ਹੁਸ਼ਿਆਰਪੁਰ 28 ਨਵੰਬਰ (ਤਰਸੇਮ ਦੀਵਾਨਾ )- ਬੀਤੇ ਦਿਨੀ ਜਲੰਧਰ ਵਿੱਚ 13 ਸਾਲ ਦੀ ਨਾਬਾਲਿਗ ਲੜਕੀ ਨਾਲ ਜਬਰ-ਜਨਾਹ ਕਰਨ ਤੋ ਬਾਦ ਕਤਲ ਕਰਨ ਵਾਲੇ ਦਰਿੰਦੇ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਣਾ ਚਾਹੀਦਾ। ਇਹਨਾ ਗੱਲਾ ਦਾ ਪ੍ਰਗਟਾਵਾ “ਹਿਜ਼ ਐਕਸੀਲੇੰਟ ਐਡ ਕੋਚਿੰਗ ਸੈਂਟਰ” ਅਤੇ ਸੇਂਟ ਕਬੀਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚੱਗਰਾ ਦੇ ਐਮ ਡੀ ਡਾ. ਆਸ਼ੀਸ਼ ਸਰੀਨ ਨੇ ਸਾਡੇ ਪੱਤਰਕਾਰ ਨਾਲ ਇੱਕ ਪ੍ਰੈਸ ਵਾਰਤਾ ਦੌਰਾਨ ਕੀਤਾ । ਉਹਨਾਂ ਕਿਹਾ ਕਿ ਇਹ ਘਟਨਾ ਹਰੇਕ ਇਨਸਾਨ ਦੇ ਦਿਲ ਨੂੰ ਦਹਿਲਾ ਦੇਣ ਵਾਲੀ ਅਤੇ ਮਨੁੱਖਤਾ ਨੂੰ ਸ਼ਰਮਸ਼ਾਰ ਕਰਨ ਵਾਲੀ ਘਟਨਾ ਹੈ । ਉਹਨਾਂ ਕਿਹਾ ਕਿ ਅਜਿਹੇ ਘਿਨਾਉਣੇ ਅਪਰਾਧ ਦੇ ਬਾਵਜੂਦ ਕੁੱਝ ਪੁਲਿਸ ਮੁਲਾਜਮਾਂ ਵਲੋਂ ਲਾਪਰਵਾਹੀ ਨਾਲ ਡਿਊਟੀ ਕਰਨਾ ਹੋਰ ਵੀ ਮੰਦਭਾਗੀ ਗੱਲ ਹੈ।
ਉਹਨਾਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਅਪੀਲ ਕੀਤੀ ਕਿ ਕਿ ਇਸ ਮਾਮਲੇ ਵਿੱਚ ਲਾਪਰਵਾਹੀ ਵਰਤਣ ਵਾਲੇ ਸਾਰੇ ਜਿੰਮੇਵਾਰ ਪੁਲਿਸ ਮੁਲਾਜਮਾ ਅਤੇ ਅਧਿਕਾਰੀਆਂ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ ! ਉਹਨਾਂ ਪੀੜ੍ਹਤ ਪਰਿਵਾਰ ਦੇ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਦੋਸ਼ੀ ਦੇ ਨਾਲ ਰਹਿਮ ਜਾਂ ਨਰਮੀ ਦਿਖਾਉਣਾ ਮਾਸੂਮ ਮ੍ਰਿਤਕ ਲੜਕੀ ਅਤੇ ਉਸਦੇ ਪਰਿਵਾਰ ਨਾਲ ਬਹੁਤ ਵੱਡੀ ਬੇਇਨਸਾਫ਼ੀ ਹੋਵੇਗੀ ਇਸ ਲਈ ਇਸ ਕਥਿਤ ਦੋਸ਼ੀ ਦਾ ਕੇਸ ਫਾਸਟ ਟਰੈਕ ਕੋਰਟ ਵਿੱਚ ਚਲਾ ਕੇ ਉਕਤ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਜਾਣੀ ਚਾਹੀਦੀ ਹੈ ਤਾਂ ਜੋ ਭਵਿੱਖ ਵਿਚ ਕੋਈ ਵੀ ਵਿਅਕਤੀ ਅਜਿਹੀ ਘਿਨਾਉਣੀ ਹਰਕਤ ਕਰਨ ਬਾਰੇ ਨਾ ਸੋਚ ਸਕੇ।
ਉਹਨਾਂ ਕਿਹਾ ਕਿ ਪੰਜਾਬ ਦੇ ਇਨਸਾਫ ਪਸੰਦ ਲੋਕ ਦੁੱਖ ਦੀ ਇਸ ਘੜੀ ਵਿੱਚ ਪੀੜ੍ਹਤ ਪਰਿਵਾਰ ਦੇ ਨਾਲ ਡੱਟ ਕੇ ਖੜੇ ਹਨ। ਇਸ ਦੌਰਾਨ ਉਹਨਾਂ ਨੇ ਆਮ ਲੋਕਾਂ ਨੂੰ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਜਾਗਰੂਕ ਹੋਣ ਅਤੇ ਆਪਣੇ ਬੱਚਿਆਂ ਦੇ ਪ੍ਰਤੀ ਬਿਲਕੁਲ ਵੀ ਲਾਪਰਵਾਹੀ ਨਾ ਵਰਤਣ ਦੀ ਅਪੀਲ ਵੀ ਕੀਤੀ। ਨਾਲ ਹੀ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਜਾਂਚ ਵਿਚ ਕੋਈ ਢਿੱਲ ਨਾ ਵਰਤੀ ਜਾਵੇ ਤਾਂ ਜੋ ਪੀੜਤ ਪਰਿਵਾਰ ਨੂੰ ਜਲਦੀ ਨਿਆਂ ਦੁਆਇਆ ਜਾ ਸਕੇ।

