ਨੂਰਮਹਿਲ ਜਲੰਧਰ 16 ਨਵੰਬਰ (ਜਸਵਿੰਦਰ ਸਿੰਘ ਆਜ਼ਾਦ)- ਕਿਸਾਨਾਂ ਨੂੰ ਹਾੜ੍ਹੀ 2025-26 ਦੀਆਂ ਫਸਲਾਂ ਸਬੰਧੀ ਅਤੇ ਝੋਨੇ ਦੀ ਪਰਾਲੀ ਦਾ ਸੁਚੱਜਾ ਪ੍ਰਬੰਧ ਕਰਨ ਵਾਸਤੇ ਤਕਨੀਕੀ ਜਾਣਕਾਰੀ ਦੇਣ ਲਈ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਆਤਮਾ ਸਕੀਮ ਅਧੀਨ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ।
ਇਸ ਕਿਸਾਨ ਮੇਲੇ ਵਿੱਚ ਹਲਕਾ ਨਕੋਦਰ ਤੋਂ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵੱਖ-ਵੱਖ ਸਰਕਾਰੀ ਸਕੀਮਾਂ ਦਾ ਲਾਭ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਵਿਭਾਗਾਂ ਤੱਕ ਪਹੁੰਚ ਨੂੰ ਆਸਾਨ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਖੇਤੀ ਦੇ ਧੰਦੇ ਨੂੰ ਲਾਹੇਵੰਦ ਬਣਾਉਣ ਲਈ ਖੇਤੀਬਾੜੀ ਵਿਭਾਗ ਦੇ ਮਾਹਰਾਂ ਵੱਲੋਂ ਸਿਫਾਰਿਸ਼ ਕੀਤੇ ਬੀਜ, ਖਾਦ ਅਤੇ ਦਵਾਈਆਂ ਦੀ ਹੀ ਵਰਤੋਂ ਕੀਤੀ ਜਾਵੇ। ਉਨ੍ਹਾਂ ਕਿਸਾਨਾਂ ਨੂੰ ਵਾਤਾਵਰਣ ਦੀ ਸੰਭਾਲ ਲਈ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਸਰਕਾਰ ਵੱਲੋਂ ਸਬਸਿਡੀ ’ਤੇ ਮੁਹੱਈਆ ਕਰਵਾਈ ਜਾਂਦੀ ਖੇਤੀ ਮਸ਼ੀਨਰੀ ਨਾਲ ਇਸ ਦਾ ਸੁਚੱਜਾ ਪ੍ਰਬੰਧਨ ਕਰਨ ਦੀ ਅਪੀਲ ਕੀਤੀ। ਇਸ ਦੌਰਾਨ ਉਨ੍ਹਾਂ ਖੇਤੀਬਾੜੀ ਵਿਭਾਗ ਅਤੇ ਸਹਿਯੋਗੀ ਵਿਭਾਗਾਂ ਤੇ ਸੈਲਫ ਹੈਲਪ ਗਰੁੱਪਾਂ ਵੱਲੋਂ ਲਗਾਈਆਂ ਗਈਆਂ ਪ੍ਰਦਰਸ਼ਨੀਆਂ ਵੀ ਦੇਖੀਆਂ।
ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਨਵਦੀਪ ਕੌਰ ਨੇ ਸੰਬੋਧਨ ਕਰਦਿਆਂ ਕਿਸਾਨਾਂ ਨੂੰ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਫ਼ਸਲਾਂ ਦੀ ਰਹਿੰਦ-ਖੂਹੰਦ ਦਾ ਸੁਚੱਜਾ ਪ੍ਰਬੰਧਨ ਕਰਨ ਲਈ ਪ੍ਰੇਰਿਤ ਕੀਤਾ।
ਕਿਸਾਨ ਆਪਣੀ ਕਿਸਾਨੀ ਨਾਲ ਸਬੰਧਿਤ ਸ਼ਿਕਾਇਤ ਇਸ ਪੋਰਟਲ ’ਤੇ ਦਰਜ ਕਰ ਸਕਦੇ ਹਨ
ਮੁੱਖ ਮੰਤਰੀ ਫੀਲਡ ਅਫਸਰ ਨਵਦੀਪ ਸਿੰਘ ਨੇ ਪੀ.ਜੀ.ਆਰ.ਐੱਸ ਪੋਰਟਲ ਸਬੰਧੀ ਜਾਣਕਾਰੀ ਦਿੰਦਿਆ ਕਿਹਾ ਕਿ ਕਿਸਾਨ ਆਪਣੀ ਕਿਸਾਨੀ ਨਾਲ ਸਬੰਧਿਤ ਸ਼ਿਕਾਇਤ ਇਸ ਪੋਰਟਲ ’ਤੇ ਦਰਜ ਕਰ ਸਕਦੇ ਹਨ, ਜਿਸ ਦਾ ਵੱਖ-ਵੱਖ ਵਿਭਾਗਾਂ ਵੱਲੋਂ ਨਿਪਟਾਰਾ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮਿਆਰੀ ਕਿਸਮ ਦੇ ਬੀਜ, ਖਾਦਾਂ, ਕੀੜੇਮਾਰ, ਦਵਾਈਆਂ ਮੁਹਈਆ ਕਰਵਾਉਣ ਲਈ ਵਿਭਾਗ ਵੱਲੋਂ ਬਿੱਲ ਚੈਕਿੰਗ ਮੁਹਿੰਮ ਚਲਾਈ ਜਾਵੇਗੀ। ਉਨ੍ਹਾਂ ਸੀ.ਆਰ.ਐਮ ਸਕੀਮ ਅਤੇ ਸਮੈਮ ਸਕੀਮ ਤਹਿਤ ਸਾਲ 2025-26 ਦੌਰਾਨ ਖੇਤੀ ਮਸ਼ੀਨਰੀ ’ਤੇ ਕਿਸਾਨਾਂ ਨੂੰ ਮੁਹੱਈਆ ਕਰਵਾਈ ਸਬਸਿਡੀ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਕ੍ਰਿਸ਼ੀ ਵਿਗਿਆਨ ਕੇਂਦਰ ਨੂਰਮਹਿਲ ਤੋਂ ਪਹੁੰਚੇ ਮਾਹਰਾਂ ਵੱਲੋਂ ਸਾਉਣੀ ਦੀਆਂ ਫਸਲਾਂ ਦੀ ਕਾਸ਼ਤ, ਕੀੜੇ-ਮਕੌੜੇ ਅਤੇ ਬਿਮਾਰੀਆਂ ਬਾਰੇ ਤਕਨੀਕੀ ਜਾਣਕਾਰੀ ਦਿੱਤੀ ਗਈ।
ਇਸ ਜ਼ਿਲ੍ਹਾ ਪੱਧਰੀ ਕਿਸਾਨ ਸਿਖ਼ਲਾਈ ਕੈਂਪ ਵਿੱਚ ਖੇਤੀ, ਬਾਗਬਾਨੀ, ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਵੱਖ-ਵੱਖ ਬਲਾਕਾਂ ਤੋਂ 1500 ਤੋਂ ਵੱਧ ਕਿਸਾਨਾਂ ਨੇ ਹਿੱਸਾ ਲਿਆ। ਕੈਂਪ ਦੌਰਾਨ ਕਿਸਾਨਾਂ ਵੱਲੋਂ ਆਪਣੀਆਂ ਉਪਜਾਂ ਦੇ ਸਟਾਲ ਵੀ ਲਗਾਏ ਗਏ। ਇਸ ਤੋਂ ਇਲਾਵਾ ਖੇਤੀ ਮਸ਼ੀਨਰੀ ਦੀ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸ ਵਿੱਚ ਕਿਸਾਨਾਂ ਨੂੰ ਖੇਤੀ ਮਸ਼ੀਨਾਂ ਸਬੰਧੀ ਤਕਨੀਕੀ ਜਾਣਕਾਰੀ ਮੁਹੱਈਆ ਕਰਵਾਈ ਗਈ।
ਇਸ ਪ੍ਰਦਰਸ਼ਨੀ ਵਿੱਚ ਡਾ. ਨਰਿੰਦਰ ਕਲਸੀ ਡਿਪਟੀ ਡਾਇਰੈਕਟਰ ਬਾਗਬਾਨੀ, ਡਾ.ਸੰਜੀਵ ਕਟਾਰੀਆ ਡਿਪਟੀ ਡਾਇਰੈਕਟਰ (ਸਿਖਲਾਈ) ਕੇ.ਵੀ.ਕੇ., ਡਾ.ਸੁਖਚੈਨ ਸਿੰਘ ਜ਼ਿਲ੍ਹਾ ਸਿਖ਼ਲਾਈ ਅਫ਼ਸਰ ਡਾ.ਮਨਧੀਰ ਸਿੰਘ ਪ੍ਰਾਜੈਕਟ ਅਫ਼ਸਰ (ਗੰਨਾ) ਡਾ.ਸੁਰਜੀਤ ਸਿੰਘ (ਏ.ਪੀ.ਪੀ.ਓ), ਡਾ.ਜਸਬੀਰ ਸਿੰਘ ਖੇਤੀਬਾੜੀ ਅਫ਼ਸਰ (ਸਦਰ ਮੁਕਾਮ) ਨੇ ਵੀ ਕਿਸਾਨਾਂ ਨੂੰ ਖੇਤੀ ਸਬੰਧੀ ਯੋਗ ਸੁਝਾਅ ਦਿੱਤੇ।

