ਸੰਜੀਵ ਤਲਵਾੜ ,ਸਾਂਪਲਾ,ਠੰਡਲ,ਕਰੀਮਪੁਰੀ ਤੇ ਕਈ ਵੱਡੇ ਆਗੂ ਹੋਏ ਅੰਤਿਮ ਅਰਦਾਸ ਮੌਕੇ ਸ਼ਾਮਲ
ਹੁਸ਼ਿਆਰਪੁਰ 22 ਦਸੰਬਰ (ਤਰਸੇਮ ਦੀਵਾਨਾ ) – ਬਹੁਜਨ ਸਮਾਜ ਪਾਰਟੀ ਦੇ ਆਗੂ ਭਗਵਾਨ ਸਿੰਘ ਚੌਹਾਨ ਜਿਨਾਂ ਦੀ ਪਿਛਲੇ ਦਿਨੀਂ ਇੱਕ ਸੰਖੇਪ ਜਿਹੀ ਬਿਮਾਰੀ ਪਿੱਛੋਂ ਮੌਤ ਹੋ ਗਈ ਸੀ, ਓਨਾਂ ਦੀ ਅੰਤਿਮ ਅਰਦਾਸ ਮੌਕੇ ਗੁਰਦੁਆਰਾ ਕਲਗੀਧਰ ਸਾਹਮਣੇ ਰੋਸ਼ਨ ਗਰਾਉਂਡ ਹੁਸ਼ਿਆਰਪੁਰ ਵਿਖੇ ਵਿਸ਼ੇਸ਼ ਸ਼ਰਧਾਂਜਲੀ ਸਮਾਗਮ ਹੋਇਆ। ਇਸ ਮੌਕੇ ਵੱਖ ਵੱਖ ਧਾਰਮਿਕ, ਸਮਾਜਿਕ ਤੇ ਰਾਜਨੀਤਕ ਪਾਰਟੀਆਂ ਦੇ ਆਗੂਆਂ, ਸੱਜਣਾਂ ਮਿੱਤਰਾਂ ਅਤੇ ਰਿਸ਼ਤੇਦਾਰਾਂ ਵਲੋਂ ਭਗਵਾਨ ਸਿੰਘ ਚੌਹਾਨ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ । ਇਸ ਮੌਕੇ ਸ਼ਰਧਾਂਜਲੀ ਭੇਟ ਕਰਨ ਵਾਲਿਆਂ ਵਿਚ ਬਸਪਾ ਪੰਜਾਬ ਦੇ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਸਾਬਕਾ ਮੈਂਬਰ ਰਾਜ ਸਭਾ, ਸਾਬਕਾ ਕੇਂਦਰੀ ਮੰਤਰੀ ਵਿਜੈ ਸਾਂਪਲਾ, ਸੋਹਣ ਸਿੰਘ ਠੰਡਲ, ਮੇਅਰ ਸੁਰਿੰਦਰ ਕੁਮਾਰ, ਸੰਜੀਵ ਤਲਵਾੜ,ਐਡਵੋਕੇਟ ਰੋਹਿਤ ਜੋਸ਼ੀ ਵਿਸ਼ੇਸ਼ ਤੌਰ ਤੇ ਹਾਜਰ ਸਨ।
ਭਗਵਾਨ ਸਿੰਘ ਚੌਹਾਨ ਦਾ ਜੀਵਨ ਬਹੁਤ ਹੀ ਸੰਘਰਸ਼ਮਈ ਰਿਹਾ ਹੈ
ਇਸ ਮੌਕੇ ਸ੍ਰੀ ਚੌਹਾਨ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਬਸਪਾ ਪੰਜਾਬ ਦੇ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਸਾਬਕਾ ਮੈਂਬਰ ਰਾਜ ਸਭਾ ਨੇ ਕਿਹਾ ਕਿ ਭਗਵਾਨ ਸਿੰਘ ਚੌਹਾਨ ਦਾ ਜੀਵਨ ਬਹੁਤ ਹੀ ਸੰਘਰਸ਼ਮਈ ਰਿਹਾ ਹੈ ਗਰੀਬੀ ਅਤੇ ਪਿੰਡ ਪੱਧਰ ਤੋਂ ਉਪਰ ਉੱਠ ਕੇ ਇੰਡੀਅਨ ਨੇਵੀ ਵਿਚ ਰੇਡੀਓ ਆਫ਼ਿਸਰ ਸੇਵਾ ਮੁਕਤ ਹੋਣ ਤੋਂ ਬਾਦ ਵਿਦੇਸ਼ਾਂ ਵਿਚ ਬਹੁਤ ਮਿਹਨਤ ਕੀਤੀ ਅਤੇ ਆਪਣੇ ਪਰਿਵਾਰ, ਭੈਣਾਂ, ਭਰਾਵਾਂ ਲਈ ਬਹੁਤ ਸੰਘਰਸ਼ ਕੀਤਾ ਅਤੇ ਵਿਦੇਸ਼ ਤੋਂ ਵਾਪਸ ਆਕੇ ਸਾਹਿਬ ਕਾਂਸ਼ੀ ਰਾਮ ਦੇ ਸਮਾਜਿਕ ਆਰਥਿਕ ਅਤੇ ਰਾਜਨੀਤਕ ਪਰਿਵਰਤਨ ਦੇ ਅੰਦੋਲਨ ਤੋਂ ਪ੍ਰਭਾਵਿਤ ਹੋ ਕੇ ਬਹੁਜਨ ਸਮਾਜ ਪਾਰਟੀ ਵਿਚ ਸ਼ਾਮਲ ਹੋ ਕੇ ਬਹੁਤ ਘੱਟ ਸਮੇਂ ਵਿਚ ਨੈਸ਼ਨਲ ਪੱਧਰ ਦੇ ਆਗੂ ਹੋਣ ਦਾ ਮੁਕਾਮ ਹਾਂਸਲ ਕੀਤਾ।
ਉਨਾਂ ਦੱਸਿਆ ਕਿ ਚੌਹਾਨ ਜੰਮੂ ਕਸ਼ਮੀਰ, ਹਿਮਾਚਲ ਅਤੇ ਪੰਜਾਬ ਦੇ ਕੋਆਰਡੀਨੇਟਰ ਦੀ ਜਿੰਮੇਬਾਰੀ ਪੂਰੀ ਤਨਦੇਹੀ ਨਾਲ ਨਿਭਾਉਂਦਿਆਂ ਮਾਨਸਿਕ ਤੌਰ ਤੇ ਗੁਲਾਮਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਉਂਦਿਆਂ ਇਸ ਫਾਨੀ ਸੰਸਾਰ ਤੋਂ ਹਮੇਸ਼ਾ ਲਈ ਚਲੇ ਗਿਆ। ਓਹਨਾਂ ਕਿਹਾ ਬਸਪਾ ਹਮੇਸ਼ਾ ਚੌਹਾਨ ਦੀ ਤਰਕ ਭਰਪੂਰ ਤੇ ਅਗਾਂਹਵਧੂ ਸੋਚ ਤੇ ਪਹਿਰਾ ਦਿੰਦੀ ਰਹੇਗੀ ਅਤੇ ਪਰਿਵਾਰ ਨਾਲ ਹਰ ਦੁੱਖ ਸੁੱਖ ਵਿਚ ਹਰ ਸਮੇਂ ਖੜੀ ਰਹੇਗੀ। ਇਸ ਮੌਕੇ ਚੌਹਾਨ ਦੇ ਸਪੁੱਤਰ ਸੋਨੂੰ ਚੌਹਾਨ ਅਤੇ ਨੂੰਹ ਤਾਨੀਆ,ਧਰਮ ਸੁਪਤਨੀ ਜੀਤ ਕੌਰ ਅਤੇ ਭੈਣ ਭਰਾ ਸਕੇ ਸਬੰਧੀ ਪਰਿਵਾਰ ਹਾਜਰ ਸਨ।
ਇਸ ਮੌਕੇ ਮਦਨ ਸਿੰਘ ਬੈੰਸ, ਬਖਸ਼ੀ ਰਾਮ ਰਿਟਾ ਡੀ ਐਸ ਪੀ, ਸਰਪੰਚ ਨਰਿੰਦਰ ਪਾਲ,ਸੁਰਜੀਤ ਕੁਮਾਰ ਮਹਿੰਮੀ, ਮੋਹਣ ਲਾਲ ਪਹਿਲਵਾਨ, ਯਸ਼ ਭੱਟੀ,ਕਾਮਰੇਡ ਗੰਗਾ ਪ੍ਰਸ਼ਾਦ,ਕਸ਼ਮੀਰ ਸਿੰਘ ਪੱਖੋਵਾਲ, ਕਸ਼ਮੀਰ ਲੱਧੜ,ਨਰਿੰਦਰ ਖਨੌੜਾ, ਮੋਹਣ ਲਾਲ ਸੁਭਾਸ਼ ਨਗਰ, ਅਵਤਾਰ ਸਿੰਘ ਪੀਰ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।

