Breaking
Sun. Aug 2nd, 2026

ਸਰਕਾਰੀ ਖਜ਼ਾਨੇ ਦੀ ਲੁੱਟ ਬੰਦ ਕਰਕੇ ਸਕੂਲਾਂ ‘ਚ ਅਧਿਆਪਕਾਂ ਦੀਆਂ ਖਾਲੀ ਪਈਆਂ ਅਸਾਮੀਆਂ ਤੁਰੰਤ ਭਰੇ ਸਰਕਾਰ : ਬੇਗਮਪੁਰਾ ਟਾਈਗਰ ਫੋਰਸ

ਸਕੂਲਾਂ

ਮਾਨ ਸਰਕਾਰ ਵੱਲੋਂ ਸਿੱਖਿਆ ਸੁਧਾਰਾਂ ਦੇ ਵੱਡੇ-ਵੱਡੇ ਦਾਅਵੇ ਕਰਨਾ ਪੰਜਾਬ ਦੇ ਲੋਕਾਂ ਦੀਆ ਅੱਖਾਂ ਵਿੱਚ ਘੱਟਾ ਪਾਉਣ ਤੋਂ ਵੱਧ ਕੁੱਝ ਨਹੀਂ ਹੈ : ਬੀਰਪਾਲ, ਹੈਪੀ, ਸ਼ਤੀਸ, ਜੱਸਾ

ਹੁਸ਼ਿਆਰਪੁਰ 2 ਅਗਸਤ (ਤਰਸੇਮ ਦੀਵਾਨਾ) – ਪੰਜਾਬ ਦੇ ਸਰਕਾਰੀ ਸਕੂਲਾਂ ਅੰਦਰ ਵਿਦਿਆਰਥੀਆਂ ਨੂੰ ਵੰਡੇ ਜਾ ਰਹੇ ਸਕੂਲੀ ਬੈਗਾਂ ਉੱਪਰ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਛਾਪਣ ਦੇ ਮਾਮਲੇ ਨੇ ਹੁਣ ਰਾਜਸੀ ਅਤੇ ਸਮਾਜਿਕ ਗਲਿਆਰਿਆਂ ਵਿੱਚ ਵੱਡਾ ਤੂਫਾਨ ਖੜ੍ਹਾ ਕਰ ਦਿੱਤਾ ਹੈ। ਇਸ ਮੁੱਦੇ ‘ਤੇ ਬੇਗਮਪੁਰਾ ਟਾਈਗਰ ਫੋਰਸ ਦੇ ਕੌਮੀ ਚੇਅਰਮੈਨ ਤਰਸੇਮ ਦੀਵਾਨਾ ਅਤੇ ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੇਗਮਪੁਰਾ ਟਾਈਗਰ ਫੋਰਸ ਦੇ ਪੰਜਾਬ ਪ੍ਰਧਾਨ ਬੀਰਪਾਲ ਠਰੋਲੀ, ਜਿਲ੍ਹਾ ਪ੍ਰਧਾਨ ਹੈਪੀ ਫ਼ਤਹਿਗੜ੍ਹ, ਜਿਲ੍ਹਾ ਇੰਚਾਰਜ ਜੱਸਾ ਸਿੰਘ ਨੰਦਨ, ਤੇ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਸਤੀਸ਼ ਸ਼ੇਰਗੜ੍ਹ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵਿਰੁੱਧ ਮੋਰਚਾ ਖੋਲ੍ਹਦਿਆਂ ਸੂਬੇ ਵਿੱਚ ਚੱਲ ਰਹੀ ਕਥਿਤ ‘ਸਿੱਖਿਆ ਕ੍ਰਾਂਤੀ’ ਦੇ ਫੋਕੇ ਦਾਅਵਿਆਂ ਦੀਆਂ ਫੂਕ ਕੱਢਣ ਦਾ ਕੰਮ ਕੀਤਾ ਹੈ ।

ਬੇਗਮਪੁਰਾ ਟਾਈਗਰ ਫੋਰਸ ਦੇ ਆਗੂਆਂ ਨੇ ਸਰਕਾਰ ਦੀਆਂ ਨੀਤੀਆਂ ‘ਤੇ ਗੰਭੀਰ ਸਵਾਲੀਆ ਚਿੰਨ ਲਗਾਉਂਦਿਆਂ ਆਖਿਆ ਕਿ ਲੋਕਾਂ ਦੇ ਟੈਕਸਾਂ ਦੇ ਅਰਬਾਂ ਰੁਪਏ ਨਾਲ ਤਿਆਰ ਕੀਤੇ ਗਏ ਸਰਕਾਰੀ ਸਾਮਾਨ ‘ਤੇ ਮੁੱਖ ਮੰਤਰੀ ਦੀਆਂ ਫੋਟੋਆਂ ਲਗਾ ਕੇ ਸਕੂਲਾਂ ਵਰਗੇ ਪਵਿੱਤਰ ਮੰਦਰਾਂ ਨੂੰ ਸਿਆਸੀ ਪ੍ਰਚਾਰ ਦਾ ਕੇਂਦਰ ਬਣਾਉਣਾ ਬੇਹੱਦ ਸ਼ਰਮਨਾਕ ਅਤੇ ਮੰਦਭਾਗਾ ਹੈ। ਆਗੂਆਂ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਸਕੂਲੀ ਬੈਗਾਂ ‘ਤੇ ਨੇਤਾਵਾਂ ਦੀਆਂ ਤਸਵੀਰਾਂ ਛਾਪਣ ਨਾਲ ਨਾ ਤਾਂ ਵਿਦਿਆਰਥੀਆਂ ਦਾ ਬੌਧਿਕ ਵਿਕਾਸ ਹੁੰਦਾ ਹੈ ਅਤੇ ਨਾ ਹੀ ਇਸ ਨਾਲ ਸਿੱਖਿਆ ਦੇ ਡਿੱਗ ਰਹੇ ਮਿਆਰ ਨੂੰ ਉੱਚਾ ਚੁੱਕਿਆ ਜਾ ਸਕਦਾ ਹੈ। ਇਹ ਸਿਰਫ਼ ਤੇ ਸਿਰਫ਼ ਸਰਕਾਰੀ ਖਜ਼ਾਨੇ ਦੀ ਬੇਰਹਿਮੀ ਨਾਲ ਲੁੱਟ ਕਰਕੇ ਅਪਣੀ ਸਿਆਸੀ ਚਮਕ-ਧਮਕ ਵਧਾਉਣ ਦਾ ਇੱਕ ਘਿਨੌਣਾ ਜਰੀਆ ਹੈ।

ਸੂਬੇ ਦੇ ਬਹੁਤ ਸਾਰੇ ਸਰਕਾਰੀ ਸਕੂਲ ਅਧਿਆਪਕਾਂ ਦੀ ਭਾਰੀ ਘਾਟ ਨਾਲ ਜੂਝ ਰਹੇ ਹਨ

ਉਨ੍ਹਾਂ ਪੰਜਾਬ ਦੇ ਸਕੂਲਾਂ ਦੀ ਅਸਲ ਸਥਿਤੀ ਦਾ ਪਰਦਾਫਾਸ਼ ਕਰਦਿਆਂ ਦੱਸਿਆ ਕਿ ਅੱਜ ਸੂਬੇ ਦੇ ਬਹੁਤ ਸਾਰੇ ਸਰਕਾਰੀ ਸਕੂਲ ਅਧਿਆਪਕਾਂ ਦੀ ਭਾਰੀ ਘਾਟ ਨਾਲ ਜੂਝ ਰਹੇ ਹਨ। ਕਈ ਸਕੂਲਾਂ ਵਿੱਚ ਤਾਂ ਮਹੱਤਵਪੂਰਨ ਵਿਸ਼ਿਆਂ ਜਿਵੇਂ ਸਾਇੰਸ, ਗਣਿਤ ਅਤੇ ਅੰਗਰੇਜ਼ੀ ਦੇ ਅਧਿਆਪਕ ਹੀ ਮੌਜੂਦ ਨਹੀਂ ਹਨ, ਜਿਸ ਕਾਰਨ ਗਰੀਬ ਅਤੇ ਮਜ਼ਦੂਰ ਵਰਗ ਦੇ ਬੱਚਿਆਂ ਦੀ ਪੜ੍ਹਾਈ ਦਾ ਬੁਰਾ ਹਾਲ ਹੋ ਰਿਹਾ ਹੈ। ਇੰਨਾ ਹੀ ਨਹੀਂ, ਜੋ ਅਧਿਆਪਕ ਸਕੂਲਾਂ ਵਿੱਚ ਤੈਨਾਤ ਵੀ ਹਨ, ਉਨ੍ਹਾਂ ਤੋਂ ਪੜ੍ਹਾਈ ਕਰਵਾਉਣ ਦੀ ਬਜਾਏ ਗੈਰ-ਵਿਦਿਅਕ ਕੰਮ, ਸਰਕਾਰੀ ਸਰਵੇਖਣ ਅਤੇ ਹੋਰ ਪ੍ਰਸ਼ਾਸਨਿਕ ਡਿਊਟੀਆਂ ਲਈਆਂ ਜਾ ਰਹੀਆਂ ਹਨ। ਅਜਿਹੇ ਨਾਜ਼ੁਕ ਅਤੇ ਚਿੰਤਾਜਨਕ ਹਾਲਾਤਾਂ ਵਿੱਚ ਸਰਕਾਰ ਵੱਲੋਂ ਸਿੱਖਿਆ ਸੁਧਾਰਾਂ ਦੇ ਵੱਡੇ-ਵੱਡੇ ਦਾਅਵੇ ਕਰਨਾ ਪੰਜਾਬ ਦੇ ਲੋਕਾਂ ਅੱਖਾਂ ਵਿੱਚ ਘੱਟਾ ਪਾਉਣ ਤੋਂ ਵੱਧ ਕੁੱਝ ਨਹੀਂ ਹੈ।

ਸੱਚੀ ਅਤੇ ਅਸਲ ਸਿੱਖਿਆ ਕ੍ਰਾਂਤੀ ਉਦੋਂ ਸੰਭਵ ਹੋ ਸਕਦੀ ਹੈ ਜਦੋਂ ਹਰ ਪਿੰਡ ਅਤੇ ਸ਼ਹਿਰ ਦੇ ਸਕੂਲ-ਕਾਲਜ ਵਿੱਚ ਲੋੜ ਅਨੁਸਾਰ ਪੂਰੀ ਫੈਕਲਟੀ ਹੋਵੇ

ਆਗੂਆਂ ਨੇ ਆਮ ਆਦਮੀ ਪਾਰਟੀ ਦੀ ਨੀਤੀ ‘ਤੇ ਅੱਗੇ ਬੋਲਦਿਆਂ ਕਿਹਾ ਕਿ ਸਕੂਲੀ ਇਮਾਰਤਾਂ ਦੀਆਂ ਦੀਵਾਰਾਂ ਨੂੰ ਨਵੇਂ ਰੰਗ-ਰੋਗਨ ਕਰਨ, ਸਕੂਲਾਂ ਦੇ ਨਾਂ ਬਦਲਣ ਜਾਂ ਅਖਬਾਰਾਂ ਤੇ ਟੀਵੀ ‘ਤੇ ਕਰੋੜਾਂ ਰੁਪਏ ਦੇ ਇਸ਼ਤਿਹਾਰ ਵਹਾਉਣ ਨਾਲ ਅਸਲ ਕ੍ਰਾਂਤੀ ਨਹੀਂ ਆਉਂਦੀ। ਸੱਚੀ ਅਤੇ ਅਸਲ ਸਿੱਖਿਆ ਕ੍ਰਾਂਤੀ ਉਦੋਂ ਸੰਭਵ ਹੋ ਸਕਦੀ ਹੈ ਜਦੋਂ ਹਰੇਕ ਪਿੰਡ ਅਤੇ ਸ਼ਹਿਰ ਦੇ ਸਕੂਲ-ਕਾਲਜ ਵਿੱਚ ਲੋੜ ਅਨੁਸਾਰ ਪੂਰੀ ਫੈਕਲਟੀ ਹੋਵੇ, ਬੱਚਿਆਂ ਲਈ ਆਧੁਨਿਕ ਲੈਬਾਂ, ਕਿਤਾਬਾਂ, ਪੀਣ ਵਾਲੇ ਸਾਫ਼ ਪਾਣੀ ਅਤੇ ਸਮੇਂ ਦੀ ਮੰਗ ਮੁਤਾਬਕ ਨਵੇਂ ਤਕਨੀਕੀ ਕੋਰਸਾਂ ਦਾ ਪ੍ਰਬੰਧ ਹੋਵੇ। ਅੱਜ ਰਾਜ ਦੇ ਉੱਚ ਸਿੱਖਿਆ ਅਦਾਰੇ ਅਤੇ ਸਰਕਾਰੀ ਕਾਲਜ ਵੀ ਪ੍ਰੋਫੈਸਰਾਂ ਦੀ ਕਮੀ ਨਾਲ ਪ੍ਰਭਾਵਿਤ ਹਨ, ਜਿਸ ਕਾਰਨ ਸਾਡੇ ਨੌਜਵਾਨਾਂ ਦਾ ਭਵਿੱਖ ਘੋਰ ਅੰਧਕਾਰ ਵਿੱਚ ਧੱਕਿਆ ਜਾ ਰਿਹਾ ਹੈ।

ਬੇਗਮਪੁਰਾ ਟਾਈਗਰ ਫੋਰਸ ਦੇ ਆਗੂਆਂ ਨੇ ਪੰਜਾਬ ਸਰਕਾਰ ਨੂੰ ਤਾਕੀਦ ਕਰਦਿਆਂ ਚੇਤਾਵਨੀ ਦਿੱਤੀ ਕਿ ਉਹ ਵਿਦਿਆਰਥੀਆਂ ਦੇ ਭਵਿੱਖ ਨਾਲ ਖੇਡਣਾ ਅਤੇ ਵਿੱਦਿਅਕ ਅਦਾਰਿਆਂ ਨੂੰ ਆਪਣੀ ਸਿਆਸੀ ਮਸ਼ਹੂਰੀ ਦੀ ਮੰਡੀ ਬਣਾਉਣਾ ਤੁਰੰਤ ਬੰਦ ਕਰੇ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਫੋਕੀ ਪ੍ਰਚਾਰਬਾਜ਼ੀ ਤੋਂ ਉੱਪਰ ਉੱਠ ਕੇ ਸਿੱਖਿਆ ਖੇਤਰ ਦੀਆਂ ਅਸਲ ਅਤੇ ਬੁਨਿਆਦੀ ਸਮੱਸਿਆਵਾਂ ਦੇ ਸਥਾਈ ਹੱਲ ਵੱਲ ਧਿਆਨ ਦੇਵੇ, ਖਾਲੀ ਪਈਆਂ ਅਸਾਮੀਆਂ ਨੂੰ ਤੁਰੰਤ ਭਰਿਆ ਜਾਵੇ ਅਤੇ ਸਰਕਾਰੀ ਪੈਸੇ ਦੀ ਰਾਜਸੀ ਹਿੱਤਾਂ ਲਈ ਹੁੰਦੀ ਦੁਰਵਰਤੋਂ ਰੋਕੀ ਜਾਵੇ, ਤਾਂ ਜੋ ਪੰਜਾਬ ਦੀ ਜਵਾਨੀ ਅਤੇ ਭਵਿੱਖ ਨੂੰ ਬਰਬਾਦ ਹੋਣ ਤੋਂ ਬਚਾਇਆ ਜਾ ਸਕੇ।

By admin

Related Post