ਸਕੂਲਾਂ ਵਿੱਚ ਸਵਿਧਾਨ ਨੂੰ ਲਾਜ਼ਮੀ ਵਿਸ਼ੇ ਵਝੋ ਪੜਾਉਣ ਨਾਲ ਕਮਜ਼ੋਰ ਵਰਗਾਂ ਤੇ ਹੋ ਰਹੇ ਅੱਤਿਆਚਾਰਾਂ ਚ ਵੱਡੀ ਪੱਧਰ ਤੇ ਕਮੀ ਆਵੇਗੀ : ਬੰਟੀ ਹਰਿਆਣਾ, ਰਾਜੂ
ਹੁਸ਼ਿਆਰਪੁਰ 22 ਦਸੰਬਰ (ਤਰਸੇਮ ਦੀਵਾਨਾ) – ਬੇਗਮਪੁਰਾ ਟਾਈਗਰ ਫੋਰਸ ਵਲੋਂ ਸੂਬੇ ਦੇ ਸਮੂਹ ਵਿੱਦਿਅਕ ਅਦਾਰਿਆਂ ਵਿੱਚ ਭਾਰਤੀ ਸੰਵਿਧਾਨ ਨੂੰ ਲਾਜ਼ਮੀ ਵਿਸ਼ੇ ਵਜੋਂ ਪੜਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਈ ਤਹਿਸੀਲ ਭੂੰਗਾ ਦੇ ਨਾਇਬ ਤਹਿਸੀਲਦਾਰ ਦੀ ਗੈਰ ਹਾਜ਼ਰੀ ਵਿੱਚ ਉਹਨਾਂ ਦੇ ਰੀਡਰ ਇਕਬਾਲਪ੍ਰੀਤ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਨਿਲ ਕੁਮਾਰ ਬੰਟੀ ਪ੍ਰਧਾਨ ਹਲਕਾ ਹਰਿਆਣਾ ਭੂੰਗਾ ਨੇ ਦੱਸਿਆ ਕਿ ਭਾਰਤੀ ਸੰਵਿਧਾਨ ਦੁਨੀਆਂ ਦੇ ਸਭ ਤੋਂ ਵਧੀਆ ਸੰਵਿਧਾਨਾ ਵਿੱਚੋਂ ਇੱਕ ਹੈ। ਪਰ ਦੁੱਖ ਦੀ ਗੱਲ ਇਹ ਹੈ ਕਿ ਪੰਜਾਬ ਵਾਸੀਆਂ ਨੂੰ ਭਾਰਤੀ ਸੰਵਿਧਾਨ ਬਾਰੇ ਬਹੁਤੀ ਜਾਣਕਾਰੀ ਨਾ ਹੋਣ ਕਰਕੇ ਉਹ ਅਧਿਕਾਰਾਂ ਤੋਂ ਵਾਂਝੇ ਰਹਿ ਜਾਂਦੇ ਹਨ ਜਾਂ ਉਹਨਾਂ ਵਿੱਚ ਜਾਣੇ ਅਣਜਾਣੇ ਵਿੱਚ ਅਨੁਸ਼ਾਸਨਹੀਨਤਾ ਪਾਈ ਜਾਦੀ ਹੈ। ਉਹਨਾ ਕਿਹਾ ਕਿ ਕਈ ਨਾਗਰਿਕ ਆਪਣੇ ਅਧਿਕਾਰਾਂ ਤੋਂ ਵਾਂਝੇ ਰਹਿ ਜਾਂਦੇ ਹਨ ਇਸ ਲਈ ਉਹਨਾਂ ਨੂੰ ਭਾਰਤੀ ਸੰਵਿਧਾਨ ਬਾਰੇ ਜਾਣਕਾਰੀ ਹੋਣੀ ਬਹੁਤ ਜਰੂਰੀ ਹੈ।
ਭਾਰਤ ਦੇ ਸੰਵਿਧਾਨ ਦੇ 395, ਅਨੁਛੇਦ 12 ਅਨੁਸੂਚੀਆਂ ਅਤੇ 22 ਭਾਗ ਹਨ ਜੋ ਇਸ ਨੂੰ ਸੰਸਾਰ ਦਾ ਸਭ ਤੋਂ ਵੱਡਾ ਸੰਵਿਧਾਨ ਹੋਣ ਦਾ ਮਾਣ ਬਖਸ਼ਦੇ ਹਨ। ਇਸ ਲਈ ਇਹਨਾਂ ਭਾਰਤੀ ਸੰਵਿਧਾਨ ਨੂੰ ਸੂਬੇ ਦੇ ਸਮੂਹ ਵਿਦਿਆਕ ਅਦਾਰਿਆਂ ਵਿੱਚ ਪੜ੍ਹਾਉਣਾ ਬਹੁਤ ਜਰੂਰੀ ਹੈ। ਉਹਨਾਂ ਕਿਹਾ ਕਿ ਸਾਰੇ ਹੀ ਨਾਗਰਿਕਾਂ ਨੂੰ ਮੌਲਿਕ ਅਧਿਕਾਰਾਂ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ।
ਅਨੁਸੂਚਿਤ ਜਾਤੀਆਂ, ਅਨੁਸੂਚਿਤ ਜਨ ਜਾਤੀਆਂ, ਇਸਤਰੀਆਂ ਅਤੇ ਹੋਰ ਪਿਛੜੀਆਂ ਸ਼੍ਰੇਣੀਆਂ ਤੇ ਹੋ ਰਹੇ ਜ਼ੁਲਮਾਂ ਵਿੱਚ ਕਮੀ ਆਵੇਗੀ
ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਦੇਸ਼ ਦਾ ਸੰਵਿਧਾਨ ਉਹਨਾਂ ਨੂੰ 6 ਅਧਿਕਾਰਾਂ (ਅਨੁਛੇਦ 12 ਤੋਂ 35 ਤੱਕ ) ਦੀ ਗਰੰਟੀ ਦਿੰਦਾ ਹੈ। ਜੇਕਰ ਇਹ ਅਧਿਕਾਰ ਪ੍ਰਾਪਤ ਨਹੀਂ ਹੁੰਦੇ ਤਾਂ ਉਹਨਾਂ ਅਧਿਕਾਰਾਂ ਨੂੰ ਪ੍ਰਾਪਤ ਕਰਨ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਭਾਰਤੀ ਸਮਾਜ ਦੀਆਂ ਅਨੁਸੂਚਿਤ ਜਾਤੀਆਂ, ਅਨੁਸੂਚਿਤ ਜਨ ਜਾਤੀਆਂ, ਇਸਤਰੀਆਂ ਅਤੇ ਹੋਰ ਪਿਛੜੀਆਂ ਸ਼੍ਰੇਣੀਆਂ ਤੇ ਹੋ ਰਹੇ ਜ਼ੁਲਮਾਂ ਵਿੱਚ ਕਮੀ ਆਵੇਗੀ। ਉਹਨਾਂ ਦੱਸਿਆ ਕਿ ਜਿੱਥੇ ਦੇਸ਼ ਦੇ ਨਾਗਰਿਕਾਂ ਨੂੰ ਆਪਣੇ ਕਾਨੂੰਨੀ ਅਧਿਕਾਰਾਂ ਨੂੰ ਮਾਨਣ ਦਾ ਅਧਿਕਾਰ ਹੈ, ਉੱਥੇ ਉਹਨਾਂ ਨੂੰ ਦੂਸਰੇ ਨਾਗਰਿਕਾਂ ਅਤੇ ਦੇਸ਼ ਪ੍ਰਤੀ ਆਪਣੀਆਂ ਜਿੰਮੇਵਾਰੀਆਂ ਬਾਰੇ ਵੀ ਗਿਆਨ ਹੋਣਾ ਚਾਹੀਦਾ ਹੈ, ਜਿਹਨਾਂ ਨੂੰ ਭਾਰਤੀ ਸੰਵਿਧਾਨ ਵਿੱਚ ਬੜੀ ਵਿਸਥਾਰ ਨਾਲ ਦਰਜ ਕੀਤਾ ਗਿਆ ਹੈ।
ਉਹਨਾਂ ਦੱਸਿਆ ਕੀ ਅਨੁਛੇਦ 51-ਏ ਅਨੁਸਾਰ ਕਰਤਵਾਂ ਦੀ ਗਿਣਤੀ 11 ਹੈ। ਜਿਹਨਾਂ ਬਾਰੇ ਹਰੇਕ ਨਾਗਰਿਕ ਨੂੰ ਗਿਆਨ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਭਾਰਤੀ ਸੰਵਿਧਾਨ ਵਿੱਚ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ (ਅਨੁਛੇਦ 36 ਤੋਂ 51 ਤੱਕ) ਦਿੱਤੇ ਗਏ ਹਨ, ਜਿਸ ਅਨੁਸਾਰ ਸਰਕਾਰ ਨੇ ਆਪਣੀਆਂ ਨੀਤੀਆਂ ਬਣਾਉਣੀਆਂ ਹੁੰਦੀਆਂ ਹਨ। ਇਹਨਾਂ ਬਾਰੇ ਵੀ ਸਾਰੇ ਨਾਗਰਿਕਾਂ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ। ਉਹਨਾਂ ਦੱਸਿਆ ਕਿ ਉਪਰੋਕਤ ਦੱਸੇ ਕਾਰਨਾਂ ਕਰਕੇ ਵਿਦਿਆਰਥੀਆਂ ਨੂੰ ਸਾਰੇ ਸਕੂਲਾਂ ਵਿੱਚ ਭਾਰਤੀ ਸੰਵਿਧਾਨ ਨੂੰ ਪੜ੍ਹਾਉਣਾ ਬਹੁਤ ਜਰੂਰੀ ਹੈ।
ਉਹਨਾਂ ਕਿਹਾ ਕਿ ਜੇਕਰ ਕੋਈ ਵੀ ਸਕੂਲ ਭਾਰਤੀ ਸੰਵਿਧਾਨ ਨੂੰ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਉਣ ਦੀ ਅਣਗਹਿਲੀ ਕਰੇ ਤਾਂ ਉਸ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦਾ ਪ੍ਰਬੰਧ ਹੋਣਾ ਚਾਹੀਦੀ ਹੈ। ਉਹਨਾਂ ਮੰਗ ਕੀਤੀ ਕਿ ਪੰਜਾਬ ਦੇ ਸਮੂਹ ਸਕੂਲਾਂ/ ਕਾਲਜਾਂ ਵਿੱਚ ਪੜ੍ਹਦੇ ਸਾਰੇ ਵਿਦਿਆਰਥੀਆਂ ਨੂੰ ਲਾਜ਼ਮੀ ਵਿਸ਼ੇ ਵਜੋ ਭਾਰਤੀ ਸੰਵਿਧਾਨ ਨੂੰ ਪੜਾਉਣ ਦੀ ਜਲਦੀ ਹੀ ਨੀਤੀ ਬਣਾਈ ਜਾਵੇ। ਇਸ ਮੌਕੇ ਹੋਰਨਾਂ ਤੋ ਇਲਾਵਾ ਤਜਿੰਦਰ ਸਿੰਘ ਬੱਬੂ, ਅਮਰੀਕ ਸਿੰਘ ਰਾਜੂ, ਅਰੁਣ ਕੁਮਾਰ, ਸਤੀਸ਼ ਕੁਮਾਰ ਆਦਿ ਹਾਜ਼ਰ ਸਨ।

