ਚਿੱਟੇ ਦਾ ਨਸ਼ਾ ਨੌਜਵਾਨੀ ਲਈ ਘਾਤਕ ਤੇ ਜਾਨਲੇਵਾ, ਇਸ ਦੀ ਲਪੇਟ ’ਚ ਆ ਕੇ ਉੱਜੜ ਰਹੇ ਨੇ ਪਰਿਵਾਰ : ਬਲਜਿੰਦਰ ਸਿੰਘ ਖਾਲਸਾ

ਚਿੱਟੇ ਦਾ ਨਸ਼ਾ

ਨਸ਼ੇ ਦੀ ਗ੍ਰਿਫ਼ਤ ਤੋਂ ਬਚਣ ਲਈ ਨੌਜਵਾਨ ਗੁਰਬਾਣੀ, ਸਿਮਰਨ, ਸੰਗਤ ਅਤੇ ਸੇਵਾ ਨਾਲ ਜੁੜਨ : ਦਲ ਖਾਲਸਾ ਆਗੂ

ਹੁਸ਼ਿਆਰਪੁਰ, 4 ਅਕਤੂਬਰ ( ਤਰਸੇਮ ਦੀਵਾਨਾ) — ਚਿੱਟੇ ਦਾ ਨਸ਼ਾ ਅੱਜ ਨੌਜਵਾਨ ਪੀੜ੍ਹੀ ਲਈ ਬੇਹੱਦ ਖ਼ਤਰਨਾਕ, ਘਾਤਕ ਅਤੇ ਜਾਨਲੇਵਾ ਸਾਬਤ ਹੋ ਰਿਹਾ ਹੈ। ਇਸ ਦੀ ਲਪੇਟ ਵਿੱਚ ਆਉਣ ਵਾਲਾ ਵਿਅਕਤੀ ਸਿਰਫ਼ ਆਪਣੀ ਸਿਹਤ ਹੀ ਨਹੀਂ ਗੁਆਉਂਦਾ, ਸਗੋਂ ਉਸ ਦਾ ਅਸਰ ਪੂਰੇ ਪਰਿਵਾਰ ਅਤੇ ਸਮਾਜ ’ਤੇ ਪੈਂਦਾ ਹੈ। ਇਹਨਾ ਗੱਲਾਂ ਦਾ ਪ੍ਰਗਟਾਵਾ ਆਯੁਰ ਜੀਵਨ ਆਯੁਰਵੈਦਿਕ ਰਿਸਰਚ ਸੈਂਟਰ ਦੇ ਐਮ.ਡੀ. ਅਤੇ ਦਲ ਖਾਲਸਾ ਦੇ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਖਾਲਸਾ ਨੇ ਕਰਦਿਆਂ ਕਿਹਾ ਕਿ ਚਿੱਟੇ ਵਰਗੇ ਨਸ਼ਿਆਂ ਦੀ ਵਧ ਰਹੀ ਵਰਤੋਂ ਨੌਜਵਾਨੀ ਅਤੇ ਪਰਿਵਾਰਾਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ।

ਉਨ੍ਹਾਂ ਕਿਹਾ ਕਿ ਚਿੱਟੇ ਦੀ ਸ਼ੁਰੂਆਤ ਕਈ ਵਾਰ ਸ਼ੌਕ, ਸਾਥੀਆਂ ਦੇ ਪ੍ਰਭਾਵ ਜਾਂ ਨਸ਼ੇ ਨੂੰ ਅਜ਼ਮਾਉਣ ਦੀ ਸੋਚ ਤੋਂ ਹੁੰਦੀ ਹੈ, ਪਰ ਹੌਲੀ-ਹੌਲੀ ਇਹ ਮਨੁੱਖ ਦੀ ਜ਼ਿੰਦਗੀ ਨੂੰ ਆਪਣੀ ਗ੍ਰਿਫ਼ਤ ਵਿੱਚ ਲੈ ਲੈਂਦਾ ਹੈ। ਨਸ਼ੇ ਦੀ ਲਤ ਕਾਰਨ ਸਰੀਰਕ ਅਤੇ ਮਾਨਸਿਕ ਸਿਹਤ ’ਤੇ ਮਾੜੇ ਪ੍ਰਭਾਵ ਪੈਂਦੇ ਹਨ, ਮਿਹਨਤ ਦੀ ਕਮਾਈ ਨਸ਼ੇ ਦੀ ਭੇਟ ਚੜ੍ਹ ਜਾਂਦੀ ਹੈ ਅਤੇ ਪਰਿਵਾਰਕ ਰਿਸ਼ਤਿਆਂ ਵਿੱਚ ਤਣਾਅ ਤੇ ਬੇਚੈਨੀ ਵਧਣ ਲੱਗਦੀ ਹੈ।

ਬਲਜਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਚਿੱਟਾ ਕੋਈ ਸਹਾਰਾ ਨਹੀਂ, ਸਗੋਂ ਮਨੁੱਖ ਨੂੰ ਹੌਲੀ-ਹੌਲੀ ਤਬਾਹੀ ਵੱਲ ਲਿਜਾਣ ਵਾਲਾ ਨਸ਼ਾ ਹੈ। ਇਸ ਦੀ ਲਤ ਨੌਜਵਾਨ ਦੀ ਪੜ੍ਹਾਈ, ਰੋਜ਼ਗਾਰ, ਸਿਹਤ ਅਤੇ ਭਵਿੱਖ ਨੂੰ ਪ੍ਰਭਾਵਿਤ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਇਹ ਸੋਚਣ ਦੀ ਲੋੜ ਹੈ ਕਿ ਜਿਸ ਚੀਜ਼ ਨੂੰ ਉਹ ਥੋੜ੍ਹੇ ਸਮੇਂ ਲਈ ਆਪਣਾ ਸਹਾਰਾ ਸਮਝ ਰਹੇ ਹਨ, ਕਿਤੇ ਉਹੀ ਉਨ੍ਹਾਂ ਦੀ ਜ਼ਿੰਦਗੀ ਅਤੇ ਭਵਿੱਖ ਨੂੰ ਤਾਂ ਨਹੀਂ ਖੋਹ ਰਹੀ।

ਉਨ੍ਹਾਂ ਕਿਹਾ ਕਿ ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਪਰਿਵਾਰਾਂ, ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੂੰ ਮਿਲ ਕੇ ਯਤਨ ਕਰਨੇ ਚਾਹੀਦੇ ਹਨ। ਨੌਜਵਾਨਾਂ ਨੂੰ ਖੇਡਾਂ, ਸਿੱਖਿਆ, ਰੋਜ਼ਗਾਰ ਅਤੇ ਉਸਾਰੂ ਗਤੀਵਿਧੀਆਂ ਨਾਲ ਜੋੜਨ ਦੇ ਨਾਲ-ਨਾਲ ਗੁਰਬਾਣੀ, ਸੰਗਤ, ਸਿਮਰਨ ਅਤੇ ਸੇਵਾ ਨਾਲ ਜੋੜਨਾ ਵੀ ਸਮੇਂ ਦੀ ਲੋੜ ਹੈ।

ਉਨ੍ਹਾਂ ਗੁਰਬਾਣੀ ਦੀ ਤੁਕ “ਮਨ ਜੀਤੈ ਜਗੁ ਜੀਤੁ” ਦਾ ਹਵਾਲਾ ਦਿੰਦਿਆਂ ਕਿਹਾ ਕਿ ਮਨ ’ਤੇ ਕਾਬੂ ਪਾਉਣ ਨਾਲ ਮਨੁੱਖ ਆਪਣੀਆਂ ਮਾੜੀਆਂ ਆਦਤਾਂ ਅਤੇ ਕਮਜ਼ੋਰੀਆਂ ’ਤੇ ਕਾਬੂ ਪਾਉਣ ਵੱਲ ਵੀ ਵਧ ਸਕਦਾ ਹੈ। ਉਨ੍ਹਾਂ ਕਿਹਾ ਕਿ ਗੁਰਬਾਣੀ ਮਨੁੱਖ ਨੂੰ ਜੀਵਨ ਦੀ ਸਹੀ ਦਿਸ਼ਾ ਚੁਣਨ ਅਤੇ ਆਤਮ-ਪੜਚੋਲ ਕਰਨ ਦੀ ਪ੍ਰੇਰਣਾ ਦਿੰਦੀ ਹੈ।

ਬਲਜਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਚਿੱਟੇ ਦੇ ਨਸ਼ੇ ਨੂੰ ਸਿਰਫ਼ ਇੱਕ ਵਿਅਕਤੀ ਦੀ ਸਮੱਸਿਆ ਸਮਝਣ ਦੀ ਬਜਾਏ ਇਸ ਦੇ ਸਮਾਜਿਕ ਪ੍ਰਭਾਵਾਂ ਨੂੰ ਵੀ ਗੰਭੀਰਤਾ ਨਾਲ ਸਮਝਣ ਦੀ ਲੋੜ ਹੈ। ਜੇਕਰ ਨੌਜਵਾਨ ਆਪਣੇ ਮਨ, ਤਨ ਅਤੇ ਧਨ ਨੂੰ ਸਹੀ ਦਿਸ਼ਾ ਵਿੱਚ ਵਰਤਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਤਾਂ ਉਹ ਆਪਣੇ ਜੀਵਨ ਦੇ ਨਾਲ-ਨਾਲ ਆਪਣੇ ਪਰਿਵਾਰ ਨੂੰ ਵੀ ਇਸ ਮਾਰੂ ਲਤ ਦੇ ਪ੍ਰਭਾਵ ਤੋਂ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ।

By admin

Related Post