ਹੁਸ਼ਿਆਰਪੁਰ 26 ਅਕਤੂਬਰ (ਤਰਸੇਮ ਦੀਵਾਨਾ)- ਨਵੀਂ ਪੀੜੀ ਦੇਸ਼ ਨੂੰ ਕੁਰੀਤੀਆਂ ਤੋਂ ਆਜ਼ਾਦ ਕਰਵਾਉਣ ਦੇ ਯਤਨ ਕਰੇ। ਇਹ ਵਿਚਾਰ ਇੰਡੀਆ ਬੁੱਕ ਆਫ ਰਿਕਾਰਡਸ ਵਿੱਚ ਦਰਜ ਪੰਜਾਬੀ ਦੇ ਇੱਕੋ ਇੱਕ ਬਾਲ ਰਸਾਲੇ ਨਿੱਕੀਆਂ ਕਰੂੰਬਲਾਂ ਦੇ ਸੰਪਾਦਕ ਅਤੇ ਸ਼੍ਰੋਮਣੀ ਸਾਹਿਤਕਾਰ ਬਲਜਿੰਦਰ ਮਾਨ ਨੇ ਸਕੂਲ ਆਫ ਐਮੀਨੈਂਸ ਖੁਆਸਪੁਰ ਹੀਰਾਂ ਵਿਖੇ ਐਨਐਸਐਸ ਵਲੰਟੀਅਰਾਂ ਨੂੰ ਸੰਬੋਧਨ ਕਰਦਿਆਂ ਆਖੇ। ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਨੂੰ ਆਜ਼ਾਦ ਹੋਇਆ ਸੱਤ ਅੱਠ ਦਹਾਕੇ ਬੀਤ ਚੁੱਕੇ ਨੇ ਪਰ ਦੇਸ਼ ਵਿੱਚ ਅਜ ਵੀ ਗਰੀਬੀ, ਬੇਕਾਰੀ, ਭੁੱਖਮਰੀ, ਜਾਤ ਪਾਤ ਅਤੇ ਮਜ਼੍ਹਬੀ ਕੱਟੜਤਾ ਦਾ ਬੋਲ ਬਾਲਾ ਹੈ। ਇਥੋਂ ਇਹ ਸਿੱਧ ਹੁੰਦਾ ਹੈ ਕਿ ਸਾਨੂੰ ਸਭ ਨੂੰ ਇੱਕਜੁਟ ਹੋ ਕੇ ਇੱਕ ਹੋਰ ਆਜ਼ਾਦੀ ਦੀ ਜੰਗ ਲੜਨੀ ਪੈਣੀ ਹੈ ਜਿਸ ਵਿੱਚ ਨਵੀਂ ਪੀਊੜੀ ਵਿਸ਼ੇਸ਼ ਭੂਮਿਕਾ ਅਦਾ ਕਰ ਸਕਦੀ ਹੈ।
ਉਨ੍ਹਾਂ ਵਲੰਟੀਅਰਜ਼ ਨੂੰ ਕਿਹਾ ਕਿ ਐਨਐਸਐਸ ਦੇ ਮੈਂਬਰ ਬਣ ਕੇ ਤੁਸੀਂ ਦੇਸ਼ ਕੌਮ ਦੇ ਨਵ ਨਿਰਮਾਣ ਵਿੱਚ ਅਹਿਮ ਯੋਗਦਾਨ ਪਾ ਸਕਦੇ ਹੋ। ਦੇਸ਼ ਵਿੱਚ ਵਰਤ ਰਹੇ ਵਰਤਾਰਿਆਂ ਨੂੰ ਮੋੜਾ ਦੇਣ ਦੀ ਸਮਰੱਥਾ ਨਵੀਂ ਪਨੀਰੀ ਦੇ ਹੱਥ ਵਿੱਚ ਹੈ। ਇਸ ਲਈ ਉਨ੍ਹਾਂ ਨੂੰ ਆਪਣੇ ਅੰਦਰ ਦ੍ਰਿੜ ਨਿਸ਼ਚਾ,ਮਿਹਨਤ, ਲਗਨ, ਕਿਰਤ, ਸਾਂਝੀਵਾਲਤਾ, ਸਮਤਾ, ਇਮਾਨਦਾਰੀ ਅਤੇ ਹਿੰਮਤ ਵਰਗੇ ਗੁਣ ਭਰਨੇ ਪੈਣਗੇ। ਇਹਨਾਂ ਗੁਣਾਂ ਸਦਕਾ ਹੀ ਉਹ ਇੱਕ ਉਦਾਹਰਨ ਬਣ ਕੇ ਦੇਸ਼ ਨੂੰ ਨਵੀਆਂ ਲੀਹਾਂ ਪ੍ਰਦਾਨ ਕਰ ਸਕਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਨਰੋਈਆਂ ਪੁਸਤਕਾਂ ਪੜ੍ਹਨ, ਚੰਗੀ ਸੰਗਤ, ਸਹਿਣਸ਼ੀਲ, ਆਗਿਆਕਾਰੀ ਅਤੇ ਮਿੱਠੀ ਬੋਲ- ਬਾਣੀ ਦੇ ਧਾਰਨੀ ਬਣਨ ਲਈ ਵੀ ਪ੍ਰੇਰਿਤ ਕੀਤਾ।
ਵਿਦਿਆਰਥੀਆਂ ਨੂੰ ਮੈਗਜ਼ੀਨ ਦੀਆਂ ਕਾਪੀਆਂ ਵੱਡੀਆਂ ਗਈਆਂ
ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਵੱਲੋਂ ਬੈਸਟ ਵਲੰਟੀਅਰ ਵੰਸ਼ਿਕਾ ,ਅਮਿਤ ਕੁਮਾਰ, ਕੋਮਲ, ਰਾਜਵੀਰ ਸਿੰਘ ਅਤੇ ਗੌਤਮ ਨੂੰ ਪੁਸਤਕਾਂ ਦੇ ਸੈਟਾਂ ਨਾਲ ਨਿਵਾਜਿਆ। ਇਸੇ ਤਰ੍ਹਾਂ ਸਕੂਲ ਲਾਇਬ੍ਰੇਰੀ ਵਾਸਤੇ ਪੁਸਤਕਾਂ ਦਾ ਸੈੱਟ ਪ੍ਰਿੰਸੀਪਲ ਰਮਨਦੀਪ ਕੌਰ ਨੂੰ ਪ੍ਰਦਾਨ ਕੀਤਾ ਗਿਆ ਅਤੇ ਵਿਦਿਆਰਥੀਆਂ ਨੂੰ ਮੈਗਜ਼ੀਨ ਦੀਆਂ ਕਾਪੀਆਂ ਵੱਡੀਆਂ ਗਈਆਂ। ਬੈਸਟ ਟੀਮ ਸਪਿਰਟ ਦਾ ਅਵਾਰਡ ਰੈਡ ਗਰੁੱਪ ਨੂੰ ਅਤੇ ਬੈਸਟ ਸਪੀਕਰ ਦਾ ਇਨਾਮ ਮਨਦੀਪ ਸਿੰਘ ਅਤੇ ਸ਼ਿਫਾ ਨੂੰ ਮਿਲਿਆ।ਇਸ ਮੌਕੇ ਐਨਐਸਐਸ ਕੈਂਪ ਦੌਰਾਨ ਵਧੀਆ ਕਾਰਜ ਕਰਨ ਵਾਲੇ ਵਲੰਟੀਅਰਸ ਨੂੰ ਸਰਟੀਫਿਕੇਟ ਵੀ ਵੰਡੇ ਗਏ।
ਇਸ ਮੌਕੇ ਐਨਐਸਐਸ ਦੀ ਪ੍ਰੋਗਰਾਮ ਅਫ਼ਸਰ ਸੁਖਜੀਤ ਕੌਰ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਉਹਨਾਂ ਲਈ ਅੱਜ ਬਹੁਤ ਮਾਣ ਵਾਲੀ ਗੱਲ ਹੈ ਕਿ ਐਨਐਸਐਸ ਵਲੰਟੀਅਰ ਵਜੋਂ ਆਪਣੇ ਜੀਵਨ ਦੀ ਸ਼ੁਰੂਆਤ ਕਰਨ ਵਾਲੇ ਉੱਘੇ ਦੇਸ਼ ਪ੍ਰੇਮੀ, ਲੇਖਕ, ਸੰਪਾਦਕ ਅਤੇ ਪੱਤਰਕਾਰ ਵਿਦਿਆਰਥੀਆਂ ਦੇ ਰੂਬਰੂ ਹੋ ਰਹੇ ਹਨ। ਸਾਨੂੰ ਉਨ੍ਹਾਂ ਦੇ ਤਜਰਬਿਆਂ ਤੋਂ ਸਿੱਖਿਆ ਲੈ ਕੇ ਸਮਾਜ ਵਿਚ ਸਨਮਾਨਯੋਗ ਸਥਾਨ ਪ੍ਰਾਪਤ ਕਰਨਾ ਚਾਹੀਦਾ ਹੈ। ਪ੍ਰਿੰਸੀਪਲ ਰਮਨਦੀਪ ਕੌਰ ਨੇ ਬਲਜਿੰਦਰ ਮਾਨ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੀਆਂ ਸ਼ਖਸ਼ੀਅਤਾਂ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਪ੍ਰੇਰਨਾ ਦਾ ਸਰੋਤ ਹਨ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਸਿੱਖਿਆ, ਸਾਹਿਤ, ਕਲਾ, ਸੱਭਿਆਚਾਰ, ਖੇਡਾਂ ਅਤੇ ਸਮਾਜ ਸੇਵਾ ਦੇ ਲੇਖੇ ਲਾਇਆ ਹੈ।
ਇਸ ਮੌਕੇ ਜ਼ਿਲ੍ਹਾ ਕੋਆਰਡੀਨੇਟਰ ਸਿੱਖਿਆ ਵਿਭਾਗ ਯੋਧਾ ਮੱਲ ਅਤੇ ਕਾਰਪੋਰੇਸ਼ਨ ਸਵੱਛਤਾ ਅਧਿਕਾਰੀ ਮੈਡਮ ਮੀਨਾ ਕੁਮਾਰੀ ਉਚੇਚੇ ਤੌਰ ਤੇ ਹਾਜ਼ਰ ਹੋਏ। ਵਲੰਟੀਅਰ ਸਨਮਾਨ ਸਮਾਰੋਹ ਦੇ ਪ੍ਰਬੰਧਾਂ ਨੂੰ ਸ਼ਾਨਦਾਰ ਢੰਗ ਨਾਲ ਸੰਚਾਲਿਤ ਕਰਨ ਵਿੱਚ ਲੈਕਚਰਾਰ ਸਟਾਫ ਮੈਂਬਰ ਕੁਲਵੀਰ ਕੌਰ, ਪ੍ਰੀਤੀ ਸੋਨੀ, ਮੀਨਾਕਸ਼ੀ, ਸਰੀਤਾ, ਹਰਜਿੰਦਰ ਸਿੰਘ, ਅਮਨਦੀਪ ਕੌਰ, ਸੰਦੀਪ ਕੌਰ, ਰਾਜਵਿੰਦਰ ਕੌਰ ਆਦਿ ਨੇ ਭੂਮਕਾ ਅਦਾ ਕੀਤੀ। ਸਭ ਦਾ ਧੰਨਵਾਦ ਕਰਦਿਆਂ ਐਨਐਸਐਸ ਯੂਨਿਟ ਦੀ ਪ੍ਰੋਗਰਾਮ ਅਫ਼ਸਰ ਸੁਖਜੀਤ ਕੌਰ ਨੇ ਕਿਹਾ ਕਿ ਸਾਨੂੰ ਸਭ ਨੂੰ ਆਪੋ ਆਪਣੀ ਜ਼ਿਮੇਵਾਰੀ ਬਾਖ਼ੂਬੀ ਨਿਭਾਉਣੀ ਚਾਹੀਦੀ ਹੈ।

