Breaking
Tue. Sep 30th, 2025

ਡੀ.ਜੀ.ਪੀ. ਵੱਲੋਂ ਜਲੰਧਰ ’ਚ ਇੰਟੈਲੀਜੈਂਟ ਟ੍ਰੈਫਿਕ ਮੈਨੇਜਮੈਂਟ ਸਿਸਟਮ ਦੇ ਪਹਿਲੇ ਪੜਾਅ ਦੀ ਸ਼ੁਰੂਆਤ

ਟ੍ਰੈਫਿਕ ਮੈਨੇਜਮੈਂਟ ਸਿਸਟਮ

42 ਕਰੋੜ ਦੀ ਲਾਗਤ ਵਾਲਾ ਪ੍ਰਾਜੈਕਟ ਆਵਾਜਾਈ ਨੂੰ ਸੁਚਾਰੂ ਬਣਾਉਣ ਦੇ ਨਾਲ-ਨਾਲ ਸੁਰੱਖਿਆ ਤੇ ਕਾਨੂੰਨ ਵਿਵਸਥਾ ਨੂੰ ਹੋਰ ਮਜ਼ਬੂਤ ਬਣਾਏਗਾ : ਡੀ.ਜੀ.ਪੀ. ਗੌਰਵ ਯਾਦਵ

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਸੂਬੇ ’ਚੋਂ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਦੀ ਪੰਜਾਬ ਪੁਲਿਸ ਦੀ ਵਚਨਬੱਧਤਾ ਵੀ ਦੁਹਰਾਈ

ਕਿਹਾ, ਪੁਲਿਸ ਨੇ ਇੱਕ ਸਾਲ ’ਚ ਪਾਕਿ-ਆਈ.ਐਸ.ਆਈ. ਸਮਰਥਿਤ ਅਨਸਰਾਂ ਰਾਹੀਂ ਸੂਬੇ ’ਚ ਸ਼ਾਂਤੀ ਤੇ ਸਦਭਾਵਨਾ ਭੰਗ ਕਰਨ ਦੀਆਂ 26 ਤੋਂ ਵੱਧ ਕੋਸ਼ਿਸ਼ਾਂ ਕੀਤੀਆਂ ਨਾਕਾਮ

ਤਿਉਹਾਰਾਂ ਦੇ ਮੱਦੇਨਜ਼ਰ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਲਈ ਪੁਲਿਸ ਵੱਲੋਂ ਕੇਂਦਰੀ ਬਲਾਂ ਦੀਆਂ 57 ਵਾਧੂ ਕੰਪਨੀਆਂ ਕੀਤੀਆਂ ਜਾਣਗੀਆਂ ਤਾਇਨਾਤ

ਜਲੰਧਰ 29 ਸਤੰਬਰ (ਜਸਵਿੰਦਰ ਸਿੰਘ ਆਜ਼ਾਦ)- ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਗੌਰਵ ਯਾਦਵ ਵਲੋਂ ਸੋਮਵਾਰ ਨੂੰ ਜਲੰਧਰ ਵਿਖੇ ਇੰਟੈਲੀਜੈਂਟ ਟ੍ਰੈਫਿਕ ਮੈਨੇਜਮੈਂਟ ਸਿਸਟਮ (ਆਈ.ਟੀ.ਐਮ.ਐਸ.) ਦੇ ਪਹਿਲੇ ਪੜ੍ਹਾਅ ਦੀ ਸ਼ੁਰੂਆਤ ਕੀਤੀ ਗਈ, ਜੋ ਕਿ ਸ਼ਹਿਰ ਦੇ ਟ੍ਰੈਫਿਕ ਰੈਗੂਲੇਸ਼ਨ ਅਤੇ ਨਿਗਰਾਨੀ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਵੱਲ ਇਕ ਮਹੱਤਵਪੂਰਣ ਕਦਮ ਹੈ।

ਡੀ.ਜੀ.ਪੀ. ਨੇ ਕਿਹਾ ਕਿ ਐਸ.ਏ.ਐਸ. ਨਗਰ ਤੋਂ ਬਾਅਦ ਜਲੰਧਰ ਇਸ ਅਤਿ ਆਧੁਨਿਕ ਪ੍ਰਣਾਲੀ ਨੂੰ ਲਾਗੂ ਕਰਨ ਵਾਲਾ ਪੰਜਾਬ ਦਾ ਦੂਜਾ ਸ਼ਹਿਰ ਬਣ ਗਿਆ ਹੈ। ਇਸ ਮੌਕੇ ਉਨ੍ਹਾਂ ਨਾਲ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ, ਡਿਪਟੀ ਕਮਿਸ਼ਨਰ ਡਾ.ਹਿਮਾਂਸ਼ੂ ਅਗਰਵਾਲ ਅਤੇ ਕਮਿਸ਼ਨਰ ਨਗਰ ਨਿਗਮ ਸੰਦੀਪ ਰਿਸ਼ੀ ਵੀ ਮੌਜੂਦ ਸਨ।

42 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਸਿਟੀ ਸਰਵੇਲੈਂਸ ਤੇ ਟ੍ਰੈਫਿਕ ਮੈਨੇਮੈਂਟ ਸਿਸਟਮ ਦਾ ਪਹਿਲਾ ਪੜਾਅ ਪੁਲਿਸ ਲਾਈਨ ਵਿਖੇ ਸਥਿਤ ਇੰਟੇਗ੍ਰੇਟਿਡ ਕਮਾਂਡ ਅਤੇ ਕੰਟਰੋਲ ਸੈਂਟਰ (ਆਈ.ਸੀ.ਸੀ.ਸੀ.) ਨਾਲ ਜੋੜਿਆ ਗਿਆ ਹੈ। ਇਸ ਵਿੱਚ 13 ਮਹੱਤਵਪੂਰਣ ਜੰਕਸ਼ਨਾਂ ‘ਤੇ ਸਥਾਪਿਤ 142 ਹਾਈ-ਰੈਜ਼ੋਲਿਊਸ਼ਨ ਕੈਮਰਿਆਂ ਨੂੰ ਏਕੀਕ੍ਰਿਤ ਕੀਤਾ ਗਿਆ ਹੈ। ਇਸ ਸਿਸਟਮ ਵਿੱਚ 102 ਆਟੋਮੈਟਿਕ ਨੰਬਰ ਪਲੇਟ ਰਿਕੋਗਨੇਸ਼ਨ (ਏ.ਐਨ.ਪੀ.ਆਰ.) ਕੈਮਰੇ, 40 ਰੈੱਡ ਲਾਈਟ ਵਾਇਲੇਸ਼ਨ ਡਿਟੈਕਸ਼ਨ (ਆਰ.ਐਲ.ਵੀ.ਡੀ.) ਕੈਮਰੇ, 83 ਬੁਲੇਟ ਕੈਮਰੇ, ਚਾਰ ਪੀ.ਟੀ.ਜ਼ੈਡ ਕੈਮਰੇ, 30 ਵਿਜ਼ੂਅਲ ਮੈਸੇਜ ਡਿਸਪਲੇਅ ਸਕਰੀਨ ਅਤੇ ਦੋ ਸਪੀਡ ਵਾਇਲੇਸ਼ਨ ਡਿਟੈਕਸ਼ਨ ਸਾਈਟਾਂ ‘ਤੇ 16 ਕੈਮਰੇ ਸ਼ਾਮਲ ਹਨ।

1003 ਕੈਮਰਿਆਂ ਦੇ ਨਾਲ ਪਬਲਿਕ ਐਡਰੈੱਸ ਸਿਸਟਮ ਅਤੇ ਐਮਰਜੈਂਸੀ ਕਾਲ ਬਾਕਸ ਪ੍ਰਣਾਲੀ ਲਗਾਉਣ ਦੀ ਯੋਜਨਾ ਹੈ

ਸ਼ਹਿਰੀ ਵਿਆਪੀ ਨਿਗਰਾਨੀ ਯੋਜਨਾ ਤਹਿਤ 1003 ਕੈਮਰਿਆਂ ਦੇ ਨਾਲ ਪਬਲਿਕ ਐਡਰੈੱਸ ਸਿਸਟਮ ਅਤੇ ਐਮਰਜੈਂਸੀ ਕਾਲ ਬਾਕਸ ਪ੍ਰਣਾਲੀ ਲਗਾਉਣ ਦੀ ਯੋਜਨਾ ਹੈ। ਇਸ ਦੀ ਪ੍ਰਮੁੱਖ ਵਿਸ਼ੇਸ਼ਤਾ ਈ-ਚਲਾਨ ਪ੍ਰਣਾਲੀ ਹੈ, ਜੋ ਐਨ.ਆਈ.ਸੀਜ਼ ਦੇ ‘ਵਾਹਨ’ ਅਤੇ ਸਾਰਥੀ ਡਾਟਾਬੇਸਿਸ ਨਾਲ ਏਕੀਕ੍ਰਿਤ ਹੈ ਅਤੇ ਲਾਲ ਬੱਤੀ ਟੱਪਣ, ਓਵਰਸਪੀਡ ਅਤੇ ਗਲਤ ਸਾਈਡ ਤੋਂ ਡਰਾਈਵਿੰਗ ਕਰਨ ’ਤੇ ਸਵੈ ਚਲਿਤ ਚਲਾਨ ਕੱਟਣ ਦੇ ਸਮਰੱਥ ਹੈ।

ਪੰਜਾਬ ਸਰਕਾਰ ਦੀ ਕਾਨੂੰਨ ਤੇ ਵਿਵਸਥਾ ਨੂੰ ਬਣਾਈ ਰੱਖਣ ਦੀ ਵਚਨਬੱਧਤਾ ਦੁਹਰਾਉਂਦਿਆਂ ਡੀ.ਜੀ.ਪੀ. ਨੇ ਕਿਹਾ ਕਿ ਸਤੰਬਰ 2024 ਤੋਂ ਹੁਣ ਤੱਕ ਪੰਜਾਬ ਪੁਲਿਸ ਨੇ ਪਾਕਿਸਤਾਨ ਸਮਰਥਿਤ ਅਨਸਰਾਂ ਰਾਹੀਂ ਸੂਬੇ ਵਿੱਚ ਅਮਨ-ਸ਼ਾਂਤੀ ਭੰਗ ਕਰਨ ਦੀਆਂ 26 ਤੋਂ ਵੱਧ ਕੋਸ਼ਿਸ਼ਾਂ ਨੂੰ ਨਾਕਾਮ ਕੀਤਾ ਹੈ। ਉਨ੍ਹਾਂ ਕਿਹਾ ਕਿ ਤਿਉਹਾਰਾਂ ਦੇ ਮੱਦੇਨਜ਼ਰ ਸੂਬੇ ਵਿੱਚ ਸੁਰੱਖਿਆ ਯਕੀਨੀ ਬਣਾਉਣ ਲਈ ਪੰਜਾਬ ਲਈ ਕੇਂਦਰੀ ਸੁਰੱਖਿਆ ਬਲਾਂ ਦੀਆਂ 57 ਵਾਧੂ ਕੰਪਨੀਆਂ ਪ੍ਰਾਪਤ ਹੋਈਆਂ ਹਨ।

ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਨਤੀਜਿਆਂ ’ਤੇ ਚਾਨਣਾ ਪਾਉਂਦਿਆਂ ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਵਲੋਂ ਲਗਭਗ 20,000 ਐਫ.ਆਰ.ਆਈ ਦਰਜ ਕੀਤੀਆਂ ਗਈਆਂ ਹਨ। 31000 ਤੋਂ ਵੱਧ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਰਿਕਾਰਡ 87 ਫੀਸਦੀ ਸਜ਼ਾ ਦਰ ਹਾਸਲ ਕੀਤੀ ਹੈ, ਜੋ ਕਿ ਦੇਸ਼ ਦੀ ਸਭ ਤੋਂ ਵੱਧ ਦਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਦੇ ਨਾਲ-ਨਾਲ ਸੂਬੇ ਵਿਚੋਂ ਨਸ਼ਿਆਂ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਵਚਨਬੱਧ ਹੈ।

By admin

Related Post