ਹਜ਼ਾਰਾਂ ਕਿਰਤੀਆਂ-ਕਿਸਾਨਾਂ ਨੇ ਉੱਘੇ ਦੇਸ਼ ਭਗਤ ਪੰਡਿਤ ਕਿਸ਼ੋਰੀ ਲਾਲ ਦੇ ਬੁੱਤ ਤੇ ਫੁੱਲ-ਮਾਲਾਵਾਂ ਭੇਂਟ ਕੀਤੀਆਂ
ਭਾਰਤ ਅਮਰੀਕਾ ਦਰਮਿਆਨ ਵਪਾਰ ਸਮਝੌਤਾ ਦੇਸ਼ ਦੀ ਆਰਥਿਕਤਾ ਅਤੇ ਖੇਤੀ ਨੂੰ ਬਰਬਾਦ ਕਰਕੇ ਰੱਖ ਦੇਵੇਗਾ – ਡਾਕਟਰ ਧਾਵਲੇ
ਫਿਰਕੂ ਫਾਸ਼ੀਵਾਦੀ ਤਾਕਤਾਂ ਦੇ ਖਤਰਨਾਕ ਮਨਸੂਬਿਆਂ ਨੂੰ ਜਨਤਾ ਵਿੱਚ ਨੰਗਾ ਕਰਨਾ ਮਹੱਤਵਪੂਰਨ ਕਾਰਜ – ਕਾਮਰੇਡ ਸੇਖੋਂ
ਮੋਦੀ ਸਰਕਾਰ ਨੇ ਮਨਰੇਗਾ ਕਾਨੂੰਨ ਖ਼ਤਮ ਕਰਕੇ ਆਪਣਾ ਮਜ਼ਦੂਰ ਵਿਰੋਧੀ ਚਿਹਰਾ ਨੰਗਾ ਕੀਤਾ – ਡਾਕਟਰ ਵਿਕਰਮ ਸਿੰਘ
ਜਲੰਧਰ 29 ਮਈ (ਜਸਵਿੰਦਰ ਸਿੰਘ ਆਜ਼ਾਦ)- ਕੁੱਲ ਹਿੰਦ ਕਿਸਾਨ ਸਭਾ ਦੇ ਰਾਸ਼ਟਰੀ ਪ੍ਰਧਾਨ ਡਾਕਟਰ ਅਸ਼ੋਕ ਕੁਮਾਰ ਧਾਵਲੇ ਨੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਭਾਰਤ ਅਤੇ ਅਮਰੀਕਾ ਦਰਮਿਆਨ ਕੀਤਾ ਵਪਾਰ ਸਮਝੌਤਾ ਦੇਸ਼ ਦੀ ਆਰਥਿਕਤਾ ਅਤੇ ਖੇਤੀ ਨੂੰ ਬਰਬਾਦ ਕਰਕੇ ਰੱਖ ਦੇਵੇਗਾ। ਅਮਰੀਕਾ ਤੋਂ ਭਾਰਤ ਵਿੱਚ ਆਯਾਤ ਹੋਣ ਵਾਲੀਆਂ ਵਸਤਾਂ ਮੱਛੀ, ਦੁੱਧ,ਅੰਡੇ, ਸੋਇਆਬੀਨ ਆਦਿ ਟੈਰਿਫ਼ ਤੋਂ ਮੁਕਤ ਹੋਣਗੀਆਂ। ਇਸਦੇ ਉਲਟ ਭਾਰਤ ਤੋਂ ਅਮਰੀਕਾ ਨੂੰ ਨਿਰਯਾਤ ਵਸਤਾਂ ‘ਤੇ 18 ਪ੍ਰਤੀਸ਼ਤ ਟੈਰਿਫ਼ ਲਗਾਇਆ ਜਾਵੇਗਾ।
ਡਾਕਟਰ ਧਾਵਲੇ ਅੱਜ ਇੱਥੇ ਕੁੱਲ ਹਿੰਦ ਕਿਸਾਨ ਸਭਾ ਅਤੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਵੱਲੋਂ ਦੇਸ਼ ਭਗਤ ਯਾਦਗਾਰ ਹਾਲ ਵਿਖੇ ਆਯੋਜਿਤ ਸੂਬਾਈ ਵਿਸ਼ਾਲ ਰੈਲੀ ਨੂੰ ਸੰਬੋਧਨ ਕਰ ਰਹੇ ਸਨ।
ਰੈਲੀ ਦੀ ਪ੍ਰਧਾਨਗੀ ਸਾਥੀ ਮੇਜਰ ਸਿੰਘ ਭਿੱਖੀਵਿੰਡ ਸੂਬਾ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ ਅਤੇ ਸਾਥੀ ਸਤਪਾਲ ਸਿੰਘ ਬਨੂੜ ਸੂਬਾ ਪ੍ਰਧਾਨ ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਨੇ ਕੀਤੀ।
ਪੰਜਾਬ ਦੇ ਕੋਨੇ ਕੋਨੇ ਵਿੱਚੋਂ ਪਹੁੰਚੇ ਹਜ਼ਾਰਾਂ ਕਿਰਤੀਆਂ ਕਿਸਾਨਾਂ ਨੇ ਲਾਲ ਝੰਡਿਆਂ ਨਾਲ ਉੱਘੇ ਦੇਸ਼ ਭਗਤ ਪੰਡਿਤ ਕਿਸ਼ੋਰੀ ਲਾਲ ਦੇ ਬੁੱਤ ਤੇ ਫੁੱਲ-ਮਾਲਾਵਾਂ ਭੇਂਟ ਕੀਤੀਆਂ।
ਦੇਸ਼ ਵਿੱਚ ਭਾਜਪਾ-ਆਰ.ਐਸ.ਐਸ. ਦੁਆਰਾ ਫਿਰਕੂ ਅਤੇ ਫਾਸ਼ੀਵਾਦੀ ਤਾਕਤਾਂ ਏਜੰਡੇ ਨੂੰ ਅੱਗੇ ਵਧਾਇਆ ਜਾ ਰਿਹਾ ਹੈ
ਕਿਸਾਨ ਆਗੂ ਨੇ ਕਿਹਾ ਕਿ ਅੱਜ ਦੇਸ਼ ਵਿੱਚ ਭਾਜਪਾ-ਆਰ.ਐਸ.ਐਸ. ਦੁਆਰਾ ਫਿਰਕੂ ਅਤੇ ਫਾਸ਼ੀਵਾਦੀ ਤਾਕਤਾਂ ਏਜੰਡੇ ਨੂੰ ਅੱਗੇ ਵਧਾਇਆ ਜਾ ਰਿਹਾ ਹੈ ਅਤੇ ਇਹ ਤਾਕਤਾਂ ਸਮਾਜ ਵਿੱਚ ਫਿਰਕੂ ਜ਼ਹਿਰ ਫੈਲਾ ਰਹੀਆਂ ਹਨ ਤਾਂ ਜੋ ਦੇਸ਼ ਵਿੱਚ ਫਿਰਕੂ ਫਾਸ਼ੀਵਾਦੀ ਅਤੇ ਸਾਮਰਾਜੀ ਕਾਰਪੋਰੇਟ ਘਰਾਣਿਆਂ ਦੇ ਗਠਜੋੜ ਵਿਰੁੱਧ ਦਿਨ-ਬ-ਦਿਨ ਤਿੱਖੀ ਹੋ ਰਹੀ ਕਿਰਤੀਆਂ ਕਿਸਾਨਾਂ ਅਤੇ ਵੱਖ ਵੱਖ ਵਰਗਾਂ ਦੀ ਲੜਾਈ ਨੂੰ ਖੁੰਢਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਭਾਜਪਾ-ਆਰ.ਐਸ.ਐਸ. ਵੱਲੋਂ ਦੇਸ਼ ਅੰਦਰ ਫਿਰਕੂ ਫਾਸ਼ੀਵਾਦੀ ਰੁਝਾਨਾਂ ਨੂੰ ਗਿਣੀ ਮਿਥੀ ਸਾਜ਼ਿਸ਼ ਤਹਿਤ ਤੇਜ਼ੀ ਨਾਲ ਪੈਦਾ ਕੀਤਾ ਜਾ ਰਿਹਾ ਹੈ। ਜਿਸਦਾ ਟਾਕਰਾ ਕਰਨ ਲਈ ਅਗਾਂਹਵਧੂ, ਜਮਹੂਰੀ ਅਤੇ ਧਰਮ ਨਿਰਪੱਖ ਤਾਕਤਾਂ ਨੂੰ ਇਕੱਠੇ ਹੋ ਕੇ ਇਸਦਾ ਮੁਕਾਬਲਾ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਢੀਠਤਾਈ ਨਾਲ ਅਮਰੀਕਾ ਸਾਮਰਾਜ ਦੇ ਥੱਲੇ ਲੱਗ ਕੇ ਕਠਪੁੱਤਲੀ ਬਣੀ ਹੋਈ ਹੈ ਅਤੇ ਆਪਣੀ ਆਜ਼ਾਦਾਨਾ ਭੂਮਿਕਾ ਨਹੀਂ ਨਿਭਾ ਰਹੀ। ਇਸਦੇ ਫਲਸਰੂਪ ਦੇਸ਼ ਦੀ ਆਰਥਿਕਤਾ ਦਿਨੋਂ ਦਿਨ ਨਿੱਘਰ ਰਹੀ ਹੈ। ਸਮਾਜ ਦੇ ਹਰ ਵਰਗ ਵਿੱਚ ਸਰਕਾਰ ਪ੍ਰਤੀ ਭਾਰੀ ਰੋਸ ਅਤੇ ਗੁੱਸਾ ਹੈ। ਡਾਕਟਰ ਧਾਵਲੇ ਨੇ ਭਵਿੱਖ ਦੇ ਸਮੇਂ ਨੂੰ ਚੁਣੌਤੀਆਂ ਭਰਪੂਰ ਆਖਦਿਆਂ ਦੋਵਾਂ ਜਥੇਬੰਦੀਆਂ ਦੇ ਆਗੂਆਂ ਨੂੰ ਸੱਦਾ ਦਿੱਤਾ ਕਿ ਸਥਾਨਕ ਪੱਧਰ ‘ਤੇ ਸੰਘਰਸ਼ਾਂ ਨੂੰ ਤਿੱਖਾ ਕਰਨ ਅਤੇ ਕਿਸਾਨਾਂ-ਖੇਤ ਮਜ਼ਦੂਰਾਂ ਦੀ ਤਾਕਤ ਨੂੰ ਜਥੇਬੰਦਕ ਤੌਰ ‘ਤੇ ਮਜ਼ਬੂਤ ਕਰਨ।
ਆਰਥਿਕ ਮੰਗਾਂ ਮਸਲਿਆਂ ‘ਤੇ ਲੜਾਈ ਤਿੱਖੀ ਕਰਨ ਦੇ ਨਾਲ ਨਾਲ ਫਿਰਕੂ ਫਾਸ਼ੀਵਾਦੀ ਤਾਕਤਾਂ ਵਿਰੁੱਧ ਜ਼ਮੀਨੀ ਪੱਧਰ ‘ਤੇ ਲੜਾਈ ਤੇਜ਼ ਕਰਨੀ ਹੋਵੇਗੀ
ਇਸ ਮੌਕੇ ‘ਤੇ ਸੀ.ਪੀ.ਆਈ.(ਐਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਅੱਜ ਦੇਸ਼ ਪੱਧਰ ‘ਤੇ ਸਮੇਤ ਪੰਜਾਬ ਵਿੱਚ ਫਿਰਕੂ ਫਾਸ਼ੀਵਾਦੀ ਧਿਰਾਂ ਦੇ ਖਤਰਨਾਕ ਮਨਸੂਬਿਆਂ ਨੂੰ ਆਮ ਜਨਤਾ ਵਿੱਚ ਨੰਗਾ ਕਰਨ ਤੋਂ ਬਿਨਾਂ ਮਜ਼ਦੂਰਾਂ ਕਿਸਾਨਾਂ ਦੀ ਮਜ਼ਬੂਤ ਲਹਿਰ ਦੀ ਉਸਾਰੀ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਇਤਿਹਾਸਕ ਪਿਛੋਕੜ ਦਰਸਾਉਂਦਾ ਹੈ ਕਿ ਸਾਮਰਾਜੀ ਕਾਰਪੋਰੇਟ ਤਾਕਤਾਂ ਦੇ ਆਰਥਿਕ ਲੁੱਟ ਖਸੁੱਟ ਦੇ ਰਾਹ ਨੂੰ ਪੱਧਰਾ ਕਰਨ ਵਿੱਚ ਫਿਰਕੂ ਫਾਸ਼ੀਵਾਦੀ ਤਾਕਤਾਂ ਆਮ ਜਨਤਾ ਵਿੱਚ ਫਿਰਕੂ ਵੰਡੀਆਂ ਪਾ ਕੇ ਸ਼ੰਘਰਸ਼ਾਂ ਨੂੰ ਸੱਟ ਮਾਰਦੀਆਂ ਹਨ। ਉਨ੍ਹਾਂ ਕਿਹਾ ਕਿ ਆਰਥਿਕ ਮੰਗਾਂ ਮਸਲਿਆਂ ‘ਤੇ ਲੜਾਈ ਤਿੱਖੀ ਕਰਨ ਦੇ ਨਾਲ ਨਾਲ ਫਿਰਕੂ ਫਾਸ਼ੀਵਾਦੀ ਤਾਕਤਾਂ ਵਿਰੁੱਧ ਜ਼ਮੀਨੀ ਪੱਧਰ ‘ਤੇ ਲੜਾਈ ਤੇਜ਼ ਕਰਨੀ ਹੋਵੇਗੀ।
ਕਾਮਰੇਡ ਸੇਖੋਂ ਨੇ ਕਿਹਾ ਕਿ ਪੰਜਾਬ ਦਾ ਗੌਰਵਮਈ ਅਤੇ ਇਤਿਹਾਸਕ ਵਿਰਸਾ ਹੈ ਕਿ ਫਿਰਕੂ ਤਾਕਤਾਂ ਨੂੰ ਹਮੇਸ਼ਾ ਮੂੰਹ ਦੀ ਖਾਣੀ ਪਈ ਹੈ ਅਤੇ ਇਨ੍ਹਾਂ ਤਾਕਤਾਂ ਵਿਰੁੱਧ ਪੰਜਾਬੀਆਂ ਨੇ ਇੱਕਜੁੱਟ ਹੋ ਕੇ ਬੇਕਿਰਕੀ ਨਾਲ ਲੜਾਈ ਲੜੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਪੰਜਾਬੀਆਂ ਦੀਆਂ ਆਸਾਂ ਉਮੀਦਾਂ ‘ਤੇ ਖਰੀ ਨਹੀਂ ਉੱਤਰੀ। ਅੱਜ ਸੂਬੇ ਦੇ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ ਸਮੇਤ ਹਰ ਵਰਗ ਦੇ ਲੋਕ ਸੰਘਰਸ਼ਾਂ ਦੇ ਰਾਹ ਪਏ ਹੋਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ। ਨਿੱਤ ਦਿਨ ਕਤਲ,ਅਗਵਾ, ਲੁੱਟ ਖੋਹ, ਫ਼ਿਰੌਤੀਆਂ ਆਦਿ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ।
ਇਸ ਮੌਕੇ ‘ਤੇ ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਦੇ ਰਾਸ਼ਟਰੀ ਜੁਆਇੰਟ ਸਕੱਤਰ ਡਾਕਟਰ ਵਿਕਰਮ ਸਿੰਘ ਨੇ ਕਿਹਾ ਕਿ ਅੱਜ ਦੇਸ਼ ਦੇ ਪੇਂਡੂ ਖੇਤਰ ਦੇ ਮਜ਼ਦੂਰਾਂ ਕੋਲ ਰੁਜ਼ਗਾਰ ਦਾ ਕੋਈ ਵਸੀਲਾ ਨਹੀਂ। ਮੋਦੀ ਸਰਕਾਰ ਵੱਲੋਂ ਮਨਰੇਗਾ ਕਾਨੂੰਨ ਨੂੰ ਖ਼ਤਮ ਕਰਨ ਨਾਲ ਸਰਕਾਰ ਦਾ ਮਜ਼ਦੂਰ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ।
ਕੇਂਦਰ ਸਰਕਾਰ ਅਮਰੀਕਾ ਸਾਮਰਾਜ ਦੁਆਰਾ ਸੇਧਤ ਨਵ ਉਦਾਰਵਾਦੀ ਨੀਤੀਆਂ ਨੂੰ ਤੇਜ਼ੀ ਨਾਲ ਲਾਗੂ ਕਰ ਰਹੀ ਹੈ
ਖੇਤ ਮਜਦੂਰ ਆਗੂ ਨੇ ਕਿਹਾ ਕਿ ਕੇਂਦਰ ਸਰਕਾਰ ਅਮਰੀਕਾ ਸਾਮਰਾਜ ਦੁਆਰਾ ਸੇਧਤ ਨਵ ਉਦਾਰਵਾਦੀ ਨੀਤੀਆਂ ਨੂੰ ਤੇਜ਼ੀ ਨਾਲ ਲਾਗੂ ਕਰ ਰਹੀ ਹੈ ਜਿਸ ਕਾਰਨ ਹਰ ਵਰਗ ਦੇ ਲੋਕਾਂ ਦਾ ਜਿਉਣਾ ਦੁੱਭਰ ਹੋਇਆ ਪਿਆ ਹੈ। ਦੇਸ਼ ਅੰਦਰ ਮਹਿੰਗਾਈ , ਭੁੱਖਮਰੀ, ਬੇਰੁਜ਼ਗਾਰੀ, ਗਰੀਬੀ, ਭ੍ਰਿਸ਼ਟਾਚਾਰ ਲਗਾਤਾਰ ਵਧ ਰਿਹਾ ਹੈ। ਦੂਜੇ ਪਾਸੇ ਸਰਕਾਰ ਮੁੱਠੀ ਭਰ ਅਮੀਰ ਕਾਰਪੋਰੇਟ ਘਰਾਣਿਆਂ ਨੂੰ ਖੁੱਲੇ ਗੱਫੇ ਦੇ ਰਹੀ ਹੈ ਅਤੇ ਇੰਨ੍ਹਾਂ ਘਰਾਣਿਆਂ ਦੀ ਸੰਪਤੀ ਵਿੱਚ ਬੇਸ਼ੁਮਾਰ ਵਾਧਾ ਹੋ ਰਿਹਾ ਹੈ।
ਇਸ ਮੌਕੇ ‘ਤੇ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਸਾਥੀ ਮੇਜਰ ਸਿੰਘ ਭਿੱਖੀਵਿੰਡ, ਸੂਬਾ ਜਨਰਲ ਸਕੱਤਰ ਸਾਥੀ ਬਲਜੀਤ ਸਿੰਘ ਗਰੇਵਾਲ ਅਤੇ ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਸਾਥੀ ਸਤਪਾਲ ਸਿੰਘ ਬਨੂੜ, ਸੂਬਾ ਜਨਰਲ ਸਕੱਤਰ ਸਾਥੀ ਚਮਕੌਰ ਸਿੰਘ ਖੇੜੀ ਨੇ ਮੰਗ ਕੀਤੀ ਕਿ ਮਨਰੇਗਾ ਕਾਨੂੰਨ ਬਹਾਲ ਕੀਤਾ ਜਾਵੇ, ਬਿਜਲੀ ਬਿੱਲ ਵਾਪਸ ਲਿਆ ਜਾਵੇ, ਬੀਜ ਬਿੱਲ ਵਾਪਸ ਲਿਆ ਜਾਵੇ, ਕਿਸਾਨਾਂ ਮਜ਼ਦੂਰਾਂ ਦੇ ਸਮੁੱਚੇ ਕਰਜ਼ੇ ਮੁਆਫ਼ ਕੀਤੇ ਜਾਣ, ਆਬਾਦਕਾਰ ਕਿਸਾਨਾਂ ਨੂੰ ਜ਼ਮੀਨ ਦੇ ਮਾਲਕੀ ਹੱਕ ਦਿੱਤੇ ਜਾਣ, ਖੇਤ ਮਜ਼ਦੂਰਾਂ ਅਤੇ ਹੋਰ ਗਰੀਬਾਂ ਨੂੰ ਰਿਹਾਇਸ਼ੀ ਪਲਾਟ ਦਿੱਤੇ ਜਾਣ ਅਤੇ ਮੁਕਤ ਵਪਾਰ ਸੰਧੀਆਂ ਰੱਦ ਕੀਤੀਆਂ ਜਾਣ।
ਮੁਕਤ ਵਪਾਰ ਸੰਧੀਆਂ ਰੱਦ ਕੀਤੀਆਂ ਜਾਣ
ਇਸ ਸੂਬਾਈ ਰੈਲੀ ਮੌਕੇ ਹੋਰਨਾਂ ਤੋਂ ਇਲਾਵਾ ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਦੇ ਆਗੂ ਕਾਮਰੇਡ ਭੂਪ ਚੰਦ ਚੰਨੋਂ, ਕਾਮਰੇਡ ਗੁਰਮੇਸ਼ ਸਿੰਘ, ਕਾਮਰੇਡ ਸੁਖਪ੍ਰੀਤ ਸਿੰਘ ਜੌਹਲ, ਕਾਮਰੇਡ ਗੁਰਦਰਸ਼ਨ ਸਿੰਘ ਖਾਸਪੁਰ, ਕਾਮਰੇਡ ਸਵਰਨਜੀਤ ਸਿੰਘ ਦਲਿਓ, ਕਾਮਰੇਡ ਸੋਢੀ ਲਾਲ ਉੱਪਲ ਭੂਪਾ, ਕਾਮਰੇਡ ਹਰਬੰਸ ਸਿੰਘ ਧੂਤ, ਕਾਮਰੇਡ ਸਤਨਾਮ ਸਿੰਘ ਬੜੈਚ,ਕਾਮਰੇਡ ਧਰਮਪਾਲ ਸਿੰਘ ਸੀਲ, ਕਾਮਰੇਡ ਗੁਰਨੇਕ ਸਿੰਘ ਭੱਜਲ,ਕਾਮਰੇਡ ਜਸਵੀਰ ਸਿੰਘ ਝਬਾਲ, ਕਾਮਰੇਡ ਹੁਸਨ ਸਿੰਘ ਮਾਂਗਟ, ਕਾਮਰੇਡ ਸੁਰਜੀਤ ਸਿੰਘ ਗਗੜਾ, ਕਾਮਰੇਡ ਜਸਵਿੰਦਰ ਸਿੰਘ ਢੇਰ, ਕਾਮਰੇਡ ਲਖਵਿੰਦਰ ਸਿੰਘ ਮਰੜ, ਕਾਮਰੇਡ ਬਲਦੇਵ ਸਿੰਘ ਲਤਾਲਾ, ਡਾਕਟਰ ਗੁਰਵਿੰਦਰ ਸਿੰਘ, ਕਾਮਰੇਡ ਮੇਜਰ ਸਿੰਘ ਮੁਕਤਸਰ, ਕਾਮਰੇਡ ਤੇਜਾ ਸਿੰਘ ਬੜੈਚ, ਕਾਮਰੇਡ ਨਿੱਕਾ ਸਿੰਘ ਖੇੜਾ, ਕਾਮਰੇਡ ਹੀਰਾ ਸਿੰਘ, ਕਾਮਰੇਡ ਰਾਜਿੰਦਰ ਸਿੰਘ ਡੋਡ, ਡੀ.ਵਾਈ.ਐਫ.ਆਈ. ਦੇ ਸੂਬਾ ਸਕੱਤਰ ਸਾਥੀ ਸੁਖਦੀਪ ਸਿੰਘ ਗਰੇਵਾਲ ਆਦਿ ਵੀ ਮੌਜੂਦ ਸਨ।
ਇਸ ਰੈਲੀ ਮੌਕੇ ਕੇਰਲਾ ਦੇ ਸਾਬਕਾ ਮੁੱਖ ਮੰਤਰੀ ਕਾਮਰੇਡ ਪਿਨਾਰਾਇ ਵਿਜੀਜਨ ਦੇ ਘਰ ਈ.ਡੀ. ਵੱਲੋਂ ਰੇਡ ਮਾਰਨ ਦੇ ਵਿਰੁੱਧ, ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਦੇ ਵਾਧੇ ਵਿਰੁੱਧ ਅਤੇ ਮਹਿੰਗਾਈ ਖ਼ਿਲਾਫ਼, ਆਬਾਦਕਾਰ ਕਿਸਾਨਾਂ ਨੂੰ ਜ਼ਮੀਨ ਦੇ ਮਾਲਕੀ ਹੱਕ ਦੇਣ, ਪੰਜਾਬ ਦੀ ਅਮਨ ਕਾਨੂੰਨ ਦੀ ਵਿਗੜ ਰਹੀ ਸਥਿਤੀ, ਕੋ-ਅਪਰੇਟਿਵ ਸੁਸਾਇਟੀਆਂ ਦੇ ਹੱਦ ਕਰਜ਼ੇ ਵਧਾਉਣ ਸਬੰਧੀ ਸਰਕੂਲਰ ਵਾਪਸ ਲੈਣ ਵਿਰੁੱਧ, ਖੇਤੀ ਖਾਦਾਂ ਦੀ ਵਧੀਆ ਕੁਆਲਟੀ ਯਕੀਨੀ ਬਣਾਉਣ ਅਤੇ ਨਿਰਵਿਘਨ ਸਪਲਾਈ ਸਬੰਧੀ ਮਤੇ ਪਾਸ ਕੀਤੇ ਗਏ।

