਕ ਹੁੰਦੀਆਂ ਹਨ। ਅੱਜ ਧੀਆਂ ਨੇ ਸਿੱਖਿਆ, ਖੇਡਾਂ, ਵਿਗਿਆਨ, ਰਾਜਨੀਤੀ, ਪ੍ਰਸ਼ਾਸਨ, ਫੌਜ ਅਤੇ ਵਪਾਰ ਸਮੇਤ ਹਰ ਖੇਤਰ ਵਿੱਚ ਆਪਣੀ ਯੋਗਤਾ ਦਾ ਲੋਹਾ ਮਨਵਾਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਧੀਆਂ ਹਰ ਖੇਤਰ ਵਿੱਚ ਪੁੱਤਰਾਂ ਦੇ ਬਰਾਬਰ ਸਫਲਤਾ ਹਾਸਲ ਕਰ ਰਹੀਆਂ ਹਨ ਤਾਂ ਉਨ੍ਹਾਂ ਨਾਲ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਕਰਨਾ ਸਮਾਜ ਦੀ ਪੁਰਾਣੀ ਅਤੇ ਗਲਤ ਮਾਨਸਿਕਤਾ ਨੂੰ ਦਰਸਾਉਂਦਾ ਹੈ।

ਉਨ੍ਹਾਂ ਕਿਹਾ ਕਿ ਧੀ ਦੇ ਜਨਮ ਨੂੰ ਵੀ ਪੁੱਤਰ ਦੇ ਜਨਮ ਵਾਂਗ ਖੁਸ਼ੀ ਅਤੇ ਉਤਸ਼ਾਹ ਨਾਲ ਮਨਾਇਆ ਜਾਣਾ ਚਾਹੀਦਾ ਹੈ। ਮਾਪਿਆਂ ਦਾ ਫਰਜ਼ ਹੈ ਕਿ ਉਹ ਆਪਣੀਆਂ ਧੀਆਂ ਨੂੰ ਉੱਚ ਪੱਧਰੀ ਸਿੱਖਿਆ, ਸੁਰੱਖਿਅਤ ਵਾਤਾਵਰਣ ਅਤੇ ਆਤਮ-ਨਿਰਭਰ ਬਣਨ ਦੇ ਪੂਰੇ ਮੌਕੇ ਪ੍ਰਦਾਨ ਕਰਨ। ਇਸ ਦੇ ਨਾਲ ਹੀ ਪਰਿਵਾਰ ਵਿੱਚ ਧੀਆਂ ਨੂੰ ਫੈਸਲੇ ਲੈਣ ਅਤੇ ਆਪਣੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਵੀ ਮਿਲਣੀ ਚਾਹੀਦੀ ਹੈ।

ਡਾ. ਸੋਨੀਆ ਨੇ ਸਮਾਜ ਦੇ ਸਾਰੇ ਵਰਗਾਂ ਨੂੰ ਅਪੀਲ ਕੀਤੀ ਕਿ ਧੀਆਂ ਦੀ ਸੁਰੱਖਿਆ ਅਤੇ ਸਨਮਾਨ ਨੂੰ ਯਕੀਨੀ ਬਣਾਉਣ ਲਈ ਇਕਜੁੱਟ ਹੋ ਕੇ ਯਤਨ ਕੀਤੇ ਜਾਣ। ਉਨ੍ਹਾਂ ਕਿਹਾ ਕਿ ਭਰੂਣ ਹੱਤਿਆ ਵਰਗੀਆਂ ਘਿਨਾਉਣੀਆਂ ਸਮਾਜਿਕ ਬੁਰਾਈਆਂ ਨੂੰ ਖ਼ਤਮ ਕਰਨ ਲਈ ਸਿਰਫ਼ ਸਰਕਾਰੀ ਯਤਨ ਹੀ ਕਾਫ਼ੀ ਨਹੀਂ, ਸਗੋਂ ਹਰ ਨਾਗਰਿਕ ਨੂੰ ਆਪਣੀ ਸਮਾਜਿਕ ਜ਼ਿੰਮੇਵਾਰੀ ਸਮਝਦਿਆਂ ਇਸ ਵਿਰੁੱਧ ਆਵਾਜ਼ ਬੁਲੰਦ ਕਰਨੀ ਪਵੇਗੀ।

ਅੰਤ ਵਿੱਚ ਉਨ੍ਹਾਂ ਕਿਹਾ ਕਿ ਧੀਆਂ ਨੂੰ ਜਨਮ ਲੈਣ ਤੋਂ ਲੈ ਕੇ ਆਪਣੇ ਪੈਰਾਂ ‘ਤੇ ਖੜ੍ਹੇ ਹੋਣ ਤੱਕ ਹਰ ਪੜਾਅ ‘ਤੇ ਪਰਿਵਾਰ ਅਤੇ ਸਮਾਜ ਦਾ ਸਹਿਯੋਗ ਮਿਲਣਾ ਚਾਹੀਦਾ ਹੈ। ਧੀਆਂ ਨੂੰ ਬਚਾਉਣਾ, ਪੜ੍ਹਾਉਣਾ ਅਤੇ ਅੱਗੇ ਵਧਾਉਣਾ ਹੀ ਇੱਕ ਸਿਹਤਮੰਦ, ਬਰਾਬਰੀ ਵਾਲੇ ਅਤੇ ਖੁਸ਼ਹਾਲ ਸਮਾਜ ਦੀ ਨੀਂਹ ਹੈ।

By admin

Related Post