ਹੁਸ਼ਿਆਰਪੁਰ 22 ਦਸੰਬਰ ( ਤਰਸੇਮ ਦੀਵਾਨਾ ) – ਨਿਊਜ਼ੀਲੈਂਡ, ਦੁਨੀਆ ਦੇ ਸਭ ਤੋਂ ਵੱਧ ਅਮਨ-ਪਸੰਦ ਦੇਸ਼ਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਵਿੱਚ ਸਿੱਖ ਭਾਈਚਾਰੇ ਵੱਲੋਂ ਸ਼ਹੀਦੀ ਦਿਹਾੜਿਆਂ ਦੇ ਸੰਦਰਭ ‘ਚ ਪੂਰੀ ਸ਼ਾਂਤੀ ਅਤੇ ਧਾਰਮਿਕ ਮਰਿਆਦਾ ਅਨੁਸਾਰ ਸਜਾਏ ਗਏ ਨਗਰ ਕੀਰਤਨ ਨੂੰ ਉੱਥੋਂ ਦੇ ਇੱਕ ਚਰਚਿਤ ਅਤੇ ਵਿਵਾਦਿਤ ਕੱਟੜਪੰਥੀ ਬ੍ਰਾਇਨ ਤਮਾਕੀ ਦੀ ਅਗਵਾਈ ਵਾਲੇ “ਡੈਸਟਨੀ ਗਰੁੱਪ” ਵੱਲੋਂ ਰੋਕਣ ਅਤੇ ਖ਼ਲਲ ਪਾਉਣ ਦੀ ਕੀਤੀ ਗਈ ਕੋਸ਼ਿਸ਼ ਨੇ ਸਿੱਖ ਭਾਈਚਾਰੇ ਨੂੰ ਗਹਿਰੀ ਚਿੰਤਾ ਅਤੇ ਰੋਸ ਵਿੱਚ ਧੱਕ ਦਿੱਤਾ ਹੈ। ਇਹ ਵਿਚਾਰ “ਸੱਭਿਆਚਾਰ ਸੰਭਾਲ ਸੁਸਾਇਟੀ” ਦੇ ਪ੍ਰਧਾਨ ਮਾਸਟਰ ਕੁਲਵਿੰਦਰ ਸਿੰਘ ਜੰਡਾ ਨੇ ਸਾਡੇ ਪੱਤਰਕਾਰ ਨਾਲ ਇੱਕ ਪ੍ਰੈਸ ਵਾਰਤਾ ਦੌਰਾਨ ਸਾਂਝੇ ਕੀਤਾ ! ਉਹਨਾਂ ਕਿਹਾ ਕਿ ਖ਼ਾਸ ਤੌਰ ‘ਤੇ ਇਸ ਸੰਵੇਦਨਸ਼ੀਲ ਮਾਹੌਲ ਵਿੱਚ ਵੀ ਸਿੱਖ ਭਾਈਚਾਰੇ ਨੇ ਸੰਜਮ, ਸਹਿਣਸ਼ੀਲਤਾ ਅਤੇ ਸ਼ਾਂਤੀ ਦਾ ਪ੍ਰਦਰਸ਼ਨ ਕਰਦਿਆਂ ਕਿਸੇ ਵੀ ਤਰ੍ਹਾਂ ਦੇ ਟਕਰਾਅ ਤੋਂ ਪਰਹੇਜ਼ ਕੀਤਾ।
ਉਹਨਾਂ ਕਿਹਾ ਇਹ ਵਰਤਾਓ ਸਿੱਖ ਧਰਮ ਦੀ ਮੂਲ ਸਿੱਖਿਆ “ਸਰਬੱਤ ਦਾ ਭਲਾ ਨਾ, ਭਰਾਤਰੀ ਭਾਵ ਅਤੇ ਮਨੁੱਖਤਾ ਦੀ ਸੇਵਾ ਦੀ ਜਿਊਂਦੀ ਜਾਗਦੀ ਮਿਸਾਲ ਹੈ। ਉਨ੍ਹਾਂ ਕਿਹਾ ਕਿ ਨਫ਼ਰਤ ਭਰੀ ਨਾਅਰੇਬਾਜ਼ੀ ਅਤੇ ਉਕਸਾਉਂਦੇ ਹੋਏ ਬੈਨਰਾਂ ਰਾਹੀਂ ਧਾਰਮਿਕ ਸਮਾਗਮ ਨੂੰ ਨਿਸ਼ਾਨਾ ਬਣਾਉਣਾ ਬੇਹੱਦ ਦੁਖਦਾਈ ਅਤੇ ਨਿੰਦਣਯੋਗ ਹੈ। ਉਹਨਾਂ ਕਿਹਾ ਕਿ ਇਹ ਘਟਨਾ ਸਿਰਫ਼ ਧਾਰਮਿਕ ਆਜ਼ਾਦੀ ‘ਤੇ ਹੀ ਨਹੀਂ, ਸਗੋਂ ਬਹੁ-ਸਭਿਆਚਾਰਕ ਸਮਾਜਿਕ ਸਾਂਝ ਅਤੇ ਅੰਤਰਰਾਸ਼ਟਰੀ ਧਾਰਮਿਕ ਸਹਿਣਸ਼ੀਲਤਾ ਦੇ ਮੂਲ ਅਸੂਲਾਂ ‘ਤੇ ਵੀ ਗੰਭੀਰ ਸਵਾਲ ਖੜੇ ਕਰਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਤੱਤ ਪ੍ਰਵਾਸੀ ਭਾਈਚਾਰਿਆਂ ਪ੍ਰਤੀ ਨਫ਼ਰਤ ਦਾ ਜ਼ਹਿਰ ਘੋਲਣ ਦੀ ਕੋਸ਼ਿਸ਼ ਕਰ ਰਹੇ ਹਨ।
ਨਗਰ ਕੀਰਤਨ ਸਿੱਖ ਧਰਮ ਦੀ ਇੱਕ ਪਵਿੱਤਰ, ਇਤਿਹਾਸਕ ਅਤੇ ਵਿਸ਼ਵ ਪੱਧਰੀ ਮਾਨਤਾ ਪ੍ਰਾਪਤ ਧਾਰਮਿਕ ਪਰੰਪਰਾ ਹੈ
ਉਹਨਾਂ ਕਿਹਾ ਕਿ ਨਗਰ ਕੀਰਤਨ ਸਿੱਖ ਧਰਮ ਦੀ ਇੱਕ ਪਵਿੱਤਰ, ਇਤਿਹਾਸਕ ਅਤੇ ਵਿਸ਼ਵ ਪੱਧਰੀ ਮਾਨਤਾ ਪ੍ਰਾਪਤ ਧਾਰਮਿਕ ਪਰੰਪਰਾ ਹੈ, ਜੋ ਸਿਰਫ਼ ਸਿੱਖ ਭਾਈਚਾਰੇ ਤੱਕ ਸੀਮਤ ਨਹੀਂ ਰਹਿੰਦੀ, ਸਗੋਂ ਸਮੂਹ ਸਮਾਜ ਨੂੰ ਪ੍ਰੇਮ, ਏਕਤਾ ਅਤੇ ਸ਼ਾਂਤੀ ਦਾ ਸੰਦੇਸ਼ ਦਿੰਦੀ ਹੈ। ਉਹਨਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਲੈ ਕੇ ਦੁਨੀਆ ਦੇ ਹਰ ਉਸ ਦੇਸ਼ ਤੱਕ, ਜਿੱਥੇ ਵੀ ਪੰਜਾਬੀ ਵੱਸਦਾ ਹੈ, ਨਗਰ ਕੀਰਤਨ ਸਿੱਖੀ ਦੀ ਸ਼ਾਂਤੀਪੂਰਵਕ ਪਹਿਚਾਣ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰਾ ਦੁਨੀਆ ਭਰ ਵਿੱਚ ਸਦਾ ਹੀ ਸਥਾਨਕ ਕਾਨੂੰਨਾਂ, ਸਭਿਆਚਾਰਾਂ ਅਤੇ ਸਮਾਜਕ ਮਰਿਆਦਾਵਾਂ ਦਾ ਸਤਿਕਾਰ ਕਰਦਾ ਆਇਆ ਹੈ ਅਤੇ ਸਖ਼ਤ ਮਿਹਨਤ ਤੇ ਇਮਾਨਦਾਰੀ ਨਾਲ ਆਪਣੀ ਵਿਲੱਖਣ ਪਛਾਣ ਬਣਾਈ ਹੈ।
ਲੰਗਰ, ਨਿਸ਼ਕਾਮ ਸੇਵਾ ਅਤੇ ਮਨੁੱਖਤਾ ਦੀ ਭਲਾਈ ਰਾਹੀਂ ਸਿੱਖਾਂ ਨੇ ਹਰ ਦੇਸ਼ ਵਿੱਚ ਸਮਾਜਿਕ ਸਾਂਝ ਨੂੰ ਮਜ਼ਬੂਤ ਕੀਤਾ ਹੈ ਅਤੇ ਕੁਦਰਤੀ ਆਫ਼ਤਾਂ ਦੇ ਸਮੇਂ ਹਮੇਸ਼ਾਂ ਅੱਗੇ ਵਧ ਕੇ ਸੇਵਾ ਕਰਨੀ ਆਪਣਾ ਕਰਤੱਵ ਮੰਨਿਆ ਹੈ। ਉਹਨਾਂ ਕਿਹਾ ਕਿ ਧਾਰਮਿਕ ਆਜ਼ਾਦੀ, ਆਪਸੀ ਸਤਿਕਾਰ ਅਤੇ घर-ਸਭਿਆਚਾਰਕ ਸਹਿਣਸ਼ੀਲਤਾ ਹੀ ਕਿਸੇ ਵੀ ਲੋਕਤੰਤਰਿਕ ਅਤੇ ਵਿਕਸਤ ਸਮਾਜ ਦੀ ਅਸਲ ਪਛਾਣ ਹੁੰਦੀ ਹੈ। ਭਾਰਤ, ਜੋ ਸਦਾ ਤੋਂ ਹੀ ਵਿਸ਼ਵ ਨੂੰ ਸ਼ਾਂਤੀ ਦਾ ਮਾਰਗ ਦਰਸ਼ਨ ਦਿੰਦਾ ਆਇਆ ਹੈ।

