Breaking
Wed. Jul 22nd, 2026

ਪੇਪਰ ਲੀਕ ਮਾਮਲਿਆਂ ‘ਚ ਕੇਂਦਰ ਦੀ ਧੱਕੇਸ਼ਾਹੀ ਅਤੇ ਕਿਸਾਨਾਂ ਦੀ ਘੇਰਾਬੰਦੀ ਲੋਕਤੰਤਰ ਦਾ ਘਾਣ : ਸੰਦੀਪ ਸਿੰਘ ਖਾਲਸਾ

ਕਿਸਾਨਾਂ

ਹੁਸ਼ਿਆਰਪੁਰ, 22 ਜੁਲਾਈ ( ਤਰਸੇਮ ਦੀਵਾਨਾ ) – ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਦੇਸ਼ ਦੇ ਭਵਿੱਖ ਯੁਵਾਵਾਂ ਅਤੇ ਅੰਨਦਾਤੇ ਉੱਤੇ ਕੀਤੇ ਜਾ ਰਹੇ ਜ਼ੁਲਮਾਂ ਖ਼ਿਲਾਫ਼ ਆਵਾਜ਼ ਬੁਲੰਦ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸੰਦੀਪ ਸਿੰਘ ਖ਼ਾਲਸਾ ਮੈਂਬਰ ਪੀ ਏ ਸੀ ਅਤੇ ਹਲਕਾ ਇੰਚਾਰਜ ਉੜਮੁੜ ਟਾਂਡਾ ਨੇ ਕੇਂਦਰ ਅਤੇ ਹਰਿਆਣਾ ਸਰਕਾਰ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਸੰਦੀਪ ਸਿੰਘ ਖਾਲਸਾ ਨੇ ਕਿਹਾ ਕਿ ਲੋਕਤੰਤਰ ਵਿੱਚ ਹਰ ਨਾਗਰਿਕ ਨੂੰ ਆਪਣੇ ਹੱਕਾਂ ਲਈ ਆਵਾਜ਼ ਉਠਾਉਣ ਦਾ ਪੂਰਾ ਅਧਿਕਾਰ ਹੈ। ਪਰ ਅਫ਼ਸੋਸ ਦੀ ਗੱਲ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾ ਤਾਂ ਜਨਤਾ ਨਾਲ ਸੰਵਾਦ ਰਚਾਉਂਦੇ ਹਨ ਅਤੇ ਨਾ ਹੀ ਮੀਡੀਆ ਦਾ ਸਾਹਮਣਾ ਕਰਦੇ ਹਨ। ਉਨ੍ਹਾਂ ਕਿਹਾ ਕਿ ਪ੍ਰਸਤਾਵਿਤ ਭਾਰਤ-ਅਮਰੀਕਾ ਵਪਾਰ ਸਮਝੌਤੇ ਨੂੰ ਲੈ ਕੇ ਦੇਸ਼ ਦੇ ਕਿਸਾਨਾਂ ਵਿੱਚ ਗੰਭੀਰ ਚਿੰਤਾਵਾਂ ਹਨ, ਪਰ ਪ੍ਰਧਾਨ ਮੰਤਰੀ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਬਜਾਏ ਚੁੱਪ ਧਾਰੀ ਬੈਠੇ ਹਨ।

​ਉਨ੍ਹਾਂ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਨੂੰ ਰਾਜਧਾਨੀ ਵੱਲ ਜਾਣ ਤੋਂ ਰੋਕਣ ਲਈ ਲਗਾਈਆਂ ਜਾ ਰਹੀਆਂ ਰੁਕਾਵਟਾਂ ਨੂੰ ਬੇਹੱਦ ਦੁਰਭਾਗਪੂਰਨ ਕਰਾਰ ਦਿੰਦਿਆਂ ਅਪੀਲ ਕੀਤੀ ਕਿ ਸਰਕਾਰਾਂ ਅਜਿਹੀਆਂ ਮਨਮਾਨੀਆਂ ਕਾਰਵਾਈਆਂ ਤੋਂ ਬਾਜ਼ ਆਉਣ, ਆਪਣੀਆਂ ਪਿਛਲੀਆਂ ਗਲਤੀਆਂ ਨੂੰ ਨਾ ਦੁਹਰਾਉਣ ਅਤੇ ਕਿਸਾਨਾਂ ਨੂੰ ਸ਼ਾਂਤੀਪੂਰਵਕ ਆਪਣੀ ਆਵਾਜ਼ ਚੁੱਕਣ ਦੀ ਇਜਾਜ਼ਤ ਦੇਣ।

ਪ੍ਰੀਖਿਆ ਪੱਤਰ ਲੀਕ ਹੋਣ ਦੀਆਂ ਘਟਨਾਵਾਂ ਨੇ ਦੇਸ਼ ਦੇ ਲੱਖਾਂ ਨੌਜਵਾਨਾਂ ਦੇ ਸਪਨਿਆਂ ਨੂੰ ਚਕਨਾਚੂਰ ਕਰ ਦਿੱਤਾ ਹੈ

​ਦੇਸ਼ ਵਿੱਚ ਬਾਰ-ਬਾਰ ਹੋ ਰਹੇ ਪੇਪਰ ਲੀਕ ਮਾਮਲਿਆਂ ‘ਤੇ ਡੂੰਘੀ ਚਿੰਤਾ ਪ੍ਰਗਟਾਉਂਦਿਆਂ ਖਾਲਸਾ ਨੇ ਕਿਹਾ ਕਿ ਵਰ੍ਹੇ 2017, 2019, 2022, 2024 ਅਤੇ ਹੁਣ 2026 ਵਿੱਚ ਵੀ ਪ੍ਰੀਖਿਆ ਪੱਤਰ ਲੀਕ ਹੋਣ ਦੀਆਂ ਘਟਨਾਵਾਂ ਨੇ ਦੇਸ਼ ਦੇ ਲੱਖਾਂ ਨੌਜਵਾਨਾਂ ਦੇ ਸਪਨਿਆਂ ਨੂੰ ਚਕਨਾਚੂਰ ਕਰ ਦਿੱਤਾ ਹੈ। ਦੇਸ਼ ਦਾ ਯੁਵਾ ਪੜ੍ਹ-ਲਿਖ ਕੇ ਆਪਣਾ ਭਵਿੱਖ ਸੰਵਾਰਨਾ ਚਾਹੁੰਦਾ ਹੈ, ਪਰ ਕੇਂਦਰ ਸਰਕਾਰ ਦੋਸ਼ੀਆਂ ‘ਤੇ ਕਾਰਵਾਈ ਕਰਨ ਦੀ ਬਜਾਏ ਇਨ੍ਹਾਂ ਗੜਬੜੀਆਂ ਲਈ ਜ਼ਿੰਮੇਵਾਰ ਲੋਕਾਂ ਨੂੰ ਪੁਸ਼ਤਪਨਾਹੀ ਦੇ ਰਹੀ ਹੈ।

​ਉਨ੍ਹਾਂ ਕਿਹਾ ਕਿ ਇੱਕ ਪਾਸੇ ਪ੍ਰਧਾਨ ਮੰਤਰੀ ਖ਼ੁਦ ਨੂੰ ‘ਵਿਸ਼ਵਗੁਰੂ’ ਦੇ ਰੂਪ ਵਿੱਚ ਪੇਸ਼ ਕਰਦੇ ਹਨ, ਪਰ ਦੂਜੇ ਪਾਸੇ ਆਪਣੇ ਹੀ ਦੇਸ਼ ਦੇ ਯੂਥ ਦਾ ਭਵਿੱਖ ਧੁੰਦਲਾ ਹੁੰਦਾ ਦੇਖ ਕੇ ਅੱਖਾਂ ਮੀਚੀ ਬੈਠੇ ਹਨ। ਜਦੋਂ ਵੀ ਨੌਜਵਾਨ ਹੱਕਾਂ ਲਈ ਦਿੱਲੀ ਦੀਆਂ ਸਰਹੱਦਾਂ ‘ਤੇ ਆਵਾਜ਼ ਚੁੱਕਦੇ ਹਨ ਤਾਂ ਕੇਂਦਰ ਸਰਕਾਰ ਇਨਸਾਫ਼ ਦੇਣ ਦੀ ਬਜਾਏ ਉਨ੍ਹਾਂ ‘ਤੇ ਲਾਠੀਚਾਰਜ ਕਰਕੇ ਆਵਾਜ਼ ਦਬਾਉਣ ਦਾ ਕੋਝਾ ਯਤਨ ਕਰਦੀ ਹੈ। ਸੰਦੀਪ ਸਿੰਘ ਖਾਲਸਾ ਨੇ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੌਜਵਾਨਾਂ ਅਤੇ ਕਿਸਾਨਾਂ ਦੇ ਨਾਲ ਚਟਾਨ ਵਾਂਗ ਮਜ਼ਬੂਤੀ ਨਾਲ ਖੜ੍ਹਾ ਹੈ ਅਤੇ ਉਨ੍ਹਾਂ ਦੇ ਹੱਕਾਂ ਲਈ ਹਰ ਮੋਰਚੇ ‘ਤੇ ਆਵਾਜ਼ ਬੁਲੰਦ ਕਰਦਾ ਰਹੇਗਾ।

By admin

Related Post