ਹੁਸ਼ਿਆਰਪੁਰ 24 ਦਸੰਬਰ ( ਤਰਸੇਮ ਦੀਵਾਨਾ ) – ਸਿਆਣਿਆਂ ਦਾ ਕਹਿਣਾ ਹੈ ਕਿ ਸਿਹਤ ਸਭ ਤੋਂ ਵੱਡਾ ਧਨ ਹੈ। ਜ਼ਿੰਦਗੀ ਦੇ ਹੋਰ ਸਾਰੇ ਸੁਖ ਸਿਹਤ ਦੀ ਤੰਦਰੁਸਤੀ ਨਾਲ ਹੀ ਮਾਣੇ ਜਾ ਸਕਦੇ ਹਨ। ਇਸ ਲਈ ਸਿਹਤ ਨੂੰ ਤੰਦਰੁਸਤ ਰੱਖਣਾ ਸਾਡੇ ਲਈ ਅਤਿ ਜ਼ਰੂਰੀ ਹੈ ਪਰ ਅੱਜ ਕੱਲ੍ਹ ਦੌੜ-ਭੱਜ ਦੀ ਜ਼ਿੰਦਗੀ ਵਿਚ ਕਈ ਵਾਰ ਅਸੀਂ ਆਪਣੀ ਸਿਹਤ ਪ੍ਰਤੀ ਅਵੇਸਲੇ ਵੀ ਹੋ ਜਾਂਦੇ ਹਾਂ ਇਹਨਾ ਗੱਲਾਂ ਦਾ ਪ੍ਰਗਟਾਵਾ ਡੇਰਾ 108 ਸੰਤ ਬਾਬਾ ਮੇਲਾ ਰਾਮ ਦੇ ਮੌਜੂਦਾ ਗੱਦੀ ਨਸ਼ੀਨ ਅਤੇ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ. ਪੰਜਾਬ ਦੇ ਪ੍ਰਧਾਨ ਸੰਤ ਬਾਬਾ ਕੁਲਵੰਤ ਰਾਮ ਭਰੋਮਜਾਰਾ ਨੇ ਸਾਡੇ ਪੱਤਰਕਾਰ ਨਾਲ ਇੱਕ ਮੁਲਾਕਾਤ ਦੌਰਾਨ ਕੀਤਾ ! ਉਹਨਾਂ ਕਿਹਾ ਕਿ ਭੌਤਿਕ ਸੁੱਖਾਂ ਦੀ ਪ੍ਰਾਪਤੀ ਅਤੇ ਧੰਨ – ਦੌਲਤ ਸੰਗ੍ਰਹਿ ਕਰਨ ਦੀ ਪ੍ਰਵਿਰਤੀ ਕਰਕੇ ਅੱਜ ਸਿਹਤ ਲਈ ਸਮੇਂ ਦੀ ਘਾਟ ਜਾਪਣ ਲੱਗ ਪਈ ਹੈ ਪਰ ਕੁਦਰਤ ਨੇ ਸਾਨੂੰ ਹਰ ਤਰ੍ਹਾਂ ਦੀਆਂ ਸੁੱਖ – ਸਹੂਲਤਾਂ ਤੇ ਕੁਦਰਤੀ ਤੋਹਫਿਆਂ ਨਾਲ ਨਿਵਾਜਿਆ ਹੈ । ਉਹਨਾਂ ਕਿਹਾ ਕਿ ਕਈ ਵਾਰ ਅਣਜਾਣਪੁਣੇ ਵਿਚ ਅਸੀਂ ਉਨ੍ਹਾਂ ਤੋਂ ਸਹੀ ਤੇ ਪੂਰਾ ਲਾਭ ਲੈਣ ਤੋਂ ਵਾਝੇ ਰਹਿ ਜਾਂਦੇ ਹਾਂ।
ਉਹਨਾਂ ਕਿਹਾ ਕਿ ਇਨ੍ਹਾਂ ਕੀਮਤੀ ਅਤੇ ਅਨਮੋਲ ਤੋਹਫ਼ਿਆਂ ਵਿਚੋਂ ਕੁਦਰਤ ਦਾ ਬਹੁਤ ਹੀ ਵਡਮੁੱਲਾ ਤੋਹਫ਼ਾ ਹੈ
ਉਹਨਾਂ ਕਿਹਾ ਕਿ ਇਨ੍ਹਾਂ ਕੀਮਤੀ ਅਤੇ ਅਨਮੋਲ ਤੋਹਫ਼ਿਆਂ ਵਿਚੋਂ ਕੁਦਰਤ ਦਾ ਬਹੁਤ ਹੀ ਵਡਮੁੱਲਾ ਤੋਹਫ਼ਾ ਹੈ ਸਵੇਰ ਦੀ ਸੈਰ ਦਾ ਸਮਾਂ ਜੋ ਕਿ ਸੂਰਜ ਦੇ ਚੜ੍ਹਨ ਤੋਂ ਪਹਿਲਾਂ ਦਾ ਵਕਤ ਸਿਹਤ ਪੱਖੋਂ ਮਨੁੱਖ ਲਈ ਬਹੁਤ ਹੀ ਲਾਹੇਵੰਦ ਹੁੰਦਾ ਹੈ । ਸ਼ਾਇਦ ਇਸੇ ਲਈ ਸਾਡੇ ਮਹਾਨ ਵਿਦਵਾਨਾਂ ਅਤੇ ਮਹਾਂਪੁਰਸ਼ਾਂ ਨੇ ਸਾਨੂੰ ਸਵੇਰ ਦੇ ਸਮੇਂ ਜਲਦੀ ਉੱਠ ਜਾਣ ਅਤੇ ਸਵੇਰ ਦੀ ਸੈਰ ਜ਼ਰੂਰ ਕਰਨ ਦੀ ਨੈਤਿਕ ਸਿੱਖਿਆ ਦਿੱਤੀ ਹੈ । ਕਿਉਂਕਿ ਸਵੇਰ ਦੇ ਸਮੇਂ ਜੋ ਸ਼ਾਂਤੀ, ਸਕੂਨ, ਪੰਛੀਆਂ ਦੀ ਚਹਿਚਹਾਹਟ, ਸ਼ੁੱਧ ਤੇ ਠੰਢੀ ਹਵਾ ਅਤੇ ਸਿਹਤ ਲਈ ਗੁਣਕਾਰੀ ਵਾਤਾਵਰਣ ਹੁੰਦਾ ਹੈ।
ਉਹਨਾਂ ਕਿਹਾ ਕਿ ਸਾਡੇ ਵਡੇਰਿਆ ਨੇ ਸਾਨੂੰ ਸਵੇਰ ਦੀ ਸੈਰ ਕਰਨ ਅਤੇ ਸ਼ੁੱਧ ਮੰਨ ਨਾਲ ਪ੍ਰਮਾਤਮਾ ਦੀ ਬੰਦਗੀ ਕਰਨ ਦੀ ਸਿੱਖਿਆ ਤੇ ਪ੍ਰੇਰਨਾ ਵੀ ਦਿੱਤੀ । ਸਵੇਰ ਦੇ ਸਮੇਂ ਧਾਰਮਿਕ ਸਥਾਨਾਂ ਤੋਂ ਪਰਮਾਤਮਾ ਦੀ ਬੰਦਗੀ ਦੀਆਂ ਆਉਂਦੀਆਂ ਰੂਹਾਨੀ ਅਵਾਜ਼ਾਂ ਜਦੋਂ ਸਾਡੇ ਕੰਨਾਂ ਵਿਚ ਪੈਂਦੀਆਂ ਹਨ ਤਾਂ ਆਤਮਿਕ ਤੌਰ ‘ਤੇ ਬਲ ਪ੍ਰਾਪਤ ਹੁੰਦਾ ਹੈ ਅਤੇ ਨਵੀਂ ਊਰਜਾ ਦਾ ਸੰਚਾਰ ਵੀ ਹੁੰਦਾ ਹੈ।

