ਵਧੀਕ ਡਿਪਟੀ ਕਮਿਸ਼ਨਰ ਨੇ ਲੜਕੀਆਂ ਨੂੰ ਉੱਚ ਸਿੱਖਿਆ ਦਿਵਾਉਣ ‘ਤੇ ਦਿੱਤਾ ਜ਼ੋਰ
ਜਲੰਧਰ 12 ਜਨਵਰੀ (ਜਸਵਿੰਦਰ ਸਿੰਘ ਆਜ਼ਾਦ)- ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਜ਼ਿਲ੍ਹਾ ਪੱਧਰ ‘ਤੇ 101 ਨਵਜਨਮੀਆਂ ਬੱਚੀਆਂ ਦੀ ਲੋਹੜੀ ਮਨਾਈ ਗਈ।
ਸਮਾਗਮ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਅਮਨਿੰਦਰ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਲੜਕੀਆਂ ਨੂੰ ਪੂਰਾ ਸਨਮਾਨ ਅਤੇ ਬਰਾਬਰੀ ਦਾ ਦਰਜਾ ਦੇਣ ਦਾ ਸੰਦੇਸ਼ ਦਿੱਤਾ।
ਉਨ੍ਹਾਂ ਕਿਹਾ ਕਿ ਲੜਕੀਆਂ ਅੱਜ ਅੱਗੇ ਵਧ ਕੇ ਵੱਡੇ ਮੁਕਾਮ ਹਾਸਲ ਕਰ ਰਹੀਆਂ ਹਨ ਅਤੇ ਕਿਸੇ ਵੀ ਖੇਤਰ ਵਿੱਚ ਪੁਰਸ਼ਾਂ ਤੋਂ ਘੱਟ ਨਹੀਂ ਹਨ। ਲੜਕੀਆਂ ਨੂੰ ਉੱਚ ਸਿੱਖਿਆ ਦਿਵਾਉਣ ‘ਤੇ ਜ਼ੋਰ ਦਿੰਦਿਆਂ ਉਨ੍ਹਾਂ ਮਾਪਿਆਂ ਨੂੰ ਧੀਆਂ ਦੀ ਚੰਗੀ ਪਰਵਰਿਸ਼ ਕਰਨ ਅਤੇ ਉਨ੍ਹਾਂ ਪ੍ਰਤੀ ਉਸਾਰੂ ਸੋਚ ਰੱਖਣ ਦੀ ਅਪੀਲ ਕੀਤੀ।
ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਮਨਜਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਵਜਨਮੀਆਂ ਬੱਚੀਆਂ ਦੇ ਸਨਮਾਨ ਵਿੱਚ ਧੀਆਂ ਦੀ ਲੋਹੜੀ ਮਨਾਈ ਗਈ ਹੈ, ਜਿਸ ਦਾ ਉਦੇਸ਼ ਸਮਾਜ ਨੂੰ ਬਰਾਬਰੀ ਦਾ ਸੰਦੇਸ਼ ਦੇਣਾ ਹੈ।
ਇਸ ਮੌਕੇ ਡਿਪਟੀ ਡਾਇਰੈਕਟਰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਨੀਲਮ ਮਹੇ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਰਵੀ ਦਾਰਾ, ਸਕੱਤਰ ਰੈੱਡ ਕਰਾਸ ਸੁਸਾਇਟੀ ਸੁਰਜੀਤ ਲਾਲ, ਲੋਕ ਗਾਇਕ ਦਲਵਿੰਦਰ ਦਿਆਲਪੁਰੀ, ਸਮਾਜ ਸੇਵੀ ਪਰਮਿੰਦਰ ਬੇਰੀ ਵੱਲੋਂ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਗਈ।
ਸਮਾਗਮ ਦੌਰਾਨ ਡੀਸੀਪੀੳ ਅਜੈ ਭਾਰਤੀ, ਸੀਡੀਪੀਓ ਜਲੰਧਰ ਅਰਬਨ, ਸੀਡੀਪੀਓ ਜਲੰਧਰ ਈਸਟ ,ਵੇਸਟ ਅਤੇ ਸੀਡੀਪੀਓ ਨਕੋਦਰ ਤੇ ਸੁਪਰਵਾਈਜ਼ਰ ਅਤੇ ਆਂਗਣਵਾੜੀ ਵਰਕਰ ਵੀ ਮੌਜੂਦ ਸਨ।

