ਹੁਸ਼ਿਆਰਪੁਰ 16 ਨਵੰਬਰ ( ਤਰਸੇਮ ਦੀਵਾਨਾ ) – ਪੰਜਾਬ ਯੂਨੀਵਰਸਿਟੀ ਨੂੰ ਖਤਮ ਕਰਨ ਦੀਆਂ ਕੇਂਦਰ ਸਰਕਾਰ ਵਲੋਂ ਰਚੀਆਂ ਜਾ ਰਹੀਆਂ ਸਾਜਿਸ਼ਾਂ ਕਦੇ ਸਫਲ ਨਹੀਂ ਹੋਣਗੀਆਂ। ਇਹ ਗੱਲਾ ਦਾ ਪ੍ਰਗਟਾਵਾ ਉੱਘੇ ਸਮਾਜ ਸੇਵਕ ਭੁਪਿੰਦਰ ਸਿੰਘ ਪਿੰਕੀ ਨੇ ਪੀ.ਯੂ. ਚੰਡੀਗੜ੍ਹ ਦੇ ਚੱਲ ਰਹੇ ਵਿਵਾਦ ਨੂੰ ਲੈ ਕੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਇੱਕ ਪ੍ਰੈਸ ਵਾਰਤਾ ਦੌਰਾਨ ਕੀਤਾ । ਉਹਨਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਸੂਬੇ ਦੀ ਮਾਣਵੱਤੀ ਵਿਰਾਸਤ ਹੈ। ਇਸ ਦੇ ਵਜੂਦ ਨੂੰ ਖਤਮ ਕਰਨ ਲਈ ਕੇਂਦਰੀ ਸੱਤਾ ਵੱਲੋਂ ਜੋ ਸਾਜ਼ਿਸ਼ਾਂ ਰਜੀਆਂ ਜਾ ਰਹੀਆਂ ਹਨ, ਇਸ ਨੂੰ ਪੰਜਾਬੀ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੇ। ਉਹਨਾਂ ਨੇ ਕਿਹਾ ਕਿ ਕੇਂਦਰੀ ਸੱਤਾ ਇਸ ਯੂਨੀਵਰਸਿਟੀ ਨੂੰ ਭਗਵਾਂ ਰੰਗ ਦੇਣਾ ਚਾਹੁੰਦੀ ਹੈ, ਜੋ ਕਿ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਹਨਾਂ ਕਿਹਾ ਕਿ ਅਸਲ ਵਿੱਚ ਕੇਂਦਰੀ ਸੱਤਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਸਾਬੋਤਾਜ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਨੀਆ ਦੀ ਇੱਕੋ ਇੱਕ ਸੰਸਥਾ ਹੈ, ਜਿੱਥੇ ਲੋਕਤੰਤਰਿਕ ਤਰੀਕੇ ਨਾਲ ਸੈਨੇਟ ਦੀ ਚੋਣ ਹੁੰਦੀ ਹੈ, ਜੋ ਯੂਨੀਵਰਸਿਟੀ ਦੇ ਸਮੁੱਚੇ ਪ੍ਰਬੰਧਾਂ ਨੂੰ ਦੇਖਦੀ ਹੈ। ਉਨ੍ਹਾਂ ਕਿਹਾ ਕਿ ਜੇ ਯੂਨੀਵਰਸਿਟੀ ਦਾ ਕੇਂਦਰੀਕਰਨ ਹੋ ਗਿਆ ਤਾਂ ਇਹ ਆਮ ਬੱਚਿਆਂ ਦੀ ਪਹੁੰਚ ਤੋਂ ਦੂਰ ਹੋ ਜਾਵੇਗੀ।
ਉਹਨਾਂ ਕਿਹਾ ਕਿ ਇਸ ਵਕਤ ਯੂਨੀਵਰਸਿਟੀ ਵਿੱਚ ਸਮੁੱਚੇ ਪੰਜਾਬ ਅਤੇ ਨੇੜਲੇ ਸੂਬਿਆਂ ਵਿੱਚੋਂ ਵਿਦਿਆਰਥੀ ਬਹੁਤ ਘੱਟ ਫੀਸਾਂ ਦੇ ਕੇ ਮਿਆਰੀ ਸਿੱਖਿਆ ਹਾਸਲ ਕਰ ਰਹੇ ਹਨ। ਉਹਨਾਂ ਕੇਂਦਰ ਸਰਕਾਰ ਨੂੰ ਤਾੜਨਾ ਕੀਤੀ ਕਿ ਪੰਜਾਬ ਦੇ ਖਿਲਾਫ ਵੈਰ ਭਾਵਨਾ ਨਾਲ ਕੋਈ ਅਜਿਹਾ ਕੰਮ ਨਾ ਕੀਤਾ ਜਾਵੇ, ਜਿਸ ਨਾਲ ਇੱਥੋਂ ਦੇ ਲੋਕਾਂ ‘ਚ ਰੋਸ ਅਤੇ ਗੁੱਸੇ ਦੀ ਲਹਿਰ ਪੈਦਾ ਹੋਵੇ।

