Breaking
Tue. Sep 29th, 2026

ਪੰਜਾਬ ਗਊ ਸੇਵਾ ਕਮਿਸ਼ਨ ਦੇ ਉਪ ਚੇਅਰਮੈਨ ਨੇ ਬੇਸਹਾਰਾ ਗਊਧਨ ਦੀ ਸਾਂਭ-ਸੰਭਾਲ ਤੇ ਸੁਰੱਖਿਆ ਯਕੀਨੀ ਬਣਾਉਣ ’ਤੇ ਦਿੱਤਾ ਜ਼ੋਰ

ਪੰਜਾਬ ਗਊ ਸੇਵਾ ਕਮਿਸ਼ਨ

ਬੇਸਹਾਰਾ ਗਊਧਨ ਨੂੰ ਗਊਸ਼ਲਾਵਾਂ ’ਚ ਪਹੁੰਚਾਉਣ ਲਈ ਉਪਰਾਲੇ ਤੇਜ਼ ਕਰਨ ਲਈ ਕਿਹਾ

ਜਲੰਧਰ 28 ਸਤੰਬਰ (ਜਸਵਿੰਦਰ ਸਿੰਘ ਆਜ਼ਾਦ)- ਪੰਜਾਬ ਗਊ ਸੇਵਾ ਕਮਿਸ਼ਨ ਦੇ ਉਪ ਚੇਅਰਮੈਨ ਕੀਮਤੀ ਭਗਤ ਨੇ ਅੱਜ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਗਊਸ਼ਾਲਾਵਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਬੇਸਹਾਰਾ ਗਊਧਨ ਦੀ ਸਾਂਭ-ਸੰਭਾਲ ਅਤੇ ਸੁਰੱਖਿਆ ਯਕੀਨੀ ਬਣਾਉਣ ’ਤੇ ਜ਼ੋਰ ਦਿੱਤਾ।

ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਅਮਰਜੀਤ ਬੈਂਸ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਪ ਚੇਅਰਮੈਨ ਕੀਮਤੀ ਭਗਤ ਨੇ ਕਿਹਾ ਕਿ ਜ਼ਿਲ੍ਹੇ ਵਿਚ ਬੇਸਹਾਰਾ ਗਊਧਨ ਦੀ ਸਾਂਭ-ਸੰਭਾਲ ਨਾਲ ਕੀਮਤੀ ਜਾਨਾਂ ਬਚਾਉਣ ਦੇ ਨਾਲ-ਨਾਲ ਟ੍ਰੈਫਿਕ ਸਮੱਸਿਆ ਤੋਂ ਨਿਜਾਤ ਅਤੇ ਕਿਸਾਨਾਂ ਦੀਆਂ ਫ਼ਸਲਾਂ ਦੇ ਨੁਕਸਾਨ ਨੂੰ ਰੋਕਿਆ ਜਾ ਸਕਦਾ ਹੈ। ਉਨ੍ਹਾਂ ਹਦਾਇਤ ਕਰਦਿਆਂ ਕਿਹਾ ਕਿ ਸੜਕਾਂ ’ਤੇ ਘੁੰਮਦੇ ਬੇਸਹਾਰਾ ਗਊਧਨ ਨੂੰ ਗਊਸ਼ਲਾਵਾਂ ਵਿੱਚ ਪਹੁੰਚਾਉਣ ਲਈ ਉਪਰਾਲੇ ਤੇਜ਼ ਕੀਤੇ ਜਾਣ।

ਉਨ੍ਹਾਂ ਨਗਰ ਨਿਗਮ/ਕੌਂਸਲਾਂ ਨੂੰ ਕਿਹਾ ਕਿ ਅਜਿਹੇ ਬੇਸਹਾਰਾ ਪਸ਼ੂਧਨ ਨੂੰ ਸਰਕਾਰੀ ਜਾਂ ਪ੍ਰਾਈਵੇਟ ਗਊਸ਼ਲਾਵਾਂ ਵਿੱਚ ਭੇਜਣਾ ਯਕੀਨੀ ਬਣਾਇਆ ਜਾਵੇ। ਨਾਲ ਹੀ ਅਧਿਕਾਰੀਆਂ ਇਹ ਵੀ ਹਦਾਇਤ ਕੀਤੀ ਕਿ ਸ਼ਹਿਰ ਵਿਚ ਗਊਆਂ ਨੂੰ ਬੇਸਹਾਰਾ ਛੱਡਣ ਵਾਲਿਆਂ ਖਿਲਾਫ਼ ਮਿਊਂਸਪਲ ਐਕਟ ਤਹਿਤ ਜੁਰਮਾਨੇ ਅਤੇ ਕਾਨੂੰਨੀ ਕਾਰਵਾਈ ਦੀ ਪ੍ਰਕਿਰਿਆ ਅਪਣਾਈ ਜਾਵੇ ਤਾਂ ਜੋ ਕੋਈ ਵੀ ਬੇਜ਼ੁਬਾਨਾਂ ਨੂੰ ਸੜਕਾਂ ’ਤੇ ਨਾ ਛੱਡੇ।

ਉਪ ਚੇਅਰਮੈਨ ਨੇ ਕਿਹਾ ਕਿ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਬੇਸਹਾਰਾ ਗਊਧਨ ਦੀ ਸੁਚੱਜੀ ਸਾਂਭ-ਸੰਭਾਲ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕਮਿਸ਼ਨ ਨੇ ਬੇਸਹਾਰਾ ਗਊਧਨ ਨੂੰ ਗਊਸ਼ਲਾਵਾਂ ਵਿੱਚ ਪਹੁੰਚਾਉਣ ਦੀ ਮੁਹਿੰਮ ਵਿੱਢੀ ਹੋਈ ਹੈ, ਜਿਸ ਤਹਿਤ ਸੂਬੇ ਭਰ ਵਿੱਚ ਮੀਟਿੰਗਾਂ ਕਰਨ ਦੇ ਨਾਲ-ਨਾਲ ਪਿਛਲੇ ਚਾਰ ਮਹੀਨਿਆਂ ਦੌਰਾਨ ਕਰੀਬ 10 ਹਜ਼ਾਰ ਬੇਸਹਾਰਾ ਗਊਧਨ ਗਊਸ਼ਲਾਵਾਂ ਵਿੱਚ ਪਹੁੰਚਾਇਆ ਗਿਆ ਹੈ।

ਉਨ੍ਹਾਂ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਜਿਨ੍ਹਾਂ ਗਊਸ਼ਲਾਵਾਂ ਦਾ ਬਿਜਲੀ ਬਿਲ ਮੁਆਫ਼ ਹੋਣ ਤੋਂ ਰਹਿੰਦਾ ਹੈ, ਉਨ੍ਹਾਂ ਦੇ ਕੇਸ ਬਣਾ ਕੇ ਕਮਿਸ਼ਨ ਨੂੰ ਭੇਜੇ ਜਾਣ ਤਾਂ ਜੋ ਇਹ ਕੰਮ ਜਲਦ ਮੁਕੰਮਲ ਕਰਵਾਇਆ ਜਾ ਸਕੇ। ਇਸ ਤੋਂ ਇਲ਼ਾਵਾ ਗਊਸ਼ਲਾਵਾਂ ਵਿੱਚ ਵੈਟਰਨਰੀ ਡਾਕਟਰ ਦੀ ਸੁਵਿਧਾ, ਗਊਧਨ ਦਾ ਲੋੜੀਂਦਾ ਟੀਕਾਕਰਨ ਅਤੇ ਜ਼ਖਮੀ ਜਾਂ ਬੀਮਾਰ ਗਊਧਨ ਦਾ ਢੁੱਕਵਾਂ ਇਲਾਜ ਯਕੀਨੀ ਬਣਾਉਣ ਦੀਆਂ ਹਦਾਇਤਾਂ ਵੀ ਕੀਤੀਆਂ।

ਕੀਮਤੀ ਭਗਤ ਨੇ ਸੂਬੇ ਦੀਆਂ ਸਮੂਹ 518 ਸਰਕਾਰੀ ਅਤੇ ਪ੍ਰਾਈਵੇਟ ਗਊਸ਼ਲਾਵਾਂ ਦਾ ਬਿਜਲੀ ਬਿੱਲ ਮੁਆਫ਼ ਕਰਨ ਲਈ ਪੰਜਾਬ ਸਰਕਾਰ ਦਾ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਜ਼ਖਮੀ ਗਊਧਨ ਦੇ ਇਲਾਜ ਲਈ ਸਮੂਹ ਪ੍ਰਾਈਵੇਟ ਤੇ ਸਰਕਾਰੀ ਗਊਸ਼ਲਾਵਾਂ ਨੂੰ 3.6 ਕਰੋੜ ਦੀ ਲਾਗਤ ਨਾਲ ‘ਕਾਓ ਲਿਫ਼ਟਰ’ ਵੀ ਮੁਹੱਈਆ ਕਰਵਾਏ ਗਏ ਹਨ।

ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪਸ਼ੂਧਨ ਦੀ ਸੇਵਾ ਵਿੱਚ ਲੱਗੀਆਂ ਗਊਸ਼ਾਲਾਵਾਂ ਨੂੰ ਗਊਆਂ ਦੇ ਚਾਰੇ ਅਤੇ ਸੰਭਾਲ ਲਈ 61 ਰੁਪਏ ਦੀ ਰਾਸ਼ੀ ਪ੍ਰਤੀ ਗਊਧਨ ਪ੍ਰਤੀ ਦਿਨ ਜਲਦ ਪਹੁੰਚਾਈ ਜਾਵੇਗੀ, ਜਿਸ ਨਾਲ ਗਊਸ਼ਾਲਾਵਾਂ ਨੂੰ ਹੋਰ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਗਊ ਹੱਤਿਆ, ਗਊ ਸਮੱਗਲਿੰਗ ਅਤੇ ਗਊ ਮਾਸ ਦਾ ਗੈਰ ਕਾਨੂੰਨੀ ਕੰਮ ਕਰਨ ’ਤੇ ‘ਦਿ ਪੰਜਾਬ ਪ੍ਰੋਹਿਬਸ਼ਨ ਆਫ਼ ਕਾਓ ਸਲਾਟਰ (ਅਮੈਂਡਮੈਂਟ) ਐਕਟ, 2011’ ਤਹਿਤ 10 ਸਾਲ ਤੱਕ ਦੀ ਕੈਦ ਦੀ ਵਿਵਸਥਾ ਹੈ। ਇਸ ਤੋਂ ਇਲਾਵਾ ਸਾਰੇ ਜ਼ਿਲ੍ਹਿਆਂ ਵਿੱਚ ਗਊ ਸੁਰੱਖਿਆ ਸੈੱਲ ਵੀ ਸਥਾਪਤ ਕੀਤੇ ਗਏ ਹਨ।

ਇਸ ਮੌਕੇ ਜੁਆਇੰਟ ਕਮਿਸ਼ਨਰ ਨਗਰ ਨਿਗਮ ਮਨਦੀਪ ਕੌਰ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਅਵਤਾਰ ਸਿੰਘ, ਸਹਾਇਕ ਡਾਇਰੈਕਟਰ ਡਾ. ਕੁਲਵਿੰਦਰ ਸਿੰਘ ਅਤੇ ਡਾ. ਬਲਬੀਰ ਸਿੰਘ, ਕੌਂਸਲਰ ਸੁਦੇਸ਼ ਭਗਤ, ਪੂਰਨ ਚੰਦ ਭਾਰਤੀ, ਯਸ਼ਪਾਲ ਭਗਤ, ਮੰਗਲ ਦਾਸ, ਵੇਦ ਪ੍ਰਕਾਸ਼, ਨਿਹੰਗ ਬਾਬਾ ਮਨਜੀਤ ਸਿੰਘ, ਰਾਹੁਲ ਭਗਤ, ਕਰਨ ਭਗਤ ਤੋਂ ਇਲਾਵਾ ਗਊਸ਼ਲਾਵਾਂ ਦੇ ਨੁਮਾਇੰਦੇ ਵੀ ਮੌਜੂਦ ਸਨ।

By admin

Related Post