ਕਪਤਾਨ ਹਰਿਦਿੱਤ ਸਿੰਘ ਸੈਣੀ ਨੇ ਲਗਾਤਾਰ ਦੂਜਾ ਅਰਧ ਸੈਂਕੜਾ ਜੜਿਆ
ਹੁਸ਼ਿਆਰਪੁਰ, 15 ਅਕਤੂਬਰ (ਤਰਸੇਮ ਦੀਵਾਨਾ) — ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ.ਸੀ.ਏ.) ਵੱਲੋਂ ਕਰਵਾਏ ਜਾ ਰਹੇ ਅੰਤਰ-ਜ਼ਿਲ੍ਹਾ ਅੰਡਰ-14 ਲੜਕਿਆਂ ਦੇ ਕ੍ਰਿਕਟ ਟੂਰਨਾਮੈਂਟ ਵਿੱਚ ਹੁਸ਼ਿਆਰਪੁਰ ਦੀ ਟੀਮ ਨੇ ਨਵਾਂਸ਼ਹਿਰ ਦੀ ਟੀਮ ਨੂੰ 104 ਦੌੜਾਂ ਨਾਲ ਕਰਾਰੀ ਹਾਰ ਦੇ ਕੇ ਸ਼ਾਨਦਾਰ ਜਿੱਤ ਦਰਜ ਕੀਤੀ ਅਤੇ 4 ਅੰਕ ਹਾਸਲ ਕੀਤੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਚ.ਡੀ.ਸੀ.ਏ. ਦੇ ਸਕੱਤਰ ਡਾ. ਰਮਨ ਘਈ ਨੇ ਦੱਸਿਆ ਕਿ 50-50 ਓਵਰਾਂ ਦੇ ਇਸ ਮੈਚ ਵਿੱਚ ਹੁਸ਼ਿਆਰਪੁਰ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 49.2 ਓਵਰਾਂ ਵਿੱਚ 135 ਦੌੜਾਂ ਬਣਾਈਆਂ। ਟੀਮ ਵੱਲੋਂ ਕਪਤਾਨ ਹਰਿਦਿੱਤ ਸਿੰਘ ਸੈਣੀ ਨੇ 53 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜਦਕਿ ਨਵਾਜ਼ਿਸ਼ ਨੇ 31, ਸੁਮਿਤ ਭੱਟੀ ਅਤੇ ਸਹਿਜਪ੍ਰੀਤ ਨੇ 11-11 ਅਤੇ ਅੰਸ਼ ਨੇ 10 ਦੌੜਾਂ ਦਾ ਯੋਗਦਾਨ ਪਾਇਆ। ਨਵਾਂਸ਼ਹਿਰ ਵੱਲੋਂ ਗੇਂਦਬਾਜ਼ੀ ਕਰਦਿਆਂ ਸਾਹਿਲ ਮਾਹੀ ਨੇ 4 ਵਿਕਟਾਂ ਹਾਸਲ ਕੀਤੀਆਂ, ਜਦਕਿ ਆਰਵ ਅਤੇ ਵਿਹਾਨ ਚੌਧਰੀ ਨੇ 3-3 ਖਿਡਾਰੀਆਂ ਨੂੰ ਆਊਟ ਕੀਤਾ।
ਜਿੱਤ ਲਈ 136 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਨਵਾਂਸ਼ਹਿਰ ਦੀ ਟੀਮ ਹੁਸ਼ਿਆਰਪੁਰ ਦੇ ਗੇਂਦਬਾਜ਼ਾਂ ਅੱਗੇ ਟਿਕ ਨਾ ਸਕੀ ਅਤੇ 25.1 ਓਵਰਾਂ ਵਿੱਚ ਮਹਿਜ਼ 31 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਹੁਸ਼ਿਆਰਪੁਰ ਵੱਲੋਂ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਅਭਿਨੰਦਨ ਸ਼ਰਮਾ ਨੇ 3 ਵਿਕਟਾਂ ਲਈਆਂ, ਜਦਕਿ ਹਰਿਦਿੱਤ ਸਿੰਘ ਸੈਣੀ ਨੇ 2 ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਇਲਾਵਾ ਆਰਵ, ਸੁਮਿਰ ਅਤੇ ਪ੍ਰਸ਼ਾਂਤ ਨੇ 1-1 ਵਿਕਟ ਹਾਸਲ ਕਰਕੇ ਟੀਮ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ।
ਡਾ. ਰਮਨ ਘਈ ਨੇ ਦੱਸਿਆ ਕਿ ਹੁਸ਼ਿਆਰਪੁਰ ਦੀ ਟੀਮ ਨੇ ਟੂਰਨਾਮੈਂਟ ਵਿੱਚ ਲਗਾਤਾਰ ਦੂਜੀ ਜਿੱਤ ਦਰਜ ਕਰਕੇ ਆਪਣੀ ਸ਼ਾਨਦਾਰ ਫਾਰਮ ਦਾ ਸਬੂਤ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਦੀ ਟੀਮ ਦਾ ਅਗਲਾ ਮੁਕਾਬਲਾ 17 ਅਕਤੂਬਰ ਨੂੰ ਮੋਹਾਲੀ ਵਿਖੇ ਮੋਹਾਲੀ ਦੀ ਟੀਮ ਨਾਲ ਹੋਵੇਗਾ।
ਹੁਸ਼ਿਆਰਪੁਰ ਦੀ ਇਸ ਸ਼ਾਨਦਾਰ ਜਿੱਤ ’ਤੇ ਐਚ.ਡੀ.ਸੀ.ਏ. ਦੇ ਪ੍ਰਧਾਨ ਡਾ. ਦਲਜੀਤ ਖੇਲਾਂ, ਸੰਯੁਕਤ ਸਕੱਤਰ ਵਿਵੇਕ ਸਾਹਨੀ, ਠਾਕੁਰ ਯੋਗਰਾਜ, ਡਾ. ਪੰਕਜ ਸ਼ਿਵ, ਜਤਿੰਦਰ ਸੂਦ, ਸੁਭਾਸ਼ ਸ਼ਰਮਾ, ਸਾਹਿਬਦਿਆਲ, ਅਮਿਤ ਠਾਕੁਰ, ਮਨੋਜ ਓਹਰੀ ਅਤੇ ਸਮੂਹ ਅਹੁਦੇਦਾਰਾਂ ਨੇ ਟੀਮ ਨੂੰ ਵਧਾਈ ਦਿੱਤੀ ਅਤੇ ਅਗਲੇ ਮੈਚ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਮੌਕੇ ਜ਼ਿਲ੍ਹਾ ਕੋਚ ਦਲਜੀਤ ਸਿੰਘ, ਸਹਾਇਕ ਕੋਚ ਅਸ਼ੋਕ ਸ਼ਰਮਾ, ਪ੍ਰਵੀਣ ਸ਼ਿੰਟੂ, ਪੰਕਜ ਪਿੰਕਾ, ਟੀਮ ਕੋਚ ਕਰਨ ਸੈਣੀ, ਜ਼ਿਲ੍ਹਾ ਟ੍ਰੇਨਰ ਅਤੇ ਸਾਬਕਾ ਕੌਮੀ ਖਿਡਾਰੀ ਕੁਲਦੀਪ ਧਾਮੀ, ਜ਼ਿਲ੍ਹਾ ਮਹਿਲਾ ਕੋਚ ਦਵਿੰਦਰ ਕੌਰ ਅਤੇ ਸਹਾਇਕ ਕੋਚ ਨਿਕਿਤਾ ਕੁਮਾਰੀ ਨੇ ਵੀ ਟੀਮ ਦੇ ਪ੍ਰਦਰਸ਼ਨ ਦੀ ਸ਼ਲਾਘਾ ਕਰਦਿਆਂ ਖਿਡਾਰੀਆਂ ਨੂੰ ਅਗਲੇ ਮੁਕਾਬਲੇ ਲਈ ਸ਼ੁਭਕਾਮਨਾਵਾਂ ਦਿੱਤੀਆਂ।

